ਚੰਡੀਗੜ੍ਹ/ਪਟਿਆਲਾ, 30 ਸਤੰਬਰ
ਪਟਿਆਲਾ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਬਣਾਉਣ ਦੇ ਉਦੇਸ਼ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਵੱਲੋਂ ਅਪ੍ਰੈਲ 2026 ਵਿੱਚ ਸ਼ੁਰੂ ਕੀਤੀ ਗਈ ‘ਮਿਸ਼ਨ ਕਲੀਨ ਪਟਿਆਲਾ’ ਮੁਹਿੰਮ ਦੇ ਦੋ ਪੜਾਅ ਸਫਲਤਾਪੂਰਵਕ ਪੂਰੇ ਹੋ ਗਏ ਹਨ। ਇਹ ਮੁਹਿੰਮ ਪੀਪੀਸੀਬੀ ਦੀ ਚੇਅਰਪਰਸਨ ਰੀਨਾ ਗੁਪਤਾ ਦੀ ਅਗਵਾਈ ਹੇਠ ਚਲਾਈ ਜਾ ਰਹੀ ਹੈ।
ਮੁਹਿੰਮ ਦੀਆਂ ਗਤੀਵਿਧੀਆਂ ਦੀ ਨਿਯਮਤ ਨਿਗਰਾਨੀ ਲਈ ਚੇਅਰਪਰਸਨ ਰੀਨਾ ਗੁਪਤਾ ਅਤੇ ਨਗਰ ਨਿਗਮ ਪਟਿਆਲਾ ਦੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਵੱਲੋਂ ਇੱਕ ਡੈਸ਼ਬੋਰਡ ਦਾ ਉਦਘਾਟਨ ਕੀਤਾ ਗਿਆ। ਇਸ ਦੇ ਨਾਲ ਹੀ ਪਲਾਸਟਿਕ ਦੀ ਵਰਤੋਂ ਘਟਾਉਣ ਦੇ ਉਦੇਸ਼ ਨਾਲ ‘ਪਲਾਸਟਿਕ-ਮੁਕਤ ਲੰਚ’ ਪਹਿਲਕਦਮੀ ਵੀ ਸ਼ੁਰੂ ਕੀਤੀ ਗਈ।
‘ਮਿਸ਼ਨ ਕਲੀਨ ਏਅਰ ਪਟਿਆਲਾ’ ਤਹਿਤ ਚਲਾਈ ਜਾ ਰਹੀ ਇਸ ਮੁਹਿੰਮ ਵਿੱਚ ਹੁਣ ਤੱਕ 50 ਤੋਂ ਵੱਧ ਸੰਸਥਾਵਾਂ ਭਾਗ ਲੈ ਚੁੱਕੀਆਂ ਹਨ। ਇਨ੍ਹਾਂ ਸੰਸਥਾਵਾਂ ਵੱਲੋਂ ਹੁਣ ਤੱਕ 72 ਗਤੀਵਿਧੀਆਂ ਕਰਵਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਸਫ਼ਾਈ, ਜਾਗਰੂਕਤਾ ਅਤੇ ਬੂਟੇ ਲਗਾਉਣ ਨਾਲ ਸਬੰਧਤ ਕਾਰਜ ਸ਼ਾਮਲ ਹਨ।
watch……Demography Panel Seeks 15 Years of Religion-Wise Data; KBS Sidhu Raises Legal Concerns
ਡੈਸ਼ਬੋਰਡ ਦੇ ਅੰਕੜਿਆਂ ਅਨੁਸਾਰ ਮੁਹਿੰਮ ਤਹਿਤ ਹੁਣ ਤੱਕ 13,790 ਕਿਲੋਗ੍ਰਾਮ (13.79 ਟਨ) ਕੂੜਾ ਹਟਾਇਆ ਗਿਆ, ਜਦਕਿ 800 ਬੂਟੇ ਲਗਾਏ ਗਏ ਹਨ। ਇਸ ਤੋਂ ਇਲਾਵਾ 1,814 ਵਲੰਟੀਅਰਾਂ ਨੇ ਮੁਹਿੰਮ ਵਿੱਚ ਭਾਗ ਲਿਆ। ਇਨ੍ਹਾਂ ਵਿੱਚ ਵਿਦਿਆਰਥੀਆਂ, ਅਧਿਆਪਕਾਂ, ਐਨਜੀਓਜ਼, ਸਰਕਾਰੀ ਅਧਿਕਾਰੀਆਂ ਅਤੇ ਸ਼ਹਿਰ ਵਾਸੀਆਂ ਦੀ ਸ਼ਮੂਲੀਅਤ ਰਹੀ।
ਪੀਪੀਸੀਬੀ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਕਿਹਾ ਕਿ ‘ਮਿਸ਼ਨ ਕਲੀਨ ਪਟਿਆਲਾ’ ਦਾ ਮੁੱਖ ਉਦੇਸ਼ ਸ਼ਹਿਰ ਨੂੰ ਸਾਫ਼ ਰੱਖਣ ਦੇ ਨਾਲ-ਨਾਲ ਸੜਕਾਂ ਅਤੇ ਜਨਤਕ ਥਾਵਾਂ ਪ੍ਰਤੀ ਲੋਕਾਂ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ, ਕਾਲਜਾਂ, ਸਰਕਾਰੀ ਸੰਸਥਾਵਾਂ, ਐਨਜੀਓਜ਼ ਅਤੇ ਆਮ ਨਾਗਰਿਕਾਂ ਦੀ ਸਰਗਰਮ ਭਾਗੀਦਾਰੀ ਨਾਲ ਸਫ਼ਾਈ ਦੇ ਯਤਨਾਂ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਟਿਕਾਊ ਬਣਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਮੁਹਿੰਮ ਨੂੰ ਸਿਰਫ਼ ਇੱਕ ਵਾਰ ਹੋਣ ਵਾਲੀ ਸਫ਼ਾਈ ਗਤੀਵਿਧੀ ਤੱਕ ਸੀਮਤ ਨਾ ਰੱਖ ਕੇ ਨਾਗਰਿਕ ਅਤੇ ਵਾਤਾਵਰਣਕ ਜ਼ਿੰਮੇਵਾਰੀ ਦਾ ਨਿਯਮਤ ਹਿੱਸਾ ਬਣਾਉਣਾ ਉਦੇਸ਼ ਹੈ।
ਮੁਹਿੰਮ ਦੇ ਅਗਲੇ ਪੜਾਅ ਤਹਿਤ ਸਕੂਲਾਂ ਅਤੇ ਕਾਲਜਾਂ ਲਈ ‘ਪਲਾਸਟਿਕ-ਮੁਕਤ ਲੰਚ’ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਵਿਦਿਅਕ ਸੰਸਥਾਵਾਂ ਨੂੰ ਲੰਚ ਬਾਕਸ ਅਤੇ ਇਸ ਨਾਲ ਸਬੰਧਤ ਸਮੱਗਰੀ ਵਿੱਚ ਪਲਾਸਟਿਕ ਦੀ ਵਰਤੋਂ ਘਟਾਉਣ ਵਾਲੇ ਤਰੀਕੇ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪਹਿਲਕਦਮੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਾਲੀਆਂ ਸੰਸਥਾਵਾਂ ਨੂੰ ਮੁਹਿੰਮ ਤਹਿਤ ਸਨਮਾਨਿਤ ਕੀਤਾ ਜਾਵੇਗਾ।
ਪੀਪੀਸੀਬੀ ਵੱਲੋਂ ਭਾਗੀਦਾਰ ਸੰਸਥਾਵਾਂ ਦੇ ਸਹਿਯੋਗ ਨਾਲ ਸੜਕਾਂ ਅਤੇ ਜਨਤਕ ਥਾਵਾਂ ਦੀ ਸਫ਼ਾਈ ਲਈ ਗਤੀਵਿਧੀਆਂ ਜਾਰੀ ਰੱਖੀਆਂ ਜਾਣਗੀਆਂ। ਇਨ੍ਹਾਂ ਦੀ ਕਾਰਗੁਜ਼ਾਰੀ ਦੀ ਹਰ ਤਿਮਾਹੀ ਸਮੀਖਿਆ ਕੀਤੀ ਜਾਵੇਗੀ। ਸਾਲਾਨਾ ਪੱਧਰ ’ਤੇ ਸਭ ਤੋਂ ਵਧੀਆ ਕਾਰਗੁਜ਼ਾਰੀ ਕਰਨ ਵਾਲੀ ਸੰਸਥਾ ਨੂੰ ਰਾਜ ਪੱਧਰੀ ਸ਼ਹੀਦ ਭਗਤ ਸਿੰਘ ਪੁਰਸਕਾਰ ਲਈ ਸਿਫ਼ਾਰਸ਼ ਕੀਤਾ ਜਾਵੇਗਾ।
ਬੋਰਡ ਅਨੁਸਾਰ ਇਨ੍ਹਾਂ ਉਪਰਾਲਿਆਂ ਦਾ ਉਦੇਸ਼ ਸਾਫ਼ ਸੜਕਾਂ, ਜ਼ਿੰਮੇਵਾਰ ਕੂੜਾ ਪ੍ਰਬੰਧਨ, ਹਰਿਆ-ਭਰਿਆ ਜਨਤਕ ਵਾਤਾਵਰਣ ਅਤੇ ਬਿਹਤਰ ਹਵਾ ਗੁਣਵੱਤਾ ਵਿਚਕਾਰ ਨਿਰੰਤਰ ਸਬੰਧ ਸਥਾਪਤ ਕਰਨਾ ਹੈ।





