Homeਪੰਜਾਬੀਪੰਜਾਬ‘ਪੋਸਟਰ ਵਾਰ’ ਨੇ ਬੱਸੀ ਪਠਾਣਾਂ ਦਾ ਸਿਆਸੀ ਪਾਰਾ ਚੜ੍ਹਾਇਆ

‘ਪੋਸਟਰ ਵਾਰ’ ਨੇ ਬੱਸੀ ਪਠਾਣਾਂ ਦਾ ਸਿਆਸੀ ਪਾਰਾ ਚੜ੍ਹਾਇਆ

- Advertisement -spot_img

ਬੱਸੀ ਪਠਾਣਾਂ, 27 ਸਤੰਬਰ (ਰਣਜੋਧ ਸਿੰਘ ਔਜਲਾ)

ਵਿਧਾਨ ਸਭਾ ਹਲਕਾ ਬੱਸੀ ਪਠਾਣਾਂ (ਰਾਖਵਾਂ) ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਦੇ ਨਾਲ ਹੀ ‘ਪੋਸਟਰ ਵਾਰ’ ਵੀ ਸ਼ੁਰੂ ਹੋ ਗਈ ਹੈ। ਹਾਲਾਂਕਿ ਚੋਣਾਂ ਦੀਆਂ ਤਰੀਕਾਂ ਦਾ ਅਜੇ ਐਲਾਨ ਨਹੀਂ ਹੋਇਆ, ਪਰ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਸੰਭਾਵੀ ਦਾਅਵੇਦਾਰਾਂ ਵੱਲੋਂ ਹਲਕੇ ਵਿੱਚ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ।

ਇਸ ਪੋਸਟਰਬਾਜ਼ੀ ਨੂੰ ਲੈ ਕੇ ਹਲਕੇ ਦੇ ਕਈ ਲੋਕਾਂ ਵਿੱਚ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਮੱਦੇਨਜ਼ਰ ਉਨ੍ਹਾਂ ਨੇ ਹਜ਼ਾਰਾਂ ਰੁਪਏ ਖਰਚ ਕਰਕੇ ਘਰਾਂ ਅਤੇ ਦੁਕਾਨਾਂ ਦੀਆਂ ਦੀਵਾਰਾਂ ’ਤੇ ਰੰਗ-ਰੋਗਨ ਕਰਵਾਇਆ ਸੀ, ਪਰ ਪੋਸਟਰਾਂ ਕਾਰਨ ਦੀਵਾਰਾਂ ਦੀ ਦਿੱਖ ਖ਼ਰਾਬ ਹੋ ਰਹੀ ਹੈ।

ਹਲਕੇ ਵਿੱਚ ਲੱਗੇ ਪੋਸਟਰਾਂ ਵਿੱਚ ਆਮ ਆਦਮੀ ਪਾਰਟੀ, ਕਾਂਗਰਸ, ਵਾਰਿਸ ਪੰਜਾਬ ਦੇ, ਭਾਜਪਾ ਸਮੇਤ ਹੋਰਨਾਂ ਪਾਰਟੀਆਂ ਨਾਲ ਜੁੜੇ ਆਗੂਆਂ ਅਤੇ ਸੰਭਾਵੀ ਦਾਅਵੇਦਾਰਾਂ ਦੇ ਨਾਮ ਨਜ਼ਰ ਆ ਰਹੇ ਹਨ। ਇਨ੍ਹਾਂ ਵਿੱਚ ਮੌਜੂਦਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਅਤੇ ਆਮ ਆਦਮੀ ਪਾਰਟੀ ਦੇ ਐੱਸਸੀ ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀਪੀ ਪ੍ਰਮੁੱਖ ਹਨ। ਇਸ ਤੋਂ ਇਲਾਵਾ ਕਾਂਗਰਸ ਦੇ ਡਾ. ਮਨੋਹਰ ਸਿੰਘ, ਬੀਬੀ ਅਮਨਦੀਪ ਕੌਰ ਢੋਲੇਵਾਲ, ਐਡਵੋਕੇਟ ਗੁਰਜੀਤ ਸਿੰਘ ਮਾਰਬਾ ਅਤੇ ਭਾਜਪਾ ਦੇ ਕੁਲਦੀਪ ਸਿੰਘ ਸਿੱਧੂਪੁਰ ਸਮੇਤ ਹੋਰਨਾਂ ਸਿਆਸੀ ਧਿਰਾਂ ਨਾਲ ਜੁੜੇ ਦਾਅਵੇਦਾਰ ਵੀ ਸਰਗਰਮ ਦਿਖਾਈ ਦੇ ਰਹੇ ਹਨ।

ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਸਭ ਤੋਂ ਵੱਧ ਸਿਆਸੀ ਸਰਗਰਮੀ ਆਮ ਆਦਮੀ ਪਾਰਟੀ ਵਿੱਚ ਨਜ਼ਰ ਆ ਰਹੀ ਹੈ। ਵਿਧਾਇਕ ਰੁਪਿੰਦਰ ਸਿੰਘ ਹੈਪੀ ਵੱਲੋਂ ਹਲਕੇ ਵਿੱਚ ਲਗਾਤਾਰ ਮੀਟਿੰਗਾਂ ਅਤੇ ਹੋਰ ਪ੍ਰੋਗਰਾਮ ਕੀਤੇ ਜਾ ਰਹੇ ਹਨ। ਦੂਜੇ ਪਾਸੇ ਗੁਰਪ੍ਰੀਤ ਸਿੰਘ ਜੀਪੀ ਵੱਲੋਂ ਹਲਕੇ ਦੇ ਵੱਡੇ ਕਸਬਿਆਂ ਵਿੱਚ ਘੁੰਮਣ ਬ੍ਰਦਰਜ਼ ਸਮੇਤ ਕਈ ਪ੍ਰਮੁੱਖ ਚਿਹਰਿਆਂ ਨਾਲ ਵੱਡੇ ਇਕੱਠ ਕੀਤੇ ਜਾ ਰਹੇ ਹਨ।

ਖਾਸ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨਾਲ ਜੁੜੇ ਇਨ੍ਹਾਂ ਦਾਅਵੇਦਾਰਾਂ ਦੀਆਂ ਸਰਗਰਮੀਆਂ ਦੌਰਾਨ ਇਕ-ਦੂਜੇ ’ਤੇ ਸਿੱਧੇ ਨਿੱਜੀ ਹਮਲਿਆਂ ਦੀ ਬਜਾਏ ਸਰਕਾਰ ਅਤੇ ਪਾਰਟੀ ਦੀਆਂ ਉਪਲਬਧੀਆਂ ਨੂੰ ਉਜਾਗਰ ਕਰਨ ’ਤੇ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ।

ਉੱਧਰ ਕਾਂਗਰਸ ਵਿੱਚ ਵੀ ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਸਰਗਰਮੀਆਂ ਜਾਰੀ ਹਨ। ਡਾ. ਮਨੋਹਰ ਸਿੰਘ ਆਪਣੀ ਹੀ ਪਾਰਟੀ ਦੀ ਆਗੂ ਬੀਬੀ ਅਮਨਦੀਪ ਕੌਰ ਢੋਲੇਵਾਲ ਵੱਲੋਂ ਕੀਤੀ ਗਈ ਇੱਕ ਟਿੱਪਣੀ ਦੇ ਮਾਮਲੇ ਨੂੰ ਲੈ ਕੇ ਅਦਾਲਤ ਤੱਕ ਪਹੁੰਚ ਚੁੱਕੇ ਹਨ।

watch…..ਚਾਵਲਾ ਮਾਮਲੇ ’ਚ SIT ਦੀ ਮੰਗ, ਅਕਾਲੀ ਦਲ (ਪੁਨਰ ਸੁਰਜੀਤ) ਨੇ CM ਮਾਨ ਨੂੰ ਸੌਂਪਿਆ ਮੰਗ ਪੱਤਰ

ਇਸ ਦੇ ਨਾਲ ਹੀ ਕਾਂਗਰਸ ਦੇ ਕੁਝ ਆਗੂਆਂ ਵੱਲੋਂ ਡਾ. ਮਨੋਹਰ ਸਿੰਘ ਦੀਆਂ ਹਲਕੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਤੋਂ ਦੂਰੀ ਬਣਾਏ ਜਾਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ ਡਾ. ਮਨੋਹਰ ਸਿੰਘ ਦੀਆਂ ਗਤੀਵਿਧੀਆਂ ਵਿੱਚ ਸ਼ਮੂਲੀਅਤ ਨਹੀਂ ਕਰਨਗੇ। ਉਨ੍ਹਾਂ ਮੁਤਾਬਕ ਬਲਾਕ ਸੰਮਤੀ ਅਤੇ ਕੌਂਸਲ ਚੋਣਾਂ ਦੌਰਾਨ ਡਾ. ਮਨੋਹਰ ਸਿੰਘ ਵੱਲੋਂ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਦੇ ਮੁਕਾਬਲੇ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਗਏ ਸਨ।

ਦੂਜੇ ਪਾਸੇ ਵਾਰਿਸ ਪੰਜਾਬ ਦੇ ਵੱਲੋਂ ਸ਼ਹੀਦ ਭਾਈ ਕੇਹਰ ਸਿੰਘ, ਪੁੱਤਰ ਸ਼ਹੀਦ ਭਾਈ ਸਤਵੰਤ ਸਿੰਘ ਖ਼ਾਲਸਾ, ਅਤੇ ਸ਼ਹੀਦ ਭਾਈ ਬੇਅੰਤ ਸਿੰਘ ਦੀ ਸਪੁੱਤਰੀ ਬੀਬੀ ਅੰਮ੍ਰਿਤ ਕੌਰ ਮਲੋਆ ਦੇ ਆਜ਼ਾਦ ਤੌਰ ’ਤੇ ਚੋਣ ਲੜਨ ਦੀ ਗੱਲ ਸਾਹਮਣੇ ਆਈ ਹੈ।

ਹਾਲਾਂਕਿ ਅਜੇ ਤੱਕ ਕਿਸੇ ਵੀ ਪ੍ਰਮੁੱਖ ਸਿਆਸੀ ਪਾਰਟੀ ਨੇ ਬੱਸੀ ਪਠਾਣਾਂ ਹਲਕੇ ਤੋਂ ਆਪਣੇ ਉਮੀਦਵਾਰ ਦਾ ਅਧਿਕਾਰਤ ਐਲਾਨ ਨਹੀਂ ਕੀਤਾ, ਪਰ ਸੰਭਾਵੀ ਦਾਅਵੇਦਾਰਾਂ ਦੀਆਂ ਸਰਗਰਮੀਆਂ ਅਤੇ ਪੋਸਟਰਾਂ ਨੇ ਹਲਕੇ ਦਾ ਸਿਆਸੀ ਮਾਹੌਲ ਗਰਮਾ ਦਿੱਤਾ ਹੈ। ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਸ਼ੁਰੂ ਹੋਈ ਇਹ ‘ਪੋਸਟਰ ਵਾਰ’ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜ਼ ਹੋਣ ਦੇ ਆਸਾਰ ਹਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here