
ਪਟਿਆਲਾ, 26 ਅਪ੍ਰੈਲ
ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੁੱਡੀ ਕਲਾਂ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸ਼੍ਰੋਮਣੀ ਬਾਲ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ ਨਾਲ ਵਿਦਿਆਰਥੀਆਂ ਦੀ ਰੂਬਰੂ ਮੁਲਾਕਾਤ ਕਰਵਾਈ ਗਈ। ਸਮਾਗਮ ਦੀ ਪ੍ਰਧਾਨਗੀ ਕਲਾਕਾਰ ਸਾਹਿਤ ਦੇ ਸੰਪਾਦਕ ਅਤੇ ਅਕਾਦਮੀ ਦੇ ਕਾਰਜਕਾਰੀ ਮੈਂਬਰ ਸਰਦਾਰ ਕੰਵਰਜੀਤ ਭੱਠਲ ਨੇ ਕੀਤੀ। ਵਿਸ਼ੇਸ਼ ਮਹਿਮਾਨਾਂ ਵਜੋਂ ਪ੍ਰਿੰਸੀਪਲ ਅਨਿਲ ਕੁਮਾਰ ਮੋਦੀ, ਖੁੱਡੀ ਕਲਾਂ ਦੇ ਸਰਪੰਚ ਸਿਮਰਜੀਤ ਸਿੰਘ, ਅਤੇ ਨਗਰ ਗ੍ਰਾਮ ਪੰਚਾਇਤ ਦੇ ਮੈਂਬਰ ਸ਼ਾਮਿਲ ਹੋਏ।
ਸਕੂਲ ਇੰਚਾਰਜ ਅਵਿਨਾਸ਼ ਕੌਰ ਨੇ ਸਵਾਗਤੀ ਸ਼ਬਦ ਕਹਿੰਦਿਆਂ ਜ਼ੋਰ ਦਿੱਤਾ ਕਿ ਪਾਠਕ੍ਰਮ ਦੇ ਲੇਖਕ ਨਾਲ ਵਿਦਿਆਰਥੀਆਂ ਦੀ ਮੁਲਾਕਾਤ ਬਹੁਤ ਅਹਿਮ ਹੁੰਦੀ ਹੈ। ਡਾ. ਦਰਸ਼ਨ ਸਿੰਘ ਆਸ਼ਟ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੱਚਿਆਂ ਲਈ ਲਿਖਣਾ ਇਸ ਲਈ ਚੁਣੌਤੀਪੂਰਨ ਹੈ ਕਿਉਂਕਿ ਉਨ੍ਹਾਂ ਦੇ ਮਨੋਵਿਗਿਆਨ ਨੂੰ ਸਮਝਣ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਾਠ ਪੁਸਤਕ ਨਾਲ ਜੁੜਨ ਲਈ ਬੱਚਿਆਂ ਨੂੰ ਬਾਲ ਸਾਹਿਤ ਦਾ ਅਧਿਐਨ ਕਰਨਾ ਬੇਹੱਦ ਜਰੂਰੀ ਹੈ। ਡਾ. ਆਸ਼ਟ ਨੇ ਬੱਚਿਆਂ ਨੂੰ ਗੀਤ ਅਤੇ ਕਵਿਤਾਵਾਂ ਸੁਣਾ ਕੇ ਪ੍ਰਕਿਰਤੀ ਅਤੇ ਪੰਜਾਬੀ ਭਾਸ਼ਾ ਨਾਲ ਡੂੰਘਾ ਸਬੰਧ ਜੋੜਨ ਦੀ ਪ੍ਰੇਰਨਾ ਦਿੱਤੀ। ਦਸਵੀਂ ਜਮਾਤ ਦੀ ਵਿਦਿਆਰਥਣ ਨੇ ਡਾ. ਆਸ਼ਟ ਦੀ ਕਵਿਤਾ ‘ਹੇ ਅਧਿਆਪਕ’ ਪੜ੍ਹ ਕੇ ਸਰੋਤਿਆਂ ਦਾ ਮਨ ਮੋਹਿਆ।
watch…..ਪੰਜਾਬੀ ਯੂਨੀਵਰਸਿਟੀ ਵਿਖੇ ਚਿੱਤਰ ਪ੍ਰਦਰਸ਼ਨੀ ਦੀ ਸ਼ੁਰੂਆਤ
ਖੁੱਡੀ ਕਲਾਂ ਦੇ ਸਰਪੰਚ ਸਿਮਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਮੋਬਾਈਲ ਤੋਂ ਦੂਰ ਰਹਿ ਕੇ ਕਿਤਾਬਾਂ ਨਾਲ ਜੁੜਨ ਦਾ ਸੁਨੇਹਾ ਦਿੱਤਾ। ਲੈਕਚਰਾਰ ਰਾਜੀਵ ਕੁਮਾਰ ਨੇ ਬੱਚਿਆਂ ਨੂੰ ਬਾਲ ਰਸਾਲੇ ਪੜ੍ਹਨ ਲਈ ਉਤਸ਼ਾਹਿਤ ਕੀਤਾ। ਸਰਦਾਰ ਕੰਵਰਜੀਤ ਭੱਠਲ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਭੇਟ ਕਰਦਿਆਂ ਕਿਹਾ, “ਬੱਚੇ ਸਾਡਾ ਭਵਿੱਖ ਹਨ, ਇਨ੍ਹਾਂ ਨੂੰ ਸੰਭਾਲਣਾ ਅਤੇ ਸਹੀ ਰਾਹ ਦਿਖਾਉਣਾ ਸਾਡੀ ਜ਼ਿੰਮੇਵਾਰੀ ਹੈ।” ਪ੍ਰਿੰਸੀਪਲ ਅਨਿਲ ਕੁਮਾਰ ਮੋਦੀ ਨੇ ਕਿਹਾ ਕਿ ਬੱਚਿਆਂ ਲਈ ਅਜਿਹੇ ਪ੍ਰੇਰਨਾਦਾਇਕ ਸਮਾਗਮ ਬਹੁਤ ਜ਼ਰੂਰੀ ਹਨ।
ਮੰਚ ਸੰਚਾਲਨ ਕਰਦਿਆਂ ਹਿੰਦੀ ਅਧਿਆਪਕ ਤਰਸੇਮ ਨੇ ਕਿਹਾ ਕਿ ਜੇਕਰ ਬੱਚੇ ਮਿਹਨਤ ਕਰਨ, ਤਾਂ ਉਹ ਵੀ ਕਵਿਤਾਵਾਂ ਅਤੇ ਕਹਾਣੀਆਂ ਲਿਖ ਸਕਦੇ ਹਨ, ਪਰ ਲਿਖਣ ਲਈ ਪੜ੍ਹਨਾ ਅਤਿ ਜ਼ਰੂਰੀ ਹੈ। ਸਮਾਗਮ ਦੌਰਾਨ ਡਾ. ਆਸ਼ਟ ਨੂੰ ਪੰਜਾਬੀ ਸਾਹਿਤ ਅਕਾਦਮੀ ਅਤੇ ਸਕੂਲ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਸਮਾਗਮ ਵਿੱਚ ਹਰਬੰਸ ਸਿੰਘ, ਮੱਖਣ ਸਿੰਘ, ਸੁਖਬੀਰ ਸਿੰਘ, ਦਿਨੇਸ਼ ਕੁਮਾਰ, ਹਿਮਾਂਸ਼ੂ ਸਿੰਗਲਾ, ਸਤਨਾਮ ਸਿੰਘ, ਬਿੰਦੂ ਅਗਰਵਾਲ, ਨੀਲਮਨੀ, ਅਰਚਨਾ, ਕਿਰਤ ਬਾਲਾ, ਮਨਇੰਦਰ, ਪੁਸ਼ਪਿੰਦਰ ਕੌਰ, ਇਰਾ ਅਗਰਵਾਲ, ਆਰਤੀ, ਨਵਨੀਤ ਗਰਗ, ਸ਼ਰਨਜੀਤ ਕੌਰ, ਅਮਨਦੀਪ ਕੌਰ, ਸੋਨੀਆ ਰਾਣੀ, ਸੀਮਾ ਗੁਪਤਾ, ਇੰਦੂ ਰਾਣੀ, ਅਰਵਿੰਦ ਕੁਮਾਰ, ਮਨਜਿੰਦਰ ਸਿੰਘ, ਅਮਰਜੀਤ ਸਿੰਘ, ਮਨਿੰਦਰ ਕੁਮਾਰ, ਰੁਪਿੰਦਰ ਜਟਾਣਾ ਆਦਿ ਸ਼ਾਮਿਲ ਸਨ।
