ਪਟਿਆਲਾ, 26 ਸਤੰਬਰ
ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਹਿਤਕ ਤੇ ਸੱਭਿਆਚਾਰਕ ਸਮਾਗਮ 28 ਸਤੰਬਰ ਨੂੰ ਬੱਸੀ ਗੁੱਜਰਾਂ (ਰੋਪੜ) ਵਿਖੇ ਕਰਵਾਇਆ ਜਾਵੇਗਾ। ਸਮਾਗਮ ਦੌਰਾਨ ਵਿਦਵਾਨ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ, ਵਿਚਾਰਧਾਰਾ, ਸ਼ਹਾਦਤ ਅਤੇ ਸ਼ਖ਼ਸੀਅਤ ਸਬੰਧੀ ਵਿਚਾਰ-ਚਰਚਾ ਕਰਨਗੇ। ਇਸ ਦੇ ਨਾਲ ਹੀ ਇਨਕਲਾਬੀ ਰੰਗਤ ਵਾਲਾ ਗੀਤ-ਸੰਗੀਤ ਅਤੇ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ।
ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਇਹ ਸਮਾਗਮ ਆਈ.ਆਰ.ਸੀ.ਸੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਬੱਸੀ ਗੁੱਜਰਾਂ ਵਿਖੇ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਇਹ ਸਮਾਗਮ ਮਾਲਵਾ ਰੂਰਲ ਐਜ਼ੂਕੇਸ਼ਨ ਸੁਸਾਇਟੀ (ਰਜਿ.) ਬੱਸੀ ਗੁੱਜਰਾਂ (ਰੋਪੜ) ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਸਮਾਗਮ ਦੌਰਾਨ ਇਤਿਹਾਸ ਦੇ ਉੱਘੇ ਖੋਜੀ ਐਡਵੋਕੇਟ ਸਰਬਜੀਤ ਸਿੰਘ ਵਿਰਕ ‘ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਤੇ ਸ਼ਖ਼ਸੀਅਤ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਦੇਣਗੇ। ਸਾਬਕਾ ਆਈ.ਏ.ਐੱਸ. ਅਧਿਕਾਰੀ ਕਾਹਨ ਸਿੰਘ ਪੰਨੂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ ਸਾਬਕਾ ਉਪ ਚੇਅਰਮੈਨ, ਕੌਮੀ ਘੱਟ ਗਿਣਤੀ ਕਮਿਸ਼ਨ, ਪ੍ਰੋ. ਬਾਵਾ ਸਿੰਘ ਸਮਾਗਮ ਦੀ ਪ੍ਰਧਾਨਗੀ ਕਰਨਗੇ।
ਸਮਾਗਮ ਦੇ ਦੂਜੇ ਪੜਾਅ ਵਿੱਚ ਕਵੀ ਦਰਬਾਰ ਅਤੇ ਗੀਤ-ਸੰਗੀਤ ਦਾ ਆਯੋਜਨ ਕੀਤਾ ਜਾਵੇਗਾ। ਉੱਘੇ ਕਵੀ ਸੁਰਜੀਤ ਜੱਜ, ਬਲਵਿੰਦਰ ਸੰਧੂ, ਅਵਤਾਰਜੀਤ, ਕੁਲਵਿੰਦਰ ਕੁੱਲਾ, ਰਬਿੰਦਰ ਰੱਬੀ, ਮੋਹਣੀ ਤੂਰ, ਸਲੀਮ ਸਿਕੰਦਰ, ਸੱਤਪਾਲ ਭੀਖੀ, ਸੰਤੋਖ ਸੁੱਖੀ, ਰਮਨ ਸੰਧੂ, ਸੁਸ਼ੀਲ ਦੁਸਾਂਝ ਅਤੇ ਲਾਭ ਚਤਾਮਲੀ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਸ਼ਖ਼ਸੀਅਤ ਨਾਲ ਸਬੰਧਤ ਕਵਿਤਾਵਾਂ ਪੇਸ਼ ਕਰਨਗੇ।
watch,,,,,‘ਪੋਸਟਰ ਵਾਰ’ ਨੇ ਬੱਸੀ ਪਠਾਣਾਂ ਦਾ ਸਿਆਸੀ ਪਾਰਾ ਚੜ੍ਹਾਇਆ
ਜਗਦੀਸ਼ ਪਾਪੜਾ ਦੀ ਅਗਵਾਈ ਹੇਠ ਮਾਲਵਾ ਹੇਕ ਸੰਗੀਤਕ ਮੰਡਲੀ ਵੱਲੋਂ ਇਨਕਲਾਬੀ ਗੀਤ-ਸੰਗੀਤ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਉੱਘੇ ਚਿੰਤਕ ਡਾ. ਕੁਲਦੀਪ ਸਿੰਘ, ਫਿਲਮ ਅਦਾਕਾਰ ਗੁਰਪ੍ਰੀਤ ਭੰਗੂ ਅਤੇ ਮਲਕੀਤ ਰੌਣੀ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ।





