ਪਟਿਆਲਾ, 6 ਮਾਰਚ
ਸਰਕਾਰੀ (ਸਟੇਟ) ਕਾਲਜ ਆਫ ਐਜੂਕੇਸ਼ਨ, ਪਟਿਆਲਾ ਵਿਖੇ 62ਵਾਂ ਸਲਾਨਾ ਖੇਡ ਸਮਾਰੋਹ ਪ੍ਰਿੰਸੀਪਲ ਡਾ. ਵਨੀਤਾ ਰਾਣੀ ਦੀ ਯੋਗ ਅਗਵਾਈ ਹੇਠ ਭਰਵੇਂ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ।
ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸੁਨੀਤਾ ਰਾਣੀ (ਐਸ.ਐਸ.ਪੀ., ਪਦਮ ਸ਼੍ਰੀ ਅਤੇ ਅਰਜੁਨ ਅਵਾਰਡੀ, ਕਮਾਂਡੈਂਟ 1 ਕਮਾਂਡੋ ਬੀ.ਐਨ., ਬਹਾਦਰਗੜ੍ਹ, ਪਟਿਆਲਾ) ਸ਼ਾਮਲ ਹੋਈਆਂ। ਸਮਾਪਤੀ ਸਮਾਰੋਹ ਵਿੱਚ ਡਾ. ਜੋਗਿੰਦਰ ਸਿੰਘ ਰਾਣਾ (ਸਾਬਕਾ ਪ੍ਰਿੰਸੀਪਲ ਅਤੇ ਪੈਟਰਨ, ਐਲੂਮਨੀ ਐਸੋਸੀਏਸ਼ਨ, ਸਰਕਾਰੀ ਕਾਲਜ ਆਫ ਐਜੂਕੇਸ਼ਨ, ਪਟਿਆਲਾ) ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ।
ਸਮਾਰੋਹ ਦੀ ਸ਼ੁਰੂਆਤ ਓਲੰਪਿਕ ਮਸ਼ਾਲ ਜਗਾ ਕੇ ਕੀਤੀ ਗਈ। ਪ੍ਰਿੰਸੀਪਲ ਡਾ. ਵਨੀਤਾ ਰਾਣੀ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡ ਮੁਕਾਬਲੇ ਜਿੱਤਣ-ਹਾਰਨ ਲਈ ਨਹੀਂ ਹੁੰਦੇ, ਸਗੋਂ ਇਨ੍ਹਾਂ ਵਿੱਚ ਭਾਗ ਲੈਣ ਨਾਲ ਵਿਦਿਆਰਥੀਆਂ ਵਿੱਚ ਭਾਈਚਾਰੇ ਦੀ ਭਾਵਨਾ ਪ੍ਰਫੁੱਲਤ ਹੁੰਦੀ ਹੈ ਅਤੇ ਅਨੁਸ਼ਾਸਨ ਵਧਦਾ ਹੈ।
ਇਸ ਦੌਰਾਨ ਵਿਦਿਆਰਥੀਆਂ ਨੇ 100 ਮੀਟਰ, 200 ਮੀਟਰ, 400 ਮੀਟਰ ਰੇਸਾਂ, ਸ਼ਾਟ-ਪੁੱਟ, ਡਿਸਕਸ ਥਰੋ, ਹਾਈ ਜੰਪ, ਲਾਂਗ ਜੰਪ ਆਦਿ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ।
ਮੁੱਖ ਮਹਿਮਾਨ ਸੁਨੀਤਾ ਰਾਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ, ਸਮਾਜ ਵਿੱਚ ਮਿਲਵਰਤਣ ਦੀ ਭਾਵਨਾ ਵਧਦੀ ਹੈ ਅਤੇ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ। ਉਨ੍ਹਾਂ ਕਾਲਜ ਵਿੱਚ ਲੜਕੀਆਂ ਦੀ ਵੱਧ ਭਾਗੀਦਾਰੀ ਦੀ ਸ਼ਲਾਘਾ ਕੀਤੀ।
ਸਮਾਪਤੀ ਸਮਾਰੋਹ ਵਿੱਚ ਖਾਸ ਮਹਿਮਾਨ ਡਾ. ਜੋਗਿੰਦਰ ਸਿੰਘ ਰਾਣਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਖੇਡਾਂ ਵਿੱਚ ਭਾਗ ਲੈਣ ਨਾਲ ਲੜਨ ਦੀ ਪ੍ਰਵਿਰਤੀ ਖਤਮ ਹੁੰਦੀ ਹੈ। ਉਨ੍ਹਾਂ ਕਿਹਾ, “ਹਾਰ ਗਏ ਤਾਂ ਕੋਈ ਗਿਲਾ ਨਹੀਂ, ਜਿੱਤ ਗਏ ਤਾਂ ਕੋਈ ਗੁਮਾਨ ਨਹੀਂ। ਖੇਡਾਂ ਜਿੱਤਣ ਲਈ ਨਹੀਂ, ਸਗੋਂ ਸਰੀਰਕ ਤੇ ਮਾਨਸਿਕ ਪੱਖੋਂ ਤੰਦਰੁਸਤ ਰਹਿਣ, ਬਿਹਤਰ ਰਿਸ਼ਤੇ ਬਣਾਉਣ, ਮਿਲਵਰਤਣ ਦੀ ਭਾਵਨਾ ਅਤੇ ਅਨੁਸ਼ਾਸਨ ਸਿਖਾਉਂਦੀਆਂ ਹਨ।”
ਬੈਸਟ ਐਥਲੀਟ:
- ਲੜਕਿਆਂ ਵਿੱਚੋਂ ਰਾਹੁਲ ਰਾਮ (ਬੀ.ਐੱਡ. ਭਾਗ-1)
- ਲੜਕੀਆਂ ਵਿੱਚੋਂ ਅਮਨਦੀਪ ਕੌਰ (ਬੀ.ਐੱਡ. ਭਾਗ-1)
ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਨਮਾਨਿਤ ਕੀਤਾ ਗਿਆ।
ਸਮਾਰੋਹ ਵਿੱਚ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ:
- ਡਾ. ਪਰਮਿੰਦਰ ਸਿੰਘ (ਰਿਟਾ.), ਸਾਬਕਾ ਪ੍ਰਿੰਸੀਪਲ
- ਹਰਤੇਜ ਕੌਰ (ਰਿਟਾ.), ਸਾਬਕਾ ਪ੍ਰਿੰਸੀਪਲ, ਸਰਕਾਰੀ ਰਿਪੁਦਮਨ ਕਾਲਜ, ਨਾਭਾ
- ਪ੍ਰਿੰਸੀਪਲ ਸਕਿੰਦਰ ਕੌਰ, ਸਰਕਾਰੀ ਕਾਲਜ, ਕਪੂਰਥਲਾ
- ਡਾ. ਧੀਮਾਨ, ਪ੍ਰੈਜੀਡੈਂਟ, ਪੰਜਾਬ ਸਟੇਟ ਲਾਇਬ੍ਰੇਰੀ ਐਸੋਸੀਏਸ਼ਨ
- ਸਾਬਕਾ ਐਸੋ. ਪ੍ਰੋਫੈਸਰ ਵੀਰਦੇਵ ਸਿੰਘ
- ਪੂਰਨ ਸਿੰਘ (ਰਿਟਾ. ਕਰਾਫਟ ਟੀਚਰ)
- ਉਮਰਾਓ ਸਿੰਘ (ਰਿਟਾ. ਸੁਪਰਡੈਂਟ)
ਇਹ ਖੇਡ ਸਮਾਰੋਹ ਡਾ. ਹਰਦੀਪ ਕੌਰ ਸੈਣੀ (ਇੰਚਾਰਜ ਸਪੋਰਟਸ ਵਿਭਾਗ) ਅਤੇ ਸਪੋਰਟਸ ਕਮੇਟੀ ਦੀ ਮਿਹਨਤ ਨਾਲ ਸਫਲਤਾਪੂਰਵਕ ਸੰਪੰਨ ਹੋਇਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਵਨੀਤ ਕੌਰ ਜੇਜੀ ਅਤੇ ਡਾ. ਕੁਲਜੀਤ ਕੌਰ ਨੇ ਨਿਭਾਈ।
ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀਆਂ ਦੀ ਵੱਡੀ ਗਿਣਤੀ ਵਿੱਚ ਹਾਜ਼ਰੀ ਨੇ ਸਮਾਰੋਹ ਨੂੰ ਹੋਰ ਵੀ ਰੰਗੀਨ ਬਣਾਇਆ।


