ਪੰਜਾਬ ਸਰਕਾਰ ਨੇ ਵਿਸ਼ੇਸ਼ ਬਜ਼ੁਰਗ ਭਲਾਈ ਮੁਹਿੰਮ ਰਾਹੀਂ ਅਯੋਗ ਪੈਨਸ਼ਨ ਖਾਤਿਆਂ ਤੋਂ 166 ਕਰੋੜ ਰੁਪਏ ਦੀ ਵਸੂਲੀ ਕੀਤੀ: ਡਾ. ਬਲਜੀਤ ਕੌਰ
“ਸਾਡੇ ਬੁਜ਼ੁਰਗ ਸਾਡਾ ਮਾਣ” ਸਰਵੇਖਣ ਰਾਹੀਂ 166 ਕਰੋੜ ਰੁਪਏ ਵਸੂਲ, ਬਾਕੀ 86 ਕਰੋੜ ਦੀ ਤੇਜ਼ੀ ਨਾਲ ਵਸੂਲੀ ਜਾਰੀ: ਸਮਾਜਿਕ ਸੁਰੱਖਿਆ ਮੰਤਰੀ
ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪਾਰਦਰਸ਼ੀ ਪੈਨਸ਼ਨ ਸੁਧਾਰਾਂ ਵਿੱਚ ਮੋਹਰੀ; 252 ਕਰੋੜ ਦੀ ਪਛਾਣ, 166 ਕਰੋੜ ਪਹਿਲਾਂ ਹੀ ਵਸੂਲ
ਚਾਲੂ ਵਿੱਤੀ ਸਾਲ ਵਿੱਚ ਮਈ 2025 ਤੱਕ 43,644 ਨਵੇਂ ਯੋਗ ਲਾਭਪਾਤਰੀਆਂ ਦੀਆਂ ਪੈਨਸ਼ਨ ਅਰਜ਼ੀਆਂ ਮਨਜ਼ੂਰ
ਚੰਡੀਗੜ੍ਹ, 27 ਜੂਨ 2025
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਬਜ਼ੁਰਗਾਂ ਦੀ ਭਲਾਈ ਅਤੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਪਹਿਲਕਦਮੀਆਂ ਚੁੱਕ ਰਹੀ ਹੈ। ਇੱਕ ਅਹਿਮ ਕਦਮ ਵਜੋਂ, “ਸਾਡੇ ਬੁਜ਼ੁਰਗ ਸਾਡਾ ਮਾਣ” ਸਰਵੇਖਣ ਰਾਹੀਂ ਮ੍ਰਿਤਕ ਪੈਨਸ਼ਨਰਾਂ ਦੀ ਪਛਾਣ ਕਰਕੇ ਅਤੇ ਸਹੀ ਲਾਭਪਾਤਰੀਆਂ ਤੱਕ ਪੈਨਸ਼ਨ ਪਹੁੰਚਾਉਣ ਲਈ ਪਾਰਦਰਸ਼ੀ ਪ੍ਰਕਿਰਿਆ ਨੂੰ ਸੁਚਾਰੂ ਕੀਤਾ ਗਿਆ।
ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਖੁਲਾਸਾ ਕੀਤਾ ਕਿ ਇਸ ਵਿਆਪਕ ਸਰਵੇਖਣ ਦੌਰਾਨ 67,852 ਮ੍ਰਿਤਕ ਪੈਨਸ਼ਨਰਾਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਦੇ ਖਾਤਿਆਂ ਵਿੱਚ 252 ਕਰੋੜ ਰੁਪਏ ਇਕੱਠੇ ਹੋਏ ਸਨ। ਇਸ ਵਿੱਚੋਂ 166 ਕਰੋੜ ਰੁਪਏ ਦੀ ਵਸੂਲੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀਆਂ ਅਤੇ ਬੈਂਕਾਂ ਦੇ ਸਹਿਯੋਗ ਨਾਲ ਪੂਰੀ ਕੀਤੀ ਜਾ ਚੁੱਕੀ ਹੈ।
ਮੰਤਰੀ ਨੇ ਅਧਿਕਾਰੀਆਂ ਨੂੰ ਬਾਕੀ 86 ਕਰੋੜ ਰੁਪਏ ਦੀ ਵਸੂਲੀ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ, ਤਾਂ ਜੋ ਇਹ ਰਕਮ ਹੋਰ ਯੋਗ ਲਾਭਪਾਤਰੀਆਂ ਨੂੰ ਪੈਨਸ਼ਨ ਮੁਹੱਈਆ ਕਰਨ ਲਈ ਵਰਤੀ ਜਾ ਸਕੇ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੂਬੇ ਵਿੱਚ ਲਗਭਗ 35 ਲੱਖ ਬਜ਼ੁਰਗ, ਵਿਧਵਾਵਾਂ, ਬੇਸਹਾਰਾ ਬੱਚਿਆਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਹਰ ਮਹੀਨੇ 1500 ਰੁਪਏ ਦੀ ਪੈਨਸ਼ਨ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਆਂਗਣਵਾੜੀ ਸੁਪਰਵਾਈਜ਼ਰਾਂ ਦੀ ਸਮਰਪਣ ਅਤੇ ਮਿਹਨਤ ਦੀ ਸਰਾਹਨਾ ਕੀਤੀ, ਜੋ ਘਰ-ਘਰ ਜਾ ਕੇ ਪੈਨਸ਼ਨਰਾਂ ਦੀ ਸਥਿਤੀ ਅਤੇ ਭਲਾਈ ਸਬੰਧੀ ਸਹੀ ਜਾਣਕਾਰੀ ਇਕੱਠੀ ਕਰ ਰਹੇ ਹਨ।
ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ਹਰ ਯੋਗ ਵਿਅਕਤੀ ਨੂੰ ਪੈਨਸ਼ਨ ਪ੍ਰਦਾਨ ਕਰਨ ਲਈ ਵਚਨਬੱਧ ਹੈ। ਚਾਲੂ ਵਿੱਤੀ ਸਾਲ ਵਿੱਚ ਮਈ 2025 ਤੱਕ 43,644 ਨਵੇਂ ਯੋਗ ਲਾਭਪਾਤਰੀਆਂ ਦੀਆਂ ਅਰਜ਼ੀਆਂ ਮਨਜ਼ੂਰ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਪੈਨਸ਼ਨ ਦੀ ਵੰਡ ਪਾਰਦਰਸ਼ੀ ਅਤੇ ਸਮੇਂ ਸਿਰ ਕੀਤੀ ਜਾਵੇ।
watch…….After Small Fish, Now It’s the Turn of Drug Trade ‘Generals’: CM Mann
ਸਰਕਾਰ ਦੀ ਪਾਰਦਰਸ਼ਤਾ ਅਤੇ ਜਵਾਬਦੇਹੀ ਪ੍ਰਤੀ ਵਚਨਬੱਧਤਾ ਨੂੰ ਰੇਖਾਂਕਿਤ ਕਰਦਿਆਂ, ਡਾ. ਕੌਰ ਨੇ ਦੱਸਿਆ ਕਿ ਸਰਵੇਖਣ ਦੌਰਾਨ ਐਮ-ਸੇਵਾ ਐਪ ਦੀ ਪ੍ਰਭਾਵੀ ਵਰਤੋਂ ਕੀਤੀ ਗਈ, ਜਿਸ ਨੇ ਅਸਲ-ਸਮੇਂ ਦੇ ਡੇਟਾ ਸੰਗ੍ਰਹਿ ਅਤੇ ਨਿਗਰਾਨੀ ਨੂੰ ਸੰਭਵ ਬਣਾਇਆ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਅਜਿਹੀਆਂ ਮੁਹਿੰਮਾਂ ਅਤੇ ਸਰਵੇਖਣ ਨਿਯਮਤ ਤੌਰ ’ਤੇ ਜਾਰੀ ਰਹਿਣਗੇ, ਤਾਂ ਜੋ ਸਰਕਾਰੀ ਲਾਭ ਸਹੀ ਹੱਕਦਾਰਾਂ ਤੱਕ ਪਹੁੰਚ ਸਕਣ।
ਜ਼ਿਲ੍ਹਾ ਅਧਿਕਾਰੀਆਂ, ਬੈਂਕਾਂ ਅਤੇ ਸਮਾਜਿਕ ਸੁਰੱਖਿਆ ਵਿਭਾਗ ਦੇ ਸਹਿਯੋਗ ਦੀ ਸਰਾਹਨਾ ਕਰਦਿਆਂ, ਮੰਤਰੀ ਨੇ ਅਧਿਕਾਰੀਆਂ ਨੂੰ ਬਕਾਇਆ ਰਕਮ ਦੀ ਵਸੂਲੀ ਜਾਰੀ ਰੱਖਣ ਅਤੇ ਬਜ਼ੁਰਗਾਂ ਅਤੇ ਸਮਾਜ ਦੇ ਹਾਸ਼ੀਏ ’ਤੇ ਪਏ ਵਰਗਾਂ ਦੀ ਸੇਵਾ ਵਿੱਚ ਅਟੁੱਟ ਸਮਰਪਣ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ।

