ਚੰਡੀਗੜ੍ਹ, 1 ਜੁਲਾਈ:
ਆਮ ਆਦਮੀ ਪਾਰਟੀ (ਆਪ) ਦਾ ਸਿਆਸੀ ਕਾਫ਼ਲਾ ਲਗਾਤਾਰ ਵਧ ਰਿਹਾ ਹੈ। ਬੁੱਧਵਾਰ ਨੂੰ ਮੁਕੇਰੀਆਂ ਇਲਾਕੇ ਦੇ ਕਈ ਸੀਨੀਅਰ ਕਾਂਗਰਸੀ ਅਤੇ ਅਕਾਲੀ ਆਗੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
‘ਆਪ’ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਸਰਪੰਚ ਅਨਿਲ ਠਾਕੁਰ, ਬੇਅੰਤ ਸਿੰਘ ਰੰਧਾਵਾ, ਪੂਨਮ ਰੱਤੂ, ਸਰਪੰਚ ਤਜਿੰਦਰ ਪਾਲ ਸਿੰਘ, ਰਾਜੇਸ਼ ਰੱਤੂ, ਸਰਪੰਚ ਲਖਵੀਰ ਸਿੰਘ, ਸ਼ੇਰ ਸਿੰਘ ਸ਼ੇਰਾ ਅਤੇ ਅਕਾਲੀ ਦਲ ਦੇ ਸਾਬਕਾ ਵਿਧਾਨ ਸਭਾ ਉਮੀਦਵਾਰ ਸਰਬਜੋਤ ਸਿੰਘ ਸਾਬੀ ਸ਼ਾਮਲ ਹਨ। ਇਨ੍ਹਾਂ ਆਗੂਆਂ ਨੇ ਆਪਣੇ ਸਮਰਥਕਾਂ ਸਮੇਤ ‘ਆਪ’ ਦੀਆਂ ਨੀਤੀਆਂ ਅਤੇ ਪੰਜਾਬ ਸਰਕਾਰ ਦੇ ਕੰਮਾਂ ਵਿੱਚ ਵਿਸ਼ਵਾਸ ਜਤਾਉਂਦੇ ਹੋਏ ਪਾਰਟੀ ਨਾਲ ਜੁੜਨ ਦਾ ਐਲਾਨ ਕੀਤਾ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੇਂ ਸ਼ਾਮਲ ਹੋਏ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਲੋਕ-ਪੱਖੀ ਨੀਤੀਆਂ, ਪਾਰਦਰਸ਼ੀ ਸ਼ਾਸਨ ਅਤੇ ਪੰਜਾਬ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਕਾਰਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਵਰਕਰ ਲਗਾਤਾਰ ‘ਆਪ’ ਨਾਲ ਜੁੜ ਰਹੇ ਹਨ।
watch…..https://shorturl.at/lcogp
ਉਨ੍ਹਾਂ ਕਿਹਾ ਕਿ ‘ਆਪ’ ਪਰਿਵਾਰ ਦਾ ਵਧਦਾ ਦਾਇਰਾ ਲੋਕਾਂ ਦੇ ਭਰੋਸੇ ਅਤੇ ਸਰਕਾਰ ਦੀਆਂ ਨੀਤੀਆਂ ਪ੍ਰਤੀ ਸਮਰਥਨ ਨੂੰ ਦਰਸਾਉਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਆਗੂ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ, ਉਹ ਖੁਦ ਅੱਗੇ ਆ ਕੇ ਪਾਰਟੀ ਨਾਲ ਜੁੜ ਰਹੇ ਹਨ।
ਨਵੇਂ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਲੋਕ-ਹਿੱਤ ਫੈਸਲਿਆਂ ਅਤੇ ਪਾਰਦਰਸ਼ੀ ਕਾਰਜਪ੍ਰਣਾਲੀ ਤੋਂ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਲੋਕ ਭਲਾਈ ਲਈ ‘ਆਪ’ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਦੇਖਦਿਆਂ ਉਨ੍ਹਾਂ ਨੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।
ਮੁੱਖ ਮੰਤਰੀ ਨੇ ਭਰੋਸਾ ਜਤਾਇਆ ਕਿ ਇਨ੍ਹਾਂ ਤਜਰਬੇਕਾਰ ਜ਼ਮੀਨੀ ਆਗੂਆਂ ਦੇ ਪਾਰਟੀ ਨਾਲ ਜੁੜਨ ਨਾਲ ਮੁਕੇਰੀਆਂ ਵਿੱਚ ਆਮ ਆਦਮੀ ਪਾਰਟੀ ਦਾ ਸੰਗਠਨ ਹੋਰ ਮਜ਼ਬੂਤ ਹੋਵੇਗਾ ਅਤੇ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਨੂੰ ਹਰ ਘਰ ਤੱਕ ਪਹੁੰਚਾਉਣ ਵਿੱਚ ਮਦਦ ਮਿਲੇਗੀ।



