ਪਟਿਆਲਾ, 25 ਸਤੰਬਰ
ਸ਼ਹਿਰ ਦੀ ਕਿਸ਼ੋਰ ਕਲੋਨੀ ਨੇੜੇ ਪੰਜਾਬੀ ਬਾਗ ਇਲਾਕੇ ਵਿੱਚ 501 ਗਜ਼ ਦੇ ਪਲਾਟ ਨੂੰ ਲੈ ਕੇ ਵਿਵਾਦ ਸਾਹਮਣੇ ਆਇਆ ਹੈ। ਪੰਜਾਬੀ ਬਾਗ ਦੀ ਵਸਨੀਕ ਬਜ਼ੁਰਗ ਮਹਿਲਾ ਅਮਰਜੀਤ ਕੌਰ, ਪਤਨੀ ਸਵਰਗੀ ਪਰਮਜੀਤ ਸਿੰਘ, ਨੇ ਸ਼ਹਿਰ ਵਿੱਚ ਤਾਇਨਾਤ ਐਸ.ਪੀ. ਰੈਂਕ ਦੇ ਪੁਲਿਸ ਅਧਿਕਾਰੀ ਰਾਜੇਸ਼ ਛਿੱਬਰ ’ਤੇ ਉਨ੍ਹਾਂ ਦੇ ਪਲਾਟ ’ਤੇ ਜ਼ਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਅਤੇ ਉਨ੍ਹਾਂ ਦੀ ਨੂੰਹ ਨਾਲ ਕਥਿਤ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਦੂਜੇ ਪਾਸੇ ਐਸ.ਪੀ. ਰਾਜੇਸ਼ ਛਿੱਬਰ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਬੇਬੁਨਿਆਦ ਕਰਾਰ ਦਿੱਤਾ ਹੈ।
ਪਟਿਆਲਾ ਮੀਡੀਆ ਕਲੱਬ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਅਮਰਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਕਿਸ਼ੋਰ ਕਲੋਨੀ ਸਥਿਤ 501 ਗਜ਼ ਦੇ ਪਲਾਟ ਵਿੱਚ ਬਣੇ ਮਕਾਨ ਵਿੱਚ ਰਹਿੰਦੀ ਹੈ। ਉਨ੍ਹਾਂ ਅਨੁਸਾਰ ਇਹ ਪਲਾਟ ਉਨ੍ਹਾਂ ਦੇ ਸਹੁਰੇ ਵੱਲੋਂ ਖਰੀਦਿਆ ਗਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਐਸ.ਪੀ. ਰਾਜੇਸ਼ ਛਿੱਬਰ ਅਤੇ ਉਨ੍ਹਾਂ ਦੇ ਸਾਥੀ ਇਸ ਜਾਇਦਾਦ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ ਅਤੇ ਇਸ ਸਬੰਧੀ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਹਨ।
ਅਮਰਜੀਤ ਕੌਰ ਨੇ ਦੋਸ਼ ਲਗਾਇਆ ਕਿ ਕਥਿਤ ਤੌਰ ’ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਪਲਾਟ ਦੀ ਰਜਿਸਟਰੀ ਆਪਣੇ ਨਾਮ ਕਰਵਾਈ ਗਈ ਹੈ ਅਤੇ ਇਸ ਸਬੰਧੀ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਉਨ੍ਹਾਂ ਨੇ ਮੀਡੀਆ ਸਾਹਮਣੇ ਇੱਕ ਸੀ.ਸੀ.ਟੀ.ਵੀ. ਫੁਟੇਜ ਵੀ ਪੇਸ਼ ਕੀਤੀ, ਜਿਸ ਵਿੱਚ ਕੁਝ ਪੁਲਿਸ ਮੁਲਾਜ਼ਮ ਕਥਿਤ ਤੌਰ ’ਤੇ ਪਲਾਟ ਵਿੱਚ ਕੰਧ ਬਣਾਉਂਦੇ ਨਜ਼ਰ ਆ ਰਹੇ ਹਨ।
ਐਸ.ਪੀ. ਰਾਜੇਸ਼ ਛਿੱਬਰ ਨੇ ਦੋਸ਼ ਨਕਾਰੇ
ਦੂਜੇ ਪਾਸੇ ਐਸ.ਪੀ. ਰਾਜੇਸ਼ ਛਿੱਬਰ ਨੇ ਅਮਰਜੀਤ ਕੌਰ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਇਨ੍ਹਾਂ ਦੋਸ਼ਾਂ ਦੀ ਹਕੀਕਤ ਬਾਰੇ ਉਨ੍ਹਾਂ ਦੇ ਗੁਆਂਢੀ ਰਾਕੇਸ਼ ਗੋਇਲ ਵੀ ਸਪਸ਼ਟ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਅਮਰਜੀਤ ਕੌਰ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਪਲਾਟ ਵਿੱਚ ਮੱਝਾਂ ਰੱਖਣ ਸਬੰਧੀ ਨਗਰ ਨਿਗਮ ਕੋਲ ਸ਼ਿਕਾਇਤ ਕਰਨ ਅਤੇ ਲੋੜ ਪੈਣ ’ਤੇ ਮਾਮਲਾ ਸੁਪਰੀਮ ਕੋਰਟ ਤੱਕ ਲਿਜਾਣ ਦੀ ਗੱਲ ਵੀ ਕਹੀ।
ਇਸੇ ਦੌਰਾਨ ਪਟਿਆਲਾ ਮੀਡੀਆ ਕਲੱਬ ਵਿਖੇ ਰਾਕੇਸ਼ ਕੁਮਾਰ ਗੋਇਲ ਅਤੇ ਐਸ.ਪੀ. ਰਾਜੇਸ਼ ਛਿੱਬਰ ਦੀ ਪਤਨੀ ਰੂਚੀ ਛਿੱਬਰ ਵੱਲੋਂ ਪੇਸ਼ ਹੋਏ ਐਡਵੋਕੇਟ ਵਿਜੇ ਗੋਇਲ ਨੇ ਪਲਾਟ ਦੀ ਰਜਿਸਟਰੀ ਅਤੇ ਅਦਾਲਤੀ ਫੈਸਲੇ ਦੀਆਂ ਕਾਪੀਆਂ ਦਿਖਾਈਆਂ।
ਐਡਵੋਕੇਟ ਵਿਜੇ ਗੋਇਲ ਨੇ ਦਾਅਵਾ ਕੀਤਾ ਕਿ 501 ਗਜ਼ ਦੇ ਪਲਾਟ ਵਿੱਚੋਂ 334 ਗਜ਼ ਹਿੱਸਾ ਉਨ੍ਹਾਂ ਦੇ ਮੁਵੱਕਿਲਾਂ ਦਾ ਹੈ, ਜਦਕਿ 167 ਗਜ਼ ਹਿੱਸਾ ਅਮਰਜੀਤ ਕੌਰ ਦਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਕੋਲ ਆਪਣੇ-ਆਪਣੇ ਹਿੱਸੇ ਦਾ ਕਬਜ਼ਾ ਹੈ ਅਤੇ ਅਮਰਜੀਤ ਕੌਰ ਦੇ ਹਿੱਸੇ ’ਤੇ ਕਬਜ਼ਾ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਰਾਕੇਸ਼ ਗੋਇਲ ਅਤੇ ਰੂਚੀ ਛਿੱਬਰ ਨੇ ਸਾਲ 2022 ਵਿੱਚ ਪਲਾਟ ਖਰੀਦਿਆ ਸੀ ਅਤੇ ਦੋਵੇਂ 167-167 ਗਜ਼ ਦੇ ਹਿੱਸੇ ਦੇ ਮਾਲਕ ਹਨ। ਐਡਵੋਕੇਟ ਗੋਇਲ ਨੇ ਦੋਸ਼ ਲਗਾਇਆ ਕਿ ਅਮਰਜੀਤ ਕੌਰ ਵੱਲੋਂ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਐਸ.ਪੀ. ਰੈਂਕ ਦੇ ਅਧਿਕਾਰੀ ’ਤੇ ਦੋਸ਼ ਲਗਾ ਕੇ ਲੋਕਾਂ ਦੀ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
watch……ਪੰਜਾਬ ਪੁਲਿਸ ਦੀ ਨਫ਼ਰੀ ਵਧੇਗੀ, 450 ਏਐੱਸਆਈਜ਼ ਦੀ ਹੋਵੇਗੀ ਸਿੱਧੀ ਭਰਤੀ
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਸ ਦੇ ਉਲਟ ਅਮਰਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਰਾਕੇਸ਼ ਗੋਇਲ ਨੂੰ ਕਥਿਤ ਤੌਰ ’ਤੇ ਗਾਲ੍ਹਾਂ ਕੱਢਣ ਅਤੇ ਧਮਕਾਉਣ ਸਬੰਧੀ ਸਿਵਲ ਲਾਈਨ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਿੱਤੀ ਗਈ ਹੈ।
ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ ’ਤੇ ਲਗਾਏ ਗਏ ਦੋਸ਼ਾਂ ਦੀ ਪੁਸ਼ਟੀ ਜਾਂ ਖੰਡਨ ਦਾ ਅੰਤਿਮ ਨਿਰਧਾਰਨ ਅਦਾਲਤੀ ਕਾਰਵਾਈ ਅਤੇ ਸਬੰਧਤ ਜਾਂਚ ਦੇ ਨਤੀਜਿਆਂ ’ਤੇ ਨਿਰਭਰ ਕਰੇਗਾ।





