Homeਪੰਜਾਬੀਪੰਜਾਬਭਾਈ ਵੀਰ ਸਿੰਘ ਨੂੰ ਸਮਰਪਿਤ ਸਮਾਗਮ : ਦੇਸ਼ ਭਰ ਦੇ ਕਵੀਆਂ ਨੇ...

ਭਾਈ ਵੀਰ ਸਿੰਘ ਨੂੰ ਸਮਰਪਿਤ ਸਮਾਗਮ : ਦੇਸ਼ ਭਰ ਦੇ ਕਵੀਆਂ ਨੇ ਦੇਹਰਾਦੂਨ ਵਿੱਚ ਪੰਜਾਬੀ ਸਾਹਿਤ ਦੀ ਮਹਿਕ ਫੈਲਾਈ

- Advertisement -spot_img

ਪਟਿਆਲਾ, 3 ਅਕਤੂਬਰ
ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਪੰਜਾਬੋਂ ਬਾਹਰ’ ਸਮਾਗਮਾਂ ਦੀ ਲੜੀ ਤਹਿਤ ਡਾ. ਬਲਵੀਰ ਸਿੰਘ ਸਾਹਿਤ ਸਦਨ (ਪੰਜਾਬੀ ਯੂਨੀਵਰਸਿਟੀ ਕੈਂਪਸ), ਦੇਹਰਾਦੂਨ ਵਿਖੇ ਭਾਈ ਵੀਰ ਸਿੰਘ ਨੂੰ ਸਮਰਪਿਤ ਇਕ ਵਿਸ਼ੇਸ਼ ਕਵੀ ਦਰਬਾਰ ਆਯੋਜਿਤ ਕੀਤਾ ਗਿਆ। ਇਸ ਸਾਹਿਤਕ ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਸਾਹਿਤ ਗੌਰਵ ਪ੍ਰੇਮ ਸਾਹਿਲ (ਦੇਹਰਾਦੂਨ) ਅਤੇ ਪ੍ਰੋ. ਸੁਦਰਸ਼ਨ ਗਾਸੋ (ਅੰਬਾਲਾ) ਨੇ ਕੀਤੀ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਸਮਾਗਮ ਨੂੰ ਬਹੁ-ਰੰਗੀ ਅਤੇ ਯਾਦਗਾਰ ਬਣਾ ਦਿੱਤਾ।

ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ ਅਤੇ ਸ੍ਰੀ ਸਾਹਿਬ ਦੇ ਚੇਅਰਮੈਨ ਸ. ਨਰਿੰਦਰਜੀਤ ਸਿੰਘ ਬਿੰਦਰਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।

ਕਵੀ ਦਰਬਾਰ ਦੀ ਸ਼ੁਰੂਆਤ ਸ਼ਾਇਰ ਡਾ. ਸੰਦੀਪ ਸ਼ਰਮਾ (ਲੁਧਿਆਣਾ) ਨੇ ਆਪਣੀ ਭਾਵਪੂਰਤ ਕਵਿਤਾ ‘ਪਿਤਾ’ ਨਾਲ ਕੀਤੀ। ਇਸ ਤੋਂ ਬਾਅਦ ਅਵਤਾਰਜੀਤ ਸਿੰਘ (ਪਟਿਆਲਾ) ਨੇ ਆਪਣੇ ਗੀਤ ‘ਅਸੀਂ ਜੋ ਵੀ ਲਿਖਦੇ ਹਾਂ ਫ਼ਰਜ਼ ਜ਼ਰੂਰੀ ਲਈ…’ ਨੂੰ ਤਰੰਨਮ ਵਿੱਚ ਪੇਸ਼ ਕਰਕੇ ਲਿਖਾਰੀਆਂ ਨੂੰ ਆਪਣੇ ਸਮਾਜਿਕ ਫ਼ਰਜ਼ਾਂ ਪ੍ਰਤੀ ਸੁਚੇਤ ਕੀਤਾ।

ਬਲਵਿੰਦਰ ਸੰਧੂ (ਪਟਿਆਲਾ) ਨੇ ‘ਦਸਵੰਧ’, ‘ਦਿਲਗੀਰੀ’ ਅਤੇ ‘ਅਗਨ ਜਾਂ ਜਲ’ ਕਵਿਤਾਵਾਂ ਰਾਹੀਂ ਵੱਖ-ਵੱਖ ਸਮਾਜਿਕ ਅਤੇ ਮਨੁੱਖੀ ਵਿਸ਼ਿਆਂ ਨੂੰ ਛੂਹਿਆ। ਮਨਜੀਤ ਪੁਰੀ (ਫ਼ਰੀਦਕੋਟ) ਨੇ ਆਪਣੀ ਗਜ਼ਲ ‘ਸਾਡੇ ਸਮਿਆਂ ਵਿੱਚ…’ ਰਾਹੀਂ ਮੌਜੂਦਾ ਸਮਾਜਿਕ ਅਤੇ ਰਾਜਨੀਤਿਕ ਹਾਲਾਤ ’ਤੇ ਤਿੱਖਾ ਵਿਅੰਗ ਕੀਤਾ।

watch…..GOLD FOR INDIA! Team India Defeats Pakistan in Asian Games Final

ਤਰਸੇਮ ਬਰਨਾਲਾ ਨੇ ‘ਦੁੱਖ ਦੇ ਦਾਸ’ ਰਾਹੀਂ ਤਕਨੀਕੀ ਤਰੱਕੀ ਦੇ ਬਾਵਜੂਦ ਬਦਲਦੇ ਸਮਾਜ ਦੀਆਂ ਵਿਡੰਬਨਾਵਾਂ ਨੂੰ ਉਜਾਗਰ ਕੀਤਾ, ਜਦਕਿ ਗੁਰਚਰਨ ਸਿੰਘ ਜੋਗੀ (ਅੰਬਾਲਾ) ਨੇ ‘ਕੋਈ ਤਾਂ ਗੱਲ ਕਰੇ…’ ਕਵਿਤਾ ਰਾਹੀਂ ਸਾਂਝੇ ਪੰਜਾਬ ਦੀ ਭਾਵਨਾ ਨੂੰ ਪ੍ਰਗਟਾਇਆ।

ਸ. ਜਸਵੰਤ ਸਿੰਘ ਜ਼ਫ਼ਰ ਨੇ ‘ਆਤਮਾ’, ‘ਭਾਈ ਕਨਈਆ’ ਅਤੇ ਚਾਲੀ ਮੁਕਤਿਆਂ ਨਾਲ ਸੰਬੰਧਿਤ ਕਵਿਤਾਵਾਂ ਰਾਹੀਂ ਕੁਰਬਾਨੀ, ਸਾਂਝੀਵਾਲਤਾ ਅਤੇ ਮਨੁੱਖਤਾ ਦਾ ਸੰਦੇਸ਼ ਦਿੱਤਾ। ਡਾ. ਅਜੀਤਪਾਲ ਜਟਾਣਾ (ਮੋਗਾ) ਨੇ ਗਜ਼ਲ ‘ਗੀਤ ਫੁੱਟ ਪੈਣਗੇ…’ ਤਰੰਨਮ ਵਿੱਚ ਪੇਸ਼ ਕਰਕੇ ਸਰੋਤਿਆਂ ਨੂੰ ਮੋਹ ਲਿਆ।

ਪ੍ਰੋ. ਰਾਜੇਸ਼ ਮੋਹਨ (ਫ਼ਰੀਦਕੋਟ) ਨੇ ਆਪਣੀ ਗਜ਼ਲ ‘ਅੱਖਾਂ ’ਚ ਵੇਖਿਆ ਮੈਂ…’ ਅਤੇ ਟੱਪਿਆਂ ਰਾਹੀਂ ਮਾਹੌਲ ਨੂੰ ਸੰਗੀਤਮਈ ਬਣਾਇਆ। ਗੁਰਪ੍ਰੀਤ (ਮਾਨਸਾ) ਨੇ ‘ਮਾਂ ਦਾ ਜਾਣਾ’ ਕਵਿਤਾ ਰਾਹੀਂ ਭਾਵਨਾਤਮਕ ਮਾਹੌਲ ਸਿਰਜਿਆ।

ਰਾਜੇਸ਼ ਅਨੰਦ ਆਸੀਰ (ਦੇਹਰਾਦੂਨ) ਨੇ ‘ਕਰਾਰ’ ਅਤੇ ‘ਇਸ਼ਕ ਦੀ ਰਹਿਬਰੀ’ ਗਜ਼ਲਾਂ ਰਾਹੀਂ ਮੁਹੱਬਤ ਦਾ ਰੰਗ ਭਰਿਆ। ਪ੍ਰੋ. ਗੁਰਪ੍ਰੀਤ ਕੌਰ (ਅੰਬਾਲਾ) ਨੇ ‘ਬੋਲਣ ਦਾ ਫਾਇਦਾ ਕੀ ਹੈ…’ ਅਤੇ ‘ਮਹਾਂਨਗਰ’ ਕਵਿਤਾਵਾਂ ਰਾਹੀਂ ਸ਼ਹਿਰੀਕਰਨ ’ਤੇ ਤਿੱਖਾ ਵਿਅੰਗ ਕੀਤਾ।

ਅੰਬਰ ਖਰਬੰਦਾ ਨੇ ‘ਜਿਸ ਵੇਲੇ ਖੁੱਲ੍ਹ ਜਾਂਦੀ ਏ ਅੱਖ…’ ਗਜ਼ਲ ਨਾਲ ਹਾਜ਼ਰੀ ਲਵਾਈ, ਜਦਕਿ ਸੰਤੋਖ ਸੁੱਖੀ ਨੇ ‘ਸੋਹਣੀ’ ਕਵਿਤਾ ਰਾਹੀਂ ਸੁੰਦਰਤਾ ਦੇ ਵੱਖ-ਵੱਖ ਪੱਖਾਂ ਨੂੰ ਉਜਾਗਰ ਕੀਤਾ। ਦੀਪਕ ਅਰੋੜਾ ਨੇ ‘ਬਾਪੂ’ ਕਵਿਤਾ ਰਾਹੀਂ ਪਿਤਾ ਦੀ ਮਹੱਤਤਾ ਬਿਆਨ ਕੀਤੀ ਅਤੇ ਕੁਮਾਰ ਜਗਦੇਵ ਬਰਾੜ ਨੇ ‘ਬੁੱਲਿਆ’ ਰਚਨਾ ਨਾਲ ਦਰਸ਼ਕਾਂ ਦੀਆਂ ਤਾਲੀਆਂ ਬਟੋਰੀਆਂ।

ਪ੍ਰੇਮ ਸਾਹਿਲ (ਦੇਹਰਾਦੂਨ) ਨੇ ਆਪਣੀ ਗਜ਼ਲ ‘ਉੱਠ ਖੋਲ੍ਹ ਬੂਹਾ ਮੁਹੱਬਤ ਆਈ ਦਰ ’ਤੇ…’ ਰਾਹੀਂ ਪਿਆਰ ਅਤੇ ਮਨੁੱਖੀ ਏਕਤਾ ਦਾ ਸੰਦੇਸ਼ ਦਿੱਤਾ। ਪ੍ਰੋ. ਸੁਦਰਸ਼ਨ ਗਾਸੋ ਨੇ ‘ਰਾਜਾ ਓਹ ਹੁੰਦਾ ਹੈ…’ ਨਜ਼ਮ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕੀਤੀ।

ਸਮਾਗਮ ਦੇ ਅੰਤ ਵਿੱਚ ਦਰਸ਼ਨ ਬੁੱਟਰ (ਨਾਭਾ) ਨੇ ਆਪਣੀਆਂ ਕਵਿਤਾਵਾਂ ‘ਪੰਜਾਬ, ਪੰਜਾਬੀ ਤੇ ਮਾਂ’ ਅਤੇ ‘ਸੰਵਾਦ’ ਰਾਹੀਂ ਸਮਾਗਮ ਨੂੰ ਸਿਖਰ ’ਤੇ ਪਹੁੰਚਾ ਦਿੱਤਾ।

ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ। ਡਾ. ਬਲਵੀਰ ਸਿੰਘ ਸਾਹਿਤ ਸਦਨ, ਦੇਹਰਾਦੂਨ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਕਵੀ ਦਰਬਾਰ ਦੇ ਅੰਤ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਰੇ ਕਵੀਆਂ ਨੂੰ ਵਿਭਾਗੀ ਸ਼ਾਲਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਖੋਜ ਅਫ਼ਸਰ ਹਰਪ੍ਰੀਤ ਸਿੰਘ, ਸਾਹਿਤ ਕੇਂਦਰ ਦੇ ਇੰਚਾਰਜ ਡਾ. ਕੁਲਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਤੇ ਸਰੋਤੇ ਹਾਜ਼ਰ ਸਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here