Homeਪੰਜਾਬੀਪੰਜਾਬਬੱਸ ਅੱਡੇ ਦੀ ਬਦਹਾਲੀ: ਗੰਦਾ ਪਾਣੀ ਤੇ ਬਦਬੂ ਨੇ ਲੋਕਾਂ ਦਾ ਜੀਣਾ...

ਬੱਸ ਅੱਡੇ ਦੀ ਬਦਹਾਲੀ: ਗੰਦਾ ਪਾਣੀ ਤੇ ਬਦਬੂ ਨੇ ਲੋਕਾਂ ਦਾ ਜੀਣਾ ਕੀਤਾ ਮੁਸ਼ਕਿਲ

- Advertisement -spot_img

ਸੰਘੋਲ, 16 ਸਤੰਬਰ (ਔਜਲਾ)
ਇਤਿਹਾਸਕ ਕਸਬਾ ਖੇੜੀ ਨੌਧ ਸਿੰਘ ਦੇ ਬੱਸ ਅੱਡੇ ਵਿੱਚ ਪਿਛਲੇ ਕਈ ਦਿਨਾਂ ਤੋਂ ਖੜ੍ਹਾ ਗੰਦਾ ਅਤੇ ਬਦਬੂਦਾਰ ਪਾਣੀ ਲੋਕਾਂ ਲਈ ਗੰਭੀਰ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਨਾਲਾ ਬੰਦ ਹੋਣ ਕਾਰਨ ਪਾਣੀ ਓਵਰਫਲੋ ਹੋ ਕੇ ਸੜਕ ’ਤੇ ਫੈਲ ਗਿਆ ਹੈ, ਜਿਸ ਕਾਰਨ ਬੱਸ ਅੱਡੇ ’ਤੇ ਆਉਣ ਵਾਲੀਆਂ ਸਵਾਰੀਆਂ ਅਤੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਿਸ ਸਥਾਨ ’ਤੇ ਇਹ ਗੰਦਾ ਪਾਣੀ ਖੜ੍ਹਾ ਹੈ, ਉੱਥੋਂ ਕਈ ਪਿੰਡਾਂ ਦੇ ਲੋਕ ਚੰਡੀਗੜ੍ਹ, ਰੋਪੜ, ਮੋਰਿੰਡਾ, ਉੱਚਾ ਪਿੰਡ ਸੰਘੋਲ ਅਤੇ ਫਤਿਹਗੜ੍ਹ ਸਾਹਿਬ ਸਮੇਤ ਹੋਰਨਾਂ ਸ਼ਹਿਰਾਂ ਲਈ ਬੱਸਾਂ ਫੜਦੇ ਹਨ। ਬੱਸ ਦੀ ਉਡੀਕ ਕਰ ਰਹੀਆਂ ਸਵਾਰੀਆਂ ਲਈ ਉਸ ਸਮੇਂ ਹੋਰ ਮੁਸ਼ਕਿਲ ਪੈਦਾ ਹੋ ਜਾਂਦੀ ਹੈ ਜਦੋਂ ਤੇਜ਼ ਰਫ਼ਤਾਰ ਵਾਹਨ ਗੰਦੇ ਪਾਣੀ ਵਿੱਚੋਂ ਲੰਘਦੇ ਹੋਏ ਉਨ੍ਹਾਂ ਦੇ ਕੱਪੜਿਆਂ ’ਤੇ ਛਿੱਟੇ ਮਾਰ ਦਿੰਦੇ ਹਨ।

ਇਸ ਤੋਂ ਇਲਾਵਾ, ਇਸੇ ਰਸਤੇ ਰਾਹੀਂ ਕਈ ਪਿੰਡਾਂ ਦੇ ਬੱਚੇ ਖੇੜੀ ਨੌਧ ਸਿੰਘ ਦੇ ਸਕੂਲ ਵਿੱਚ ਪੜ੍ਹਨ ਲਈ ਜਾਂਦੇ ਹਨ। ਸੜਕ ’ਤੇ ਖੜ੍ਹੇ ਗੰਦੇ ਪਾਣੀ ਕਾਰਨ ਬੱਚਿਆਂ ਦੇ ਕੱਪੜੇ ਵੀ ਅਕਸਰ ਖਰਾਬ ਹੋ ਜਾਂਦੇ ਹਨ। ਪਾਣੀ ਵਿੱਚੋਂ ਆ ਰਹੀ ਤੇਜ਼ ਬਦਬੂ ਕਾਰਨ ਲੋਕਾਂ ਦਾ ਉੱਥੋਂ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ।

ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਗੰਦਾ ਪਾਣੀ ਵਾਹਨਾਂ ਦੇ ਟਾਇਰਾਂ ਰਾਹੀਂ ਆਸ-ਪਾਸ ਦੀਆਂ ਦੁਕਾਨਾਂ ਦੇ ਸਾਹਮਣੇ ਵੀ ਫੈਲ ਜਾਂਦਾ ਹੈ। ਲਗਾਤਾਰ ਪਾਣੀ ਖੜ੍ਹਾ ਰਹਿਣ ਕਾਰਨ ਸੜਕ ਵੀ ਟੁੱਟਣ ਲੱਗ ਪਈ ਹੈ। ਇਸ ਦੇ ਬਾਵਜੂਦ ਸਬੰਧਤ ਵਿਭਾਗ ਵੱਲੋਂ ਸਮੱਸਿਆ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।

ਦੱਸਿਆ ਜਾਂਦਾ ਹੈ ਕਿ ਇਹ ਗੰਦਾ ਪਾਣੀ ਕਿਸੇ ਰਿਹਾਇਸ਼ੀ ਇਲਾਕੇ ਦਾ ਨਹੀਂ, ਸਗੋਂ ਕੁਝ ਦੁਕਾਨਾਂ ਵਿੱਚੋਂ ਨਿਕਲਣ ਵਾਲਾ ਪਾਣੀ ਹੈ। ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਜਿਨ੍ਹਾਂ ਦੁਕਾਨਾਂ ਦੇ ਪਾਣੀ ਕਾਰਨ ਇਹ ਸਮੱਸਿਆ ਪੈਦਾ ਹੋ ਰਹੀ ਹੈ, ਉਨ੍ਹਾਂ ਦੇ ਮਾਲਕ ਵੀ ਇਸ ਦਾ ਹੱਲ ਕਰਨ ਦੀ ਬਜਾਏ ਚੁੱਪ ਧਾਰੀ ਬੈਠੇ ਹਨ।

watch……ਜੀਐਮਸੀ ਪਟਿਆਲਾ ’ਚ ਸਫਲ ਕਿਡਨੀ ਟ੍ਰਾਂਸਪਲਾਂਟ, ਮਰੀਜ਼ ਨੂੰ ਪਤਨੀ ਨੇ ਦਿੱਤੀ ਕਿਡਨੀ

ਇਲਾਕਾ ਵਾਸੀ ਮੋਹਣ ਸਿੰਘ, ਜਸਵਿੰਦਰ ਸਿੰਘ, ਰਵਿੰਦਰ ਸਿੰਘ, ਬਲਵਿੰਦਰ ਸਿੰਘ, ਰਾਜਵੀਰ ਸਿੰਘ, ਅਸ਼ੋਕ ਕੁਮਾਰ, ਗੁਰਮੇਲ ਸਿੰਘ, ਵਰਿੰਦਰ ਸਿੰਘ ਅਤੇ ਹਰਪਾਲ ਸਿੰਘ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕਰਵਾਇਆ ਜਾਵੇ।

ਉਨ੍ਹਾਂ ਕਿਹਾ ਕਿ ਗੰਦੇ ਪਾਣੀ ਵਿੱਚ ਰੋਜ਼ਾਨਾ ਜੀਵ-ਜੰਤੂ ਅਤੇ ਜ਼ਹਿਰੀਲੇ ਕੀੜੇ-ਮਕੌੜੇ ਪੈਦਾ ਹੋ ਰਹੇ ਹਨ, ਜਿਸ ਕਾਰਨ ਇਲਾਕੇ ਵਿੱਚ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਾਲੇ ਦੀ ਸਫ਼ਾਈ ਕਰਵਾ ਕੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲ ਸਕੇ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here