Homeਪੰਜਾਬੀਪੰਜਾਬਸਕਾਲਰ ਫੀਲਡਜ਼ ਸਕੂਲ ’ਚ ਗੂੰਜੀ ਪੰਜਾਬੀ ਦੀ ਮਿੱਠੀ ਮਹਿਕ, ਮਾਂ-ਬੋਲੀ ਦਿਵਸ ਧੂਮਧਾਮ...

ਸਕਾਲਰ ਫੀਲਡਜ਼ ਸਕੂਲ ’ਚ ਗੂੰਜੀ ਪੰਜਾਬੀ ਦੀ ਮਿੱਠੀ ਮਹਿਕ, ਮਾਂ-ਬੋਲੀ ਦਿਵਸ ਧੂਮਧਾਮ ਨਾਲ ਮਨਾਇਆ

- Advertisement -spot_img

ਪਟਿਆਲਾ, 26 ਸਤੰਬਰ

ਪੰਜਾਬੀ ਮਾਂ-ਬੋਲੀ ਦੀ ਮਹੱਤਤਾ ਨੂੰ ਉਜਾਗਰ ਕਰਨ ਅਤੇ ਵਿਦਿਆਰਥੀਆਂ ਨੂੰ ਆਪਣੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਦੇ ਉਦੇਸ਼ ਨਾਲ ਸਕਾਲਰ ਫੀਲਡਜ਼ ਪਬਲਿਕ ਸਕੂਲ, ਪਟਿਆਲਾ ਵਿਖੇ ਪੰਜਾਬੀ ਮਾਂ-ਬੋਲੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਲਈ ਭਾਸ਼ਾ, ਸਾਹਿਤ, ਲੋਕ-ਸੱਭਿਆਚਾਰ ਅਤੇ ਪੰਜਾਬੀ ਵਿਰਸੇ ਨਾਲ ਸਬੰਧਤ ਵੱਖ-ਵੱਖ ਸਿਰਜਣਾਤਮਕ ਤੇ ਗਿਆਨਵਰਧਕ ਗਤੀਵਿਧੀਆਂ ਕਰਵਾਈਆਂ ਗਈਆਂ।

ਇਸ ਮੌਕੇ ਆਪਣਾ ਪੰਜਾਬ ਫਾਊਂਡੇਸ਼ਨ ਦੇ ਫਾਊਂਡਰ ਅਤੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਪ੍ਰਤੀ ਲੋਕਾਂ ਵਿੱਚ ਮਾਣ, ਪਿਆਰ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਨੂੰ ਰੋਜ਼ਾਨਾ ਜੀਵਨ, ਸਿੱਖਿਆ, ਸਾਹਿਤ, ਸਮਾਜਿਕ ਸੰਚਾਰ ਅਤੇ ਡਿਜ਼ੀਟਲ ਯੁੱਗ ਵਿੱਚ ਵੱਧ ਤੋਂ ਵੱਧ ਵਰਤੋਂ ਵਿੱਚ ਲਿਆਉਣ ਲਈ ਸਾਂਝੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।

ਡਾ. ਧੂਰੀ ਨੇ ਮੋਬਾਈਲ ਫੋਨਾਂ ਅਤੇ ਹੋਰ ਡਿਜ਼ੀਟਲ ਮਾਧਿਅਮਾਂ ਵਿੱਚ ਪੰਜਾਬੀ ਦੀ ਵਰਤੋਂ ਵਧਾਉਣ, ਪੰਜਾਬੀ ਸਾਹਿਤ ਨੂੰ ਡਿਜ਼ੀਟਲ ਰੂਪ ਵਿੱਚ ਸੰਭਾਲਣ ਅਤੇ ਪੰਜਾਬੀ ਦੀਆਂ ਪੁਸਤਕਾਂ ਪੜ੍ਹਨ ਤੇ ਖਰੀਦਣ ਲਈ ਵੀ ਲੋਕਾਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀ ਲੋਕ-ਵਿਰਾਸਤ ਨਾਲ ਸਬੰਧਤ ਕਹਾਣੀਆਂ, ਲੋਕ-ਗੀਤ, ਮੁਹਾਵਰੇ, ਅਖਾਣ ਅਤੇ ਪੁਰਾਣੀਆਂ ਯਾਦਾਂ ਇਕੱਠੀਆਂ ਕਰਕੇ ਉਨ੍ਹਾਂ ਨੂੰ ਸੰਭਾਲਣਾ ਵੀ ਸਮੇਂ ਦੀ ਲੋੜ ਹੈ।

ਉਨ੍ਹਾਂ ਕਿਹਾ, “ਜਿੰਨੀ ਪੰਜਾਬੀ ਇੰਟਰਨੈੱਟ ’ਤੇ, ਉਨੀ ਪੰਜਾਬੀ ਏ.ਆਈ. ਵਿੱਚ।” ਉਨ੍ਹਾਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ “ਮੇਰੀ ਪੰਜਾਬੀ-ਮੇਰਾ ਮਾਣ” ਦੇ ਸੰਦੇਸ਼ ਨੂੰ ਸਿਰਫ਼ ਇੱਕ ਨਾਅਰੇ ਤੱਕ ਸੀਮਤ ਨਾ ਰੱਖਿਆ ਜਾਵੇ, ਸਗੋਂ ਪੰਜਾਬੀ ਨੂੰ ਘਰਾਂ, ਸਿੱਖਿਆ ਸੰਸਥਾਵਾਂ, ਸਾਹਿਤਕ ਸਰਗਰਮੀਆਂ ਅਤੇ ਡਿਜ਼ੀਟਲ ਮਾਧਿਅਮਾਂ ਦਾ ਅਟੁੱਟ ਹਿੱਸਾ ਬਣਾਇਆ ਜਾਵੇ।

ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਸਤੀਸ਼ ਕੁਮਾਰ ਵਰਮਾ ਵੱਲੋਂ ਮਾਂ-ਬੋਲੀ ਨਾਲ ਸਬੰਧਤ ਪ੍ਰੇਰਣਾਦਾਇਕ ਭਾਸ਼ਣ ਵੀ ਦਿੱਤਾ ਗਿਆ। ਉਨ੍ਹਾਂ ਦੇ ਵਿਚਾਰਾਂ ਨੇ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਮਾਣ ਅਤੇ ਆਪਣੀ ਮਾਂ-ਬੋਲੀ ਨੂੰ ਸੰਭਾਲਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ।

ਵਿਦਿਆਰਥੀਆਂ ਨੂੰ ਸਕੂਲ ਦੀ ਲਾਇਬ੍ਰੇਰੀ ਵਿੱਚ ਪੰਜਾਬੀ ਦੀਆਂ ਪੁਸਤਕਾਂ ਪੜ੍ਹਨ ਲਈ ਉਤਸ਼ਾਹਿਤ ਕੀਤਾ ਗਿਆ। ਇਸ ਦੇ ਨਾਲ ਅਖਾਣਾਂ, ਮੁਹਾਵਰਿਆਂ ਅਤੇ ਬੁਝਾਰਤਾਂ ਰਾਹੀਂ ਉਨ੍ਹਾਂ ਦੀ ਭਾਸ਼ਾਈ ਸਮਝ ਅਤੇ ਸੋਚਣ ਦੀ ਸਮਰੱਥਾ ਨੂੰ ਹੋਰ ਨਿਖਾਰਿਆ ਗਿਆ। ਇਸ ਉਪਰਾਲੇ ਨਾਲ ਵਿਦਿਆਰਥੀਆਂ ਵਿੱਚ ਪੰਜਾਬੀ ਸਾਹਿਤ ਪ੍ਰਤੀ ਰੁਚੀ ਪੈਦਾ ਕਰਨ ਦੇ ਨਾਲ-ਨਾਲ ਪੜ੍ਹਨ ਦੀ ਆਦਤ ਨੂੰ ਵੀ ਉਤਸ਼ਾਹ ਮਿਲਿਆ।

ਵੱਖ-ਵੱਖ ਜਮਾਤਾਂ ਵਿੱਚ ਪੰਜਾਬੀ ਪੈਂਤੀ ਅੱਖਰੀ ਲਿਖਣ ਅਤੇ ਬੋਲਣ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਦੀ ਸਿਰਜਣਾਤਮਕਤਾ ਨੂੰ ਮੰਚ ਦੇਣ ਲਈ ਸੁੰਦਰ ਲਿਖਾਈ, ਕਵਿਤਾ ਗਾਇਨ ਅਤੇ ਕਹਾਣੀ ਸੁਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਵਿਸ਼ੇਸ਼ ਕੁਇਜ਼ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਤੋਂ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨਾਲ ਜੁੜੇ ਰੋਚਕ ਪ੍ਰਸ਼ਨ ਪੁੱਛੇ ਗਏ।

ਰਿਸ਼ਤਿਆਂ ਨਾਲ ਸਬੰਧਤ ਬੁਝਾਰਤਾਂ ਰਾਹੀਂ ਵਿਦਿਆਰਥੀਆਂ ਨੂੰ ਪੰਜਾਬੀ ਸਮਾਜ ਵਿੱਚ ਪ੍ਰਚਲਿਤ ਰਿਸ਼ਤਿਆਂ ਦੇ ਨਾਂ ਅਤੇ ਉਨ੍ਹਾਂ ਦੀ ਸਾਂਝ ਨੂੰ ਸਮਝਣ ਦਾ ਮੌਕਾ ਮਿਲਿਆ। ਇਸ ਉਪਰਾਲੇ ਨੇ ਵਿਦਿਆਰਥੀਆਂ ਨੂੰ ਪੰਜਾਬੀ ਸਮਾਜਿਕ ਜੀਵਨ ਅਤੇ ਰਿਸ਼ਤਾ-ਪ੍ਰੰਪਰਾ ਨਾਲ ਨੇੜਿਓਂ ਜਾਣੂ ਕਰਵਾਇਆ।

ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਲੋਕ-ਨਾਚਾਂ, ਲੋਕ-ਸਾਜ਼ਾਂ ਅਤੇ ਲੋਕ-ਗੀਤਾਂ ਦੀ ਰੰਗੀਨ ਦੁਨੀਆ ਨਾਲ ਜੋੜਿਆ ਗਿਆ। ਭੰਗੜਾ, ਗਿੱਧਾ, ਲੁੱਡੀ ਅਤੇ ਝੁੰਮਰ ਵਰਗੇ ਲੋਕ-ਨਾਚਾਂ ਰਾਹੀਂ ਪੰਜਾਬ ਦੀ ਜੀਵੰਤ ਲੋਕ-ਸੱਭਿਆਚਾਰਕ ਵਿਰਾਸਤ ਨੂੰ ਪੇਸ਼ ਕੀਤਾ ਗਿਆ। ਲੋਕ-ਸਾਜ਼ਾਂ ਅਤੇ ਲੋਕ-ਗੀਤਾਂ ਰਾਹੀਂ ਵਿਦਿਆਰਥੀਆਂ ਨੂੰ ਪੰਜਾਬ ਦੇ ਲੋਕ-ਜੀਵਨ ਦੀ ਸੰਗੀਤਕ ਧੜਕਣ ਨਾਲ ਵੀ ਰੂਬਰੂ ਕਰਵਾਇਆ ਗਿਆ।

‘ਫੱਟੀ ਤੋਂ ਮੋਬਾਈਲ ਤੱਕ’ ਗਤੀਵਿਧੀ ਰਾਹੀਂ ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਦੇ ਲਿਖਣ-ਪੜ੍ਹਨ ਦੇ ਸਾਧਨਾਂ ਵਿੱਚ ਆਏ ਬਦਲਾਅ ਦੇ ਸਫ਼ਰ ਨੂੰ ਜਾਣਿਆ। ਪੁਰਾਣੀ ਫੱਟੀ ਤੋਂ ਲੈ ਕੇ ਮੌਜੂਦਾ ਡਿਜ਼ੀਟਲ ਯੁੱਗ ਤੱਕ ਪੰਜਾਬੀ ਭਾਸ਼ਾ ਦੇ ਸਫ਼ਰ ਨੂੰ ਰੋਚਕ ਢੰਗ ਨਾਲ ਪੇਸ਼ ਕੀਤਾ ਗਿਆ।

ਇਸੇ ਤਰ੍ਹਾਂ ‘ਵਿਰਾਸਤ ਦੀ ਹਵੇਲੀ’ ਨੂੰ ਵਿਸ਼ੇਸ਼ ਤੌਰ ’ਤੇ ਸਜਾਇਆ ਗਿਆ, ਜਿਸ ਵਿੱਚ ਪੰਜਾਬੀ ਸੱਭਿਆਚਾਰ ਅਤੇ ਪੁਰਾਤਨ ਜੀਵਨ ਨਾਲ ਜੁੜੀਆਂ ਵੱਖ-ਵੱਖ ਵਸਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇਨ੍ਹਾਂ ਵਸਤਾਂ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਪੁਰਖਿਆਂ ਦੇ ਜੀਵਨ-ਢੰਗ, ਰਹਿਣ-ਸਹਿਣ ਅਤੇ ਸੱਭਿਆਚਾਰਕ ਵਿਰਸੇ ਦੀ ਝਲਕ ਦੇਖਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਹੋਇਆ।

ਵਿਦਿਆਰਥੀਆਂ ਲਈ ਪੰਜਾਬ ਦੀਆਂ ਰਵਾਇਤੀ ਲੋਕ-ਖੇਡਾਂ ਵੀ ਕਰਵਾਈਆਂ ਗਈਆਂ। ਇਸ ਰਾਹੀਂ ਉਨ੍ਹਾਂ ਨੇ ਪੁਰਾਤਨ ਖੇਡ-ਸੱਭਿਆਚਾਰ ਨੂੰ ਖੇਡਦੇ ਹੋਏ ਜਾਣਿਆ ਅਤੇ ਮਹਿਸੂਸ ਕੀਤਾ। ਇਸ ਦੇ ਨਾਲ ਵਹਿਮਾਂ-ਭਰਮਾਂ ਨੂੰ ਤਰਕ ਅਤੇ ਵਿਗਿਆਨਕ ਸੋਚ ਦੇ ਆਧਾਰ ’ਤੇ ਸਮਝਣ ਲਈ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ, ਤਾਂ ਜੋ ਉਹ ਪਰੰਪਰਾਵਾਂ ਦਾ ਸਤਿਕਾਰ ਕਰਦਿਆਂ ਹਰ ਗੱਲ ਨੂੰ ਤਰਕ ਦੀ ਕਸੌਟੀ ’ਤੇ ਪਰਖਣਾ ਸਿੱਖ ਸਕਣ।

ਇਨ੍ਹਾਂ ਸਾਰੀਆਂ ਗਤੀਵਿਧੀਆਂ ਤੋਂ ਬਾਅਦ ਵਿਦਿਆਰਥੀਆਂ ਨੇ ਮਾਂ-ਬੋਲੀ ਪੰਜਾਬੀ ਨੂੰ ਪੜ੍ਹਨ, ਬੋਲਣ, ਲਿਖਣ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਪ੍ਰਣ ਲਿਆ।

ਸਮਾਪਤੀ ਮੌਕੇ ਸਕੂਲ ਦੀ ਪ੍ਰਿੰਸੀਪਲ ਅਤੇ ਪ੍ਰਬੰਧਕੀ ਮੈਂਬਰਾਂ ਵੱਲੋਂ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਪਣੀ ਮਾਂ-ਬੋਲੀ, ਵਿਰਸੇ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ।

ਇਨ੍ਹਾਂ ਸਮੁੱਚੀਆਂ ਗਤੀਵਿਧੀਆਂ ਦਾ ਉਦੇਸ਼ ਵਿਦਿਆਰਥੀਆਂ ਨੂੰ ਕੇਵਲ ਪੰਜਾਬੀ ਪੜ੍ਹਾਉਣਾ ਨਹੀਂ, ਸਗੋਂ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਨੂੰ ਮਹਿਸੂਸ ਕਰਨ, ਆਪਣੀ ਜ਼ਿੰਦਗੀ ਵਿੱਚ ਅਪਣਾਉਣ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਪ੍ਰੇਰਿਤ ਕਰਨਾ ਸੀ। ਇਹ ਸਮੁੱਚਾ ਉਪਰਾਲਾ ਵਿਦਿਆਰਥੀਆਂ ਲਈ ਆਪਣੀਆਂ ਜੜ੍ਹਾਂ, ਭਾਸ਼ਾ ਅਤੇ ਵਿਰਸੇ ਨਾਲ ਜੁੜਨ ਦਾ ਇੱਕ ਸਾਰਥਕ ਅਤੇ ਯਾਦਗਾਰ ਅਨੁਭਵ ਬਣਿਆ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here