Onnline TV

ਪੰਜਾਬ ਪੰਜਾਬੀ

ਮਈ-ਜੂਨ 2025 ‘ਚ ਹਰ ਪਿੰਡ ਅਤੇ ਵਾਰਡ ਤੱਕ ਪਹੁੰਚੇਗੀ ‘ਨਸ਼ਾ ਮੁਕਤੀ ਯਾਤਰਾ’

ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬਾ-ਪੱਧਰੀ ਨਸ਼ਾ ਵਿਰੋਧੀ ਜਾਗਰੂਕਤਾ ਅਤੇ ਕਾਰਵਾਈ ਮੁਹਿੰਮ ਲਈ ਪਿੰਡ ਅਤੇ ਵਾਰਡ ਸੁਰੱਖਿਆ ਕਮੇਟੀਆਂ ਨੂੰ ਮੋਬਾਈਲਾਈਜ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ

ਚੰਡੀਗੜ੍ਹ, 29 ਅਪ੍ਰੈਲ,

ਸੂਬੇ ਵਿੱਚ ਨਸ਼ਿਆਂ ਦੇ ਖ਼ਤਰੇ ‘ਤੇ ਅੰਤਿਮ ਅਤੇ ਨਿਰਣਾਇਕ ਵਾਰ ਕਰਨ ਦੀ ਤਿਆਰੀ ਵਜੋਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਸ਼ਾ ਵਿਰੋਧੀ ਜਾਗਰੂਕਤਾ ਅਤੇ ਕਾਰਵਾਈ ਮੁਹਿੰਮ ਦੇ ਤਹਿਤ ‘ਨਸ਼ਾ ਮੁਕਤੀ ਯਾਤਰਾ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਮੁਹਿੰਮ ਮਈ ਅਤੇ ਜੂਨ 2025 ਦੌਰਾਨ ਪੰਜਾਬ ਦੇ ਹਰ ਪਿੰਡ ਅਤੇ ਵਾਰਡ ਤੱਕ ਪਹੁੰਚੇਗੀ।

ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਇਹ ਮੁਹਿੰਮ ਪਿੰਡ ਸੁਰੱਖਿਆ ਕਮੇਟੀਆਂ (VDCs) ਨੂੰ ਸ਼ਾਮਲ ਕਰਕੇ ਚਲਾਈ ਜਾਵੇਗੀ, ਜੋ 2 ਤੋਂ 4 ਮਈ ਤੱਕ ਸੂਬੇ ਭਰ ਵਿੱਚ ਜ਼ਿਲ੍ਹਾ-ਪੱਧਰੀ ਮੀਟਿੰਗਾਂ ਦਾ ਆਯੋਜਨ ਕਰਨਗੀਆਂ। ਇਹ ਮੀਟਿੰਗਾਂ ‘ਨਸ਼ਾ ਮੁਕਤੀ ਯਾਤਰਾ’ ਦੇ ਅਧਿਕਾਰਤ ਸ਼ੁਰੂਆਤੀ ਮੰਚ ਵਜੋਂ ਕੰਮ ਕਰਨਗੀਆਂ। ਪਿੰਡ ਸੁਰੱਖਿਆ ਕਮੇਟੀਆਂ ਦੇ ਸਾਰੇ ਮੈਂਬਰਾਂ ਤੋਂ ਇਲਾਵਾ, ਇਨ੍ਹਾਂ ਮੀਟਿੰਗਾਂ ਵਿੱਚ ਸਰਪੰਚ, ਸਿਵਲ ਅਤੇ ਪੁਲਿਸ ਪ੍ਰਸ਼ਾਸਨ, ਅਤੇ ਹੋਰ ਸਬੰਧਤ ਸ਼ਖਸੀਅਤਾਂ ਸ਼ਾਮਲ ਹੋਣਗੀਆਂ।

watch….PUNJAB POLICE AVERTS TARGET KILLINGS PLANNED BY LAWRENCE BISHNOI AND GOLDY BRAR IN STATE; THREE SHOOTERS HELD

ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਉਨ੍ਹਾਂ ਪਿੰਡਾਂ ਵਿੱਚ ਪਿੰਡ ਸੁਰੱਖਿਆ ਕਮੇਟੀਆਂ ਗਠਿਤ ਕਰਨ ਦੇ ਹੁਕਮ ਦਿੱਤੇ ਹਨ, ਜਿੱਥੇ ਇਹ ਕਮੇਟੀਆਂ ਅਜੇ ਨਹੀਂ ਹਨ, ਅਤੇ ਉਨ੍ਹਾਂ ਨੂੰ ਮੀਟਿੰਗਾਂ ਲਈ ਸੱਦਣ ਦੀ ਹਦਾਇਤ ਕੀਤੀ ਹੈ। ਇਸੇ ਤਰ੍ਹਾਂ, ਨਗਰ ਨਿਗਮ ਖੇਤਰਾਂ ਦੇ ਹਰ ਵਾਰਡ ਵਿੱਚ ਵਾਰਡ ਸੁਰੱਖਿਆ ਕਮੇਟੀਆਂ (WDCs) ਬਣਾਈਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਵੀ ਮੀਟਿੰਗਾਂ ਵਿੱਚ ਸ਼ਾਮਲ ਕੀਤਾ ਜਾਵੇਗਾ। ਹਰ ਜ਼ਿਲ੍ਹਾ-ਪੱਧਰੀ ਮੀਟਿੰਗ ਦੀ ਅਗਵਾਈ ਇੱਕ ਕੈਬਨਿਟ ਮੰਤਰੀ ਕਰੇਗਾ, ਜਿਸ ਦਾ ਉਦੇਸ਼ ਨਸ਼ਾ ਮੁਕਤੀ ਯਾਤਰਾ ਬਾਰੇ ਜਾਗਰੂਕਤਾ ਫੈਲਾਉਣਾ, ਪਿੰਡ-ਪੱਧਰੀ ਲੀਡਰਸ਼ਿਪ ਨੂੰ ਚੌਕਸੀ ਲਈ ਇਕਜੁੱਟ ਕਰਨਾ, ਪਿੰਡ ਅਤੇ ਵਾਰਡ ਸੁਰੱਖਿਆ ਕਮੇਟੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਚਕਾਰ ਤਾਲਮੇਲ ਮਜ਼ਬੂਤ ਕਰਨਾ, ਅਤੇ ਪਿੰਡ ਪੱਧਰ ‘ਤੇ ਨਸ਼ਿਆਂ ਵਿਰੁੱਧ ਸਮੂਹਿਕ ਸਾਂਝ ਨੂੰ ਹੁਲਾਰਾ ਦੇਣਾ ਹੈ।

ਇਨ੍ਹਾਂ ਮੀਟਿੰਗਾਂ ਤੋਂ ਬਾਅਦ, ਦੂਜਾ ਪੜਾਅ 7 ਮਈ ਤੋਂ ਜ਼ਮੀਨੀ ਪੱਧਰ ‘ਤੇ ਸ਼ੁਰੂ ਹੋਵੇਗਾ, ਜਿਸ ਵਿੱਚ ਹਰ ਪਿੰਡ ਅਤੇ ਵਾਰਡ ਦੇ ਸਾਰੇ ਵਸਨੀਕਾਂ ਦੀ ਮੀਟਿੰਗ ਕੀਤੀ ਜਾਵੇਗੀ। ਇਸ ਵਿੱਚ ਪਿੰਡ ਸੁਰੱਖਿਆ ਕਮੇਟੀ, ਵਾਰਡ ਸੁਰੱਖਿਆ ਕਮੇਟੀ, ਸਰਪੰਚ, ਅਤੇ ਹੋਰ ਅਧਿਕਾਰੀ ਸ਼ਾਮਲ ਹੋਣਗੇ। ਪੰਜਾਬ ਦੇ ਸਾਰੇ ਪਿੰਡ ਅਤੇ ਵਾਰਡ ਸੂਬਾ ਸਰਕਾਰ ਦੀ ਤਿਆਰ ਕੀਤੀ ਸਮਾਂ-ਸਾਰਣੀ ਅਨੁਸਾਰ ਕਵਰ ਕੀਤੇ ਜਾਣਗੇ।

ਮੁੱਖ ਮੰਤਰੀ ਨੇ ਵਿਸ਼ਵਾਸ ਜਤਾਇਆ ਕਿ ਇਹ ਮੁਹਿੰਮ ਨਸ਼ਿਆਂ ਵਿਰੁੱਧ ਲੜਾਈ ਨੂੰ ਜਨ ਅੰਦੋਲਨ ਵਿੱਚ ਬਦਲ ਦੇਵੇਗੀ। ਉਨ੍ਹਾਂ ਨੇ ਸਮਾਜ ਦੇ ਹਰ ਵਿਅਕਤੀ ਨੂੰ ਪੂਰਨ ਸਮਰਥਨ ਅਤੇ ਸਹਿਯੋਗ ਦੀ ਅਪੀਲ ਕੀਤੀ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਵੀ ਖੇਤਰ ਵਿੱਚ ਨਸ਼ੇ ਨਾ ਵਿਕਣ ਅਤੇ ਸਾਰੇ ਨਸ਼ਾ ਪੀੜਤਾਂ ਨੂੰ ਨਸ਼ਿਆਂ ਤੋਂ ਮੁਕਤ ਕਰਵਾਇਆ ਜਾਵੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿੰਡ ਸੁਰੱਖਿਆ ਕਮੇਟੀਆਂ, ਵਾਰਡ ਸੁਰੱਖਿਆ ਕਮੇਟੀਆਂ, ਅਤੇ ਸਰਪੰਚਾਂ ਤੋਂ ਇਸ ਯਤਨ ਵਿੱਚ ਸਰਗਰਮ ਅਤੇ ਅਹਿਮ ਭੂਮਿਕਾ ਨਿਭਾਉਣ ਦੀ ਉਮੀਦ ਹੈ।

LEAVE A RESPONSE

Your email address will not be published. Required fields are marked *