Homeਪੰਜਾਬੀਪੰਜਾਬਪਟਿਆਲਾ ’ਚ 18-19 ਸਤੰਬਰ ਨੂੰ ਹੋਣਗੇ ‘ਹਮਾਰੇ ਰਾਮ’ ਦੇ 4 ਸ਼ੋਅ, ਮੁਫ਼ਤ...

ਪਟਿਆਲਾ ’ਚ 18-19 ਸਤੰਬਰ ਨੂੰ ਹੋਣਗੇ ‘ਹਮਾਰੇ ਰਾਮ’ ਦੇ 4 ਸ਼ੋਅ, ਮੁਫ਼ਤ ਮਿਲਣਗੇ ਪਾਸ

- Advertisement -spot_img

ਪਟਿਆਲਾ, 17 ਸਤੰਬਰ

ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਪਰੰਪਰਾਗਤ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ‘ਹਮਾਰੇ ਰਾਮ’ ਨਾਟਕ ਦੀਆਂ ਪੇਸ਼ਕਾਰੀਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ 18 ਅਤੇ 19 ਸਤੰਬਰ ਨੂੰ ਪਟਿਆਲਾ ਸਥਿਤ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਭਾਦਸੋਂ ਰੋਡ ਵਿਖੇ ਨਾਟਕ ਦੇ ਚਾਰ ਸ਼ੋਅ ਕਰਵਾਏ ਜਾਣਗੇ।

ਇਹ ਜਾਣਕਾਰੀ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਪੰਜਾਬ ਹੈਰੀਟੇਜ ਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਸਲਾਹਕਾਰ ਦੀਪਕ ਬਾਲੀ ਨੇ ਦਿੱਤੀ। ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਪਹੁੰਚ ਕੇ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਦੇ ਜੀਵਨ, ਆਦਰਸ਼ਾਂ ਅਤੇ ਸਦੀਵੀ ਸੰਦੇਸ਼ ’ਤੇ ਆਧਾਰਿਤ ਇਸ ਵਿਸ਼ੇਸ਼ ਨਾਟਕ ਦਾ ਆਨੰਦ ਮਾਣਨ। ਉਨ੍ਹਾਂ ਦੱਸਿਆ ਕਿ ਸ਼ੋਅ ਲਈ ਮੁਫ਼ਤ ਪਾਸ ਵਿਧਾਇਕਾਂ, ਜ਼ਿਲ੍ਹਾ ਪ੍ਰਸ਼ਾਸਨ ਦੇ ਦਫ਼ਤਰਾਂ ਅਤੇ ਬੁੱਕ ਮਾਈ ਸ਼ੋਅ ਰਾਹੀਂ ਪ੍ਰਾਪਤ ਕੀਤੇ ਜਾ ਸਕਦੇ ਹਨ।

ਪਟਿਆਲਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਅਤੇ ਬਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਮਾਇਣ ਦੇ ਇਤਿਹਾਸਕ ਮਹਾਂਕਾਵਿ ਰਾਹੀਂ ਸਨਾਤਨ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਭਗਵਾਨ ਸ੍ਰੀ ਰਾਮ ਦੇ ਜੀਵਨ ਤੇ ਸਿੱਖਿਆਵਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਲੋਕਾਂ ਦੀਆਂ ਨਿੱਜੀ ਆਸਥਾਵਾਂ ਦਾ ਸਤਿਕਾਰ ਕਰਦੀ ਹੈ ਅਤੇ ਧਾਰਮਿਕ ਮਾਨਤਾਵਾਂ ਤੋਂ ਉੱਪਰ ਉੱਠ ਕੇ ਵੱਖ-ਵੱਖ ਧਾਰਮਿਕ ਤੇ ਸੱਭਿਆਚਾਰਕ ਸਮਾਗਮ ਕਰਵਾਉਂਦੀ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਅਤੇ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਮਨਾਉਣ ਦੇ ਨਾਲ-ਨਾਲ ‘ਏਕ ਸ਼ਾਮ ਭਗਵਾਨ ਸ਼ਿਵ ਕੇ ਸੰਗ’ ਅਤੇ ‘ਹਮਾਰੇ ਰਾਮ’ ਵਰਗੀਆਂ ਪੇਸ਼ਕਾਰੀਆਂ ਵੀ ਕਰਵਾਈਆਂ ਜਾ ਰਹੀਆਂ ਹਨ।

ਸਿਹਤ ਮੰਤਰੀ ਅਤੇ  ਬਾਲੀ ਨੇ ਦੱਸਿਆ ਕਿ ਪੰਜਾਬ ਭਰ ਵਿੱਚ ‘ਹਮਾਰੇ ਰਾਮ’ ਦੀਆਂ ਕੁੱਲ 41 ਪੇਸ਼ਕਾਰੀਆਂ ਕਰਵਾਈਆਂ ਜਾ ਰਹੀਆਂ ਹਨ। ਪਟਿਆਲਾ ਵਿਖੇ 18 ਅਤੇ 19 ਸਤੰਬਰ ਨੂੰ ਦੁਪਹਿਰ 2 ਵਜੇ ਅਤੇ ਸ਼ਾਮ 6 ਵਜੇ ਚਾਰ ਸ਼ੋਅ ਹੋਣਗੇ, ਜਿਨ੍ਹਾਂ ਲਈ ਲਾਈਟ ਅਤੇ ਸਾਊਂਡ ਸਮੇਤ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਫੈਲਿਸਿਟੀ ਥੀਏਟਰ ਵੱਲੋਂ ਤਿਆਰ ਕੀਤਾ ਗਿਆ ‘ਹਮਾਰੇ ਰਾਮ’ ਇੱਕ ਵਿਸ਼ਾਲ ਹਿੰਦੀ ਸਟੇਜ ਪ੍ਰੋਗਰਾਮ ਹੈ, ਜਿਸ ਵਿੱਚ ਸ਼ਾਨਦਾਰ ਦ੍ਰਿਸ਼ਾਂ, ਹਵਾਈ ਕਲਾਬਾਜ਼ੀਆਂ ਅਤੇ ਆਧੁਨਿਕ ਸਟੇਜ ਤਕਨਾਲੋਜੀ ਰਾਹੀਂ ਰਾਮਾਇਣ ਦੀ ਕਥਾ ਨੂੰ ਜੀਵੰਤ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਨਾਟਕ ਵਿੱਚ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਰਾਵਣ ਦੀ ਭੂਮਿਕਾ ਅਤੇ ਰਾਹੁਲ ਆਰ. ਭੂਚਰ ਭਗਵਾਨ ਸ੍ਰੀ ਰਾਮ ਦੀ ਭੂਮਿਕਾ ਨਿਭਾ ਰਹੇ ਹਨ।

ਸ੍ਰੀ ਦੀਪਕ ਬਾਲੀ ਨੇ ਨਾਟਕ ਦੀ ਵਿਲੱਖਣਤਾ ਬਾਰੇ ਦੱਸਦਿਆਂ ਕਿਹਾ ਕਿ ਰਵਾਇਤੀ ਪੇਸ਼ਕਾਰੀਆਂ ਤੋਂ ਵੱਖਰੇ ਢੰਗ ਨਾਲ ‘ਹਮਾਰੇ ਰਾਮ’ ਰਾਮਾਇਣ ਨੂੰ ਨਵੇਂ ਅਤੇ ਅਣਛੂਹੇ ਦ੍ਰਿਸ਼ਟੀਕੋਣ ਤੋਂ ਦਰਸਾਉਂਦਾ ਹੈ। ਕਥਾ ਸੀਤਾ ਮਾਤਾ ਦੇ ਵਿਛੋੜੇ ਤੋਂ ਬਾਅਦ ਲਵ ਅਤੇ ਕੁਸ਼ ਵੱਲੋਂ ਭਗਵਾਨ ਸ੍ਰੀ ਰਾਮ ਦਾ ਸਾਹਮਣਾ ਕਰਨ ਤੋਂ ਸ਼ੁਰੂ ਹੁੰਦੀ ਹੈ ਅਤੇ ਸੂਰਜ ਦੇਵਤਾ ਦੇ ਅਲੌਕਿਕ ਦ੍ਰਿਸ਼ਟੀਕੋਣ ਰਾਹੀਂ ਅੱਗੇ ਵਧਦੀ ਹੈ, ਜੋ ਦਰਸ਼ਕਾਂ ਨੂੰ ਮਹਾਂਕਾਵਿ ਦੀ ਇੱਕ ਨਵੀਂ ਵਿਆਖਿਆ ਨਾਲ ਜੋੜਦੀ ਹੈ।

watch…..ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਲਈ ਪੰਜਾਬ ਸਰਕਾਰ ਨੇ ਬਣਾਈ ਸੱਤ ਮੈਂਬਰੀ ਕਮੇਟੀ

ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਨ੍ਹਾਂ ਪੇਸ਼ਕਾਰੀਆਂ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਭਾਰਤ ਦੀ ਅਧਿਆਤਮਿਕ, ਸੱਭਿਆਚਾਰਕ ਅਤੇ ਨੈਤਿਕ ਵਿਰਾਸਤ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਸੰਗੀਤ, ਵਿਜ਼ੂਅਲ ਇਫੈਕਟਸ ਅਤੇ ਆਧੁਨਿਕ ਤਕਨਾਲੋਜੀ ਦੇ ਸੁਮੇਲ ਨਾਲ ਤਿਆਰ ਇਹ ਵਿਸ਼ਾਲ ਨਾਟਕੀ ਪੇਸ਼ਕਾਰੀ ਦਰਸ਼ਕਾਂ ਨੂੰ ਇੱਕ ਵਿਲੱਖਣ ਸੱਭਿਆਚਾਰਕ ਅਨੁਭਵ ਪ੍ਰਦਾਨ ਕਰੇਗੀ।

ਇਸ ਮੌਕੇ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਹਰਪਾਲ ਸਿੰਘ ਵਿਰਕ, ਏਡੀਸੀ ਦਿਹਾਤੀ ਵਿਕਾਸ ਦਮਨਜੀਤ ਸਿੰਘ ਮਾਨ ਸਮੇਤ ਹੋਰ ਆਗੂ ਅਤੇ ਅਧਿਕਾਰੀ ਮੌਜੂਦ ਸਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here