Homeਪੰਜਾਬੀਪੰਜਾਬਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਆਪਣਾ ਪੰਜਾਬ ਫਾਊਂਡੇਸ਼ਨ ਦੀ ਵੱਡੀ ਪਹਿਲ

ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਆਪਣਾ ਪੰਜਾਬ ਫਾਊਂਡੇਸ਼ਨ ਦੀ ਵੱਡੀ ਪਹਿਲ

- Advertisement -spot_img

ਪਟਿਆਲਾ, 19 ਸਤੰਬਰ

ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਇਸ ਸਾਲ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਵਿਸ਼ੇਸ਼ ਸਮਾਗਮ ਪੰਜਾਬ ਕਲਾ ਪਰਿਸ਼ਦ, ਸੈਕਟਰ 16-ਬੀ, ਚੰਡੀਗੜ੍ਹ ਵਿਖੇ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਕਰਵਾਇਆ ਜਾਵੇਗਾ। ਪੰਜਾਬ ਕਲਾ ਪਰਿਸ਼ਦ ਇਸ ਸਮਾਗਮ ਵਿੱਚ ਸਹਿਯੋਗੀ ਸੰਸਥਾ ਵਜੋਂ ਭੂਮਿਕਾ ਨਿਭਾਏਗੀ। ਸਮਾਗਮ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਜੁੜੀਆਂ ਸ਼ਖ਼ਸੀਅਤਾਂ, ਵਿਦਵਾਨਾਂ, ਸਾਹਿਤਕਾਰਾਂ ਅਤੇ ਪੰਜਾਬੀ ਹਿਤੈਸ਼ੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਹ ਜਾਣਕਾਰੀ ਆਪਣਾ ਪੰਜਾਬ ਫਾਊਂਡੇਸ਼ਨ ਦੇ ਫਾਊਂਡਰ ਅਤੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਆਪਣੇ ਸਾਥੀਆਂ ਸਮੇਤ ਪਟਿਆਲਾ ਮੀਡੀਆ ਕਲੱਬ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।

2025 ਵਿੱਚ ਲਿਆ ਗਿਆ ਸੀ ਵਿਸ਼ਵ ਪੰਜਾਬੀ ਦਿਵਸ ਮਨਾਉਣ ਦਾ ਫੈਸਲਾ

ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਵਜੋਂ ਮਨਾਉਣ ਦਾ ਫੈਸਲਾ ਸਾਲ 2025 ਵਿੱਚ ਲਿਆ ਗਿਆ ਸੀ। ਇਸ ਤਹਿਤ ਪਹਿਲਾ ਸਮਾਗਮ 23 ਸਤੰਬਰ 2025 ਨੂੰ ਪਟਿਆਲਾ ਦੇ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਕਰਵਾਇਆ ਗਿਆ ਸੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਪ੍ਰੇਮੀਆਂ, ਵਿਦਵਾਨਾਂ ਅਤੇ ਸਿੱਖਿਆ ਖੇਤਰ ਨਾਲ ਸਬੰਧਤ ਸ਼ਖ਼ਸੀਅਤਾਂ ਨੇ ਹਿੱਸਾ ਲਿਆ ਸੀ।

ਫਾਊਂਡੇਸ਼ਨ ਵੱਲੋਂ ਇਸ ਦਿਨ ਨੂੰ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ, ਪੰਜਾਬੀ ਸਾਹਿਤ ਤੇ ਸੱਭਿਆਚਾਰ ਨਾਲ ਜੁੜਨ ਅਤੇ ਵਿਸ਼ਵ ਪੱਧਰ ’ਤੇ ਪੰਜਾਬੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਮਰਪਿਤ ਕਰਨ ਦੀ ਅਪੀਲ ਕੀਤੀ ਗਈ ਹੈ।

23 ਸਤੰਬਰ ਦੀ ਚੋਣ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਨਾਲ ਜੋੜ ਕੇ ਕੀਤੀ ਗਈ ਹੈ। ਫਾਊਂਡੇਸ਼ਨ ਅਨੁਸਾਰ ਇਹ ਦਿਨ ਪੰਜਾਬੀ ਭਾਸ਼ਾ ਦੀ ਲੰਮੀ ਸਾਹਿਤਕ ਅਤੇ ਸੱਭਿਆਚਾਰਕ ਪਰੰਪਰਾ ਨੂੰ ਯਾਦ ਕਰਨ, ਇਸ ਦੀ ਸੰਭਾਲ ਕਰਨ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਮੌਕਾ ਹੈ।

‘ਮੇਰੀ ਪੰਜਾਬੀ-ਮੇਰਾ ਮਾਣ’ ਮੁਹਿੰਮ ਦੀ ਸ਼ੁਰੂਆਤ

ਵਿਸ਼ਵ ਪੰਜਾਬੀ ਦਿਵਸ ਮੌਕੇ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ‘ਮੇਰੀ ਪੰਜਾਬੀ-ਮੇਰਾ ਮਾਣ’ ਨਾਮ ਦੀ ਵਿਸ਼ੇਸ਼ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ। ਇਸ ਦਾ ਉਦੇਸ਼ ਲੋਕਾਂ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਮਾਣ, ਪਿਆਰ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਅਤੇ ਪੰਜਾਬੀ ਨੂੰ ਰੋਜ਼ਾਨਾ ਜੀਵਨ, ਸਿੱਖਿਆ, ਸਾਹਿਤ, ਸਮਾਜਿਕ ਸੰਚਾਰ ਅਤੇ ਡਿਜੀਟਲ ਮਾਧਿਅਮਾਂ ਵਿੱਚ ਵੱਧ ਤੋਂ ਵੱਧ ਵਰਤਣ ਲਈ ਪ੍ਰੇਰਿਤ ਕਰਨਾ ਹੈ।

watch……ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮਾਨ ਸਰਕਾਰ ਦਾ ਵੱਡਾ ਫੈਸਲਾ, ਮੁਲਾਜ਼ਮਾਂ ਨੂੰ ਮਿਲੇਗਾ 8% DA

ਮੁਹਿੰਮ ਤਹਿਤ ਲੋਕਾਂ ਨੂੰ:

  • ਪੰਜਾਬੀ ਵਿੱਚ ਦਸਤਖ਼ਤ ਕਰਨ।
  • ਪੰਜਾਬੀ ਵਿੱਚ ਆਪਣੀਆਂ ਮੂਲ ਰਚਨਾਵਾਂ ਸਾਂਝੀਆਂ ਕਰਨ।
  • ਪੰਜਾਬੀ ਪੈਂਤੀ ਆਪਣੇ ਹੱਥੀਂ ਲਿਖਣ।
  • ਮੋਬਾਈਲ ਫੋਨਾਂ ਅਤੇ ਹੋਰ ਡਿਜੀਟਲ ਮਾਧਿਅਮਾਂ ਵਿੱਚ ਪੰਜਾਬੀ ਦੀ ਵਰਤੋਂ ਵਧਾਉਣ।
  • ਪੰਜਾਬੀ ਸਾਹਿਤ ਨੂੰ ਡਿਜੀਟਲ ਰੂਪ ਵਿੱਚ ਸੰਭਾਲਣ।
  • ਪੰਜਾਬੀ ਦੀਆਂ ਕਿਤਾਬਾਂ ਪੜ੍ਹਨ ਅਤੇ ਖਰੀਦਣ।

ਲਈ ਪ੍ਰੇਰਿਤ ਕੀਤਾ ਜਾਵੇਗਾ।

ਲੋਕ-ਵਿਰਾਸਤ ਨੂੰ ਸੰਭਾਲਣ ’ਤੇ ਵੀ ਜ਼ੋਰ

ਮੁਹਿੰਮ ਤਹਿਤ ਬਜ਼ੁਰਗਾਂ ਤੋਂ ਪੰਜਾਬੀ ਲੋਕ-ਵਿਰਾਸਤ ਨਾਲ ਸਬੰਧਤ ਕਹਾਣੀਆਂ, ਲੋਕ-ਗੀਤ, ਮੁਹਾਵਰੇ, ਅਖਾਣ ਅਤੇ ਪੁਰਾਣੀਆਂ ਯਾਦਾਂ ਇਕੱਠੀਆਂ ਕਰਕੇ ਉਨ੍ਹਾਂ ਨੂੰ ਸੰਭਾਲਣ ਲਈ ਵੀ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

ਇਸ ਤੋਂ ਇਲਾਵਾ ‘ਇੱਕ ਮਿੰਟ ਪੰਜਾਬੀ’ ਮੁਹਿੰਮ ਤਹਿਤ ਲੋਕਾਂ ਨੂੰ ‘ਮੇਰੇ ਲਈ ਪੰਜਾਬੀ ਕੀ ਹੈ?’ ਵਿਸ਼ੇ ’ਤੇ ਇੱਕ ਮਿੰਟ ਦੀ ਵੀਡੀਓ ਬਣਾਉਣ ਅਤੇ ਆਪਣੇ ਵਿਚਾਰ ਤੇ ਭਾਵਨਾਵਾਂ ਸਾਂਝੀਆਂ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ।

‘ਅੱਖਰਪੀਡੀਆ’ ਰਾਹੀਂ ਪੰਜਾਬੀ ਨੂੰ AI ਨਾਲ ਜੋੜਨ ਦਾ ਉਪਰਾਲਾ

ਡਾ. ਧੂਰੀ ਨੇ ਦੱਸਿਆ ਕਿ ਪੰਜਾਬੀ ਨੂੰ AI ਦੇ ਯੁੱਗ ਨਾਲ ਜੋੜਨ ਲਈ ਵਿਸ਼ਵ ਪੰਜਾਬੀ ਦਿਵਸ ਮੌਕੇ ‘ਅੱਖਰਪੀਡੀਆ’ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ। ਇਹ ਉਪਰਾਲਾ ਡਾ. ਜਗਜੀਤ ਸਿੰਘ ਧੂਰੀ ਵੱਲੋਂ ਤਿਆਰ ਕੀਤਾ ਗਿਆ ਹੈ।

ਇਸ ਦਾ ਉਦੇਸ਼ ਪੰਜਾਬੀ ਸਾਹਿਤ, ਸ਼ਬਦ-ਭੰਡਾਰ, ਲੋਕ-ਸਾਹਿਤ, ਰਚਨਾਵਾਂ ਅਤੇ ਹੋਰ ਭਾਸ਼ਾਈ ਸਮੱਗਰੀ ਨੂੰ ਵੱਧ ਤੋਂ ਵੱਧ ਡਿਜੀਟਲ ਰੂਪ ਵਿੱਚ ਇੰਟਰਨੈੱਟ ’ਤੇ ਉਪਲਬਧ ਕਰਵਾਉਣਾ ਹੈ।

ਇਸ ਉਪਰਾਲੇ ਦਾ ਮੁੱਖ ਸੰਦੇਸ਼ ਹੈ:

“ਜਿੰਨੀ ਪੰਜਾਬੀ ਇੰਟਰਨੈੱਟ ’ਤੇ, ਉਨੀ ਪੰਜਾਬੀ AI ਵਿੱਚ।”

ਪੰਜਾਬੀ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦੀ ਅਪੀਲ

ਫਾਊਂਡੇਸ਼ਨ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ‘ਮੇਰੀ ਪੰਜਾਬੀ-ਮੇਰਾ ਮਾਣ’ ਦੇ ਸੰਦੇਸ਼ ਨੂੰ ਸਿਰਫ਼ 23 ਸਤੰਬਰ ਤੱਕ ਸੀਮਤ ਨਾ ਰੱਖਿਆ ਜਾਵੇ। ਪੰਜਾਬੀ ਨੂੰ ਘਰਾਂ, ਸਿੱਖਿਆ ਸੰਸਥਾਵਾਂ, ਸਾਹਿਤਕ ਸਰਗਰਮੀਆਂ ਅਤੇ ਡਿਜੀਟਲ ਮਾਧਿਅਮਾਂ ਦਾ ਅਟੁੱਟ ਹਿੱਸਾ ਬਣਾਇਆ ਜਾਵੇ।

ਆਪਣਾ ਪੰਜਾਬ ਫਾਊਂਡੇਸ਼ਨ ਨੇ ਪੰਜਾਬੀ ਭਾਸ਼ਾ ਪ੍ਰੇਮੀਆਂ, ਸਿੱਖਿਆ ਸੰਸਥਾਵਾਂ, ਸਾਹਿਤਕ ਅਤੇ ਸਮਾਜਿਕ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਵਿਸ਼ਵ ਪੰਜਾਬੀ ਦਿਵਸ ਅਤੇ ‘ਮੇਰੀ ਪੰਜਾਬੀ-ਮੇਰਾ ਮਾਣ’ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ ਹੈ, ਤਾਂ ਜੋ ਪੰਜਾਬੀ ਭਾਸ਼ਾ ਦੀ ਸੰਭਾਲ, ਪ੍ਰਚਾਰ ਅਤੇ ਇਸ ਦੇ ਡਿਜੀਟਲ ਭਵਿੱਖ ਲਈ ਸਾਂਝੇ ਤੌਰ ’ਤੇ ਯੋਗਦਾਨ ਪਾਇਆ ਜਾ ਸਕੇ।

ਇਸ ਮੌਕੇ ਭੁਪਿੰਦਰ ਸਿੰਘ, ਰਵਿੰਦਰ ਸਿੰਘ ਮੂੰਗੋ, ਹਰਮਨਪ੍ਰੀਤ ਸਿੰਘ, ਡਾ. ਰੁਪਿੰਦਰ ਕੌਰ ਬਖਸ਼ੀਵਾਲੀਆ, ਹਰਵਿੰਦਰ ਸਿੰਘ, ਸੁਰਿੰਦਰ ਸਿੰਘ ਚੱਢਾ, ਡਾ. ਸਮੀਰ ਮੋਦੀ, ਸੁਖਦੇਵ ਸਿੰਘ ਘਰਾਚੋਂ ਅਤੇ ਬੀਰ ਇੰਦਰ ਸਿੰਘ ਬਨਭੌਰੀ ਵੀ ਹਾਜ਼ਰ ਸਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here