ਚੰਡੀਗੜ੍ਹ/ਪਟਿਆਲਾ, 2 ਅਕਤੂਬਰ
ਏਸ਼ੀਅਨ ਗੇਮਜ਼ ਦੇ ਅਥਲੈਟਿਕਸ ਸ਼ਾਟਪੁੱਟ ਮੁਕਾਬਲੇ ਵਿੱਚ ਲਗਾਤਾਰ ਤੀਜਾ ਤਗ਼ਮਾ ਜਿੱਤ ਕੇ ਪਟਿਆਲਾ ਪਰਤੇ ਪੰਜਾਬ ਪੁਲਿਸ ਦੇ ਡੀਐਸਪੀ ਅਤੇ ਉਲੰਪੀਅਨ ਤੇਜਿੰਦਰਪਾਲ ਸਿੰਘ ਤੂਰ ਦਾ ਪੰਜਾਬੀ ਯੂਨੀਵਰਸਿਟੀ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਡ ਪ੍ਰੇਮੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਵਿਧਾਇਕ ਗੁਰਲਾਲ ਘਨੌਰ ਦੀ ਅਗਵਾਈ ਹੇਠ ਕਰਵਾਏ ਗਏ ਸਵਾਗਤੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ, ਖਿਡਾਰੀਆਂ ਅਤੇ ਪਟਿਆਲਾ ਵਾਸੀਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਉਲੰਪੀਅਨ ਤੂਰ ਨੂੰ ਫੁੱਲਾਂ ਨਾਲ ਸਨਮਾਨਿਤ ਕੀਤਾ ਗਿਆ। ਤੂਰ ਨੇ ਏਸ਼ੀਅਨ ਗੇਮਜ਼ ਵਿੱਚ ਲਗਾਤਾਰ ਦੋ ਵਾਰ ਸ਼ਾਟਪੁੱਟ ਦਾ ਸੋਨ ਤਗ਼ਮਾ ਜਿੱਤਣ ਤੋਂ ਬਾਅਦ ਇਸ ਵਾਰ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਹੈ।
ਸਵਾਗਤ ਸਮਾਗਮ ਦੌਰਾਨ ਤੇਜਿੰਦਰਪਾਲ ਸਿੰਘ ਤੂਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਖਿਡਾਰੀਆਂ ਨੂੰ ਲੋੜੀਂਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸੱਟਾਂ ਕਾਰਨ ਉਹ ਇਸ ਵਾਰ ਸੋਨ ਤਗ਼ਮਾ ਹਾਸਲ ਨਹੀਂ ਕਰ ਸਕੇ, ਪਰ ਪਰਿਵਾਰ, ਵਿਭਾਗ ਅਤੇ ਸਰਕਾਰ ਵੱਲੋਂ ਮਿਲ ਰਹੇ ਸਹਿਯੋਗ ਨਾਲ ਉਹ ਆਉਣ ਵਾਲੇ ਕੌਮਾਂਤਰੀ ਮੁਕਾਬਲਿਆਂ ਵਿੱਚ ਸੋਨ ਤਗ਼ਮਾ ਜਿੱਤਣ ਲਈ ਹੋਰ ਮਿਹਨਤ ਕਰਨਗੇ।
watch……Asian Games Cricket: India Thrash Sri Lanka to Book Final Spot
ਤੂਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਬਿਹਤਰ ਖੇਡ ਸਹੂਲਤਾਂ ਦੇਣ ਅਤੇ ਉਨ੍ਹਾਂ ਦੀ ਤਿਆਰੀ ਨੂੰ ਮਜ਼ਬੂਤ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਮੁਤਾਬਕ ਸਿਖਲਾਈ ਕੈਂਪਾਂ ਤੋਂ ਲੈ ਕੇ ਕੌਮਾਂਤਰੀ ਮੁਕਾਬਲਿਆਂ ਵਿੱਚ ਭਾਗ ਲੈਣ ਤੱਕ ਖਿਡਾਰੀਆਂ ਨੂੰ ਸਹਾਇਤਾ ਮਿਲ ਰਹੀ ਹੈ, ਜਿਸ ਨਾਲ ਉਨ੍ਹਾਂ ਦਾ ਮਨੋਬਲ ਵਧਿਆ ਹੈ।
ਉਲੰਪੀਅਨ ਤੂਰ ਦਾ ਸਵਾਗਤ ਕਰਦਿਆਂ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਤੂਰ ਦੀ ਇਹ ਪ੍ਰਾਪਤੀ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਤੇਜਿੰਦਰਪਾਲ ਸਿੰਘ ਤੂਰ, ਦਲਜੀਤ ਸਿੰਘ ਰਾਣਾ ਅਤੇ ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਵਰਗੀਆਂ ਸ਼ਖ਼ਸੀਅਤਾਂ ਦੀ ਪ੍ਰੇਰਣਾ ਨਾਲ ਪਟਿਆਲਾ ਦੇ ਨਵੇਂ ਖਿਡਾਰੀ ਵੀ ਅਥਲੈਟਿਕਸ, ਸ਼ਾਟਪੁੱਟ, ਡਿਸਕਸ ਥਰੋਅ ਸਮੇਤ ਵੱਖ-ਵੱਖ ਖੇਡਾਂ ਵਿੱਚ ਅੱਗੇ ਵੱਧ ਰਹੇ ਹਨ।
ਵਿਧਾਇਕ ਨੇ ਕਿਹਾ ਕਿ ਸ਼ਾਟਪੁੱਟ ਅਤੇ ਡਿਸਕਸ ਥਰੋਅ ਵਰਗੀਆਂ ਖੇਡਾਂ ਵਿੱਚ ਕੌਮਾਂਤਰੀ ਪੱਧਰ ’ਤੇ ਤਗ਼ਮਾ ਜਿੱਤਣਾ ਵੱਡੀ ਉਪਲਬਧੀ ਹੈ। ਉਨ੍ਹਾਂ ਕਿਹਾ ਕਿ ਤੂਰ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਆਪਣੇ ਮਾਪਿਆਂ, ਪਟਿਆਲਾ, ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡ-ਪਿੰਡ ਖੇਡ ਮੈਦਾਨ ਵਿਕਸਤ ਕਰਨ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦੇ ਹੋਰ ਮੌਕੇ ਮਿਲ ਰਹੇ ਹਨ। ਉਨ੍ਹਾਂ ਉਮੀਦ ਜਤਾਈ ਕਿ ਤੂਰ ਆਉਣ ਵਾਲੇ ਕੌਮਾਂਤਰੀ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਲਈ ਹੋਰ ਤਗ਼ਮੇ ਜਿੱਤਣਗੇ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸਡੀਐਮ ਗੁਰਦੇਵ ਸਿੰਘ, ਦਲਜੀਤ ਸਿੰਘ ਰਾਣਾ, ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ, ਕੌਮਾਂਤਰੀ ਰੈਸਲਰ ਅਤੇ ਰੈਸਲਿੰਗ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਰਣਧੀਰ ਸਿੰਘ, ਅਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਹਰਭਜਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਟਿਆਲਾ ਵਾਸੀ, ਖੇਡ ਪ੍ਰੇਮੀ ਅਤੇ ਪਰਿਵਾਰਕ ਮੈਂਬਰ ਮੌਜੂਦ ਰਹੇ





