
- ਪਿੰਡਾਂ ਦੇ ਸਰਵਪੱਖੀ ਵਿਕਾਸ ਲਈ 3,500 ਕਰੋੜ ਰੁਪਏ ਦਾ ਖਰਚ
- ਪੇਂਡੂ ਲਿੰਕ ਸੜਕਾਂ ਦੇ ਨਿਰਮਾਣ ਅਤੇ ਸੁਧਾਰ ਲਈ 2,873 ਕਰੋੜ ਰੁਪਏ ਖਰਚੇ ਜਾਣਗੇ
- ਉਦਯੋਗਾਂ ਨੂੰ ਵਿੱਤੀ ਸਹਾਇਤਾ ਲਈ 250 ਕਰੋੜ ਰੁਪਏ ਦਾ ਇਤਿਹਾਸਕ ਪ੍ਰਬੰਧ
- ਅੰਮ੍ਰਿਤਸਰ ਵਿੱਚ ਯੂਨਿਟੀ ਮਾਲ ਬਣਾਉਣ ਦੀ ਯੋਜਨਾ, 80 ਕਰੋੜ ਰੁਪਏ ਰਾਖਵੇਂ
- ਲੁਧਿਆਣਾ ਵਿੱਚ ਖੋਜ ਤੇ ਵਿਕਾਸ ਕੇਂਦਰ ਅਤੇ ਆਟੋ ਪਾਰਟਸ ਤੇ ਹੈਂਡ ਟੂਲਸ ਤਕਨਾਲੋਜੀ ਸੰਸਥਾ ਦੇ ਸੁਧਾਰ ਲਈ 10 ਕਰੋੜ ਰੁਪਏ ਦਾ ਬਜਟ
- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਜ ਪੱਧਰੀ ਸਮਾਗਮਾਂ ਦਾ ਐਲਾਨ
ਚੰਡੀਗੜ੍ਹ, 26 ਮਾਰਚ:
ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਉਦਯੋਗ ਤੇ ਵਣਜ, ਪੂੰਜੀ ਨਿਵੇਸ਼ ਪ੍ਰੋਤਸਾਹਨ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਬਜਟ ਨੂੰ ਬਦਲਦੇ ਪੰਜਾਬ ਲਈ ਸਰਬਪੱਖੀ ਵਿਕਾਸ ਦਾ ਰਾਹ ਖੋਲ੍ਹਣ ਵਾਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਪੰਜਾਬ ਦੇ ਸਾਰੇ ਪਿੰਡਾਂ ਦੇ ਵਿਕਾਸ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ ਅਤੇ ਉਦਯੋਗਾਂ ਦੀ ਖੁਸ਼ਹਾਲੀ ਨੂੰ ਵੀ ਪਹਿਲ ਦਿੱਤੀ ਗਈ ਹੈ। ਨਾਲ ਹੀ, ਪੰਜਾਬ ਦੀ ਅਮੀਰ ਸੱਭਿਆਚਾਰਕ ਤੇ ਅਧਿਆਤਮਕ ਵਿਰਾਸਤ ਨੂੰ ਸੰਭਾਲਣ ਅਤੇ ਪ੍ਰਚਾਰਨ ਲਈ ਵੀ ਖਾਸ ਧਿਆਨ ਦਿੱਤਾ ਗਿਆ ਹੈ।
ਸੌਂਦ ਨੇ ਕਿਹਾ ਕਿ ਪਿੰਡਾਂ ਦੀ ਤਰੱਕੀ ਬਿਨਾਂ ਪੰਜਾਬ ਦਾ ਵਿਕਾਸ ਸੰਭਵ ਨਹੀਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਿੱਤ ਮੰਤਰੀ ਨੇ ਅਗਲੇ ਦੋ ਸਾਲਾਂ ਵਿੱਚ ਰਾਜ ਦੇ 12,581 ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਆਪਕ ਯੋਜਨਾ ਪੇਸ਼ ਕੀਤੀ ਹੈ। “ਬਦਲਦੇ ਪਿੰਡ, ਬਦਲਦਾ ਪੰਜਾਬ” ਦੇ ਨਾਅਰੇ ਤਹਿਤ ਪਿੰਡਾਂ ਦੇ ਛੱਪੜਾਂ ਦੀ ਸਫਾਈ ਤੇ ਨਵੀਨੀਕਰਨ, ਸੀਚੇਵਾਲ-ਥਾਪਰ ਮਾਡਲ ਅਤੇ ਹੋਰ ਕਿਫਾਇਤੀ ਮਾਡਲਾਂ ਅਨੁਸਾਰ ਸੀਵਰੇਜ ਟ੍ਰੀਟਮੈਂਟ ਸਿਸਟਮ ਸਥਾਪਤ ਕਰਨਾ, ਨਹਿਰੀ ਪਾਣੀ ਲਈ ਖਾਲਾਂ ਦੀ ਬਹਾਲੀ, ਪਿੰਡਾਂ ਵਿੱਚ ਖੇਡ ਮੈਦਾਨ ਬਣਾਉਣਾ ਅਤੇ ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ ਤਹਿਤ ਸਟਰੀਟ ਲਾਈਟਾਂ ਲਗਾਉਣ ’ਤੇ ਖਾਸ ਧਿਆਨ ਦਿੱਤਾ ਗਿਆ ਹੈ। ਇਨ੍ਹਾਂ ਕੰਮਾਂ ਲਈ ਬਜਟ ਵਿੱਚ 3,500 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।
ਸੌਂਦ ਨੇ ਵਿੱਤ ਮੰਤਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ 18,944 ਕਿਲੋਮੀਟਰ ਪੇਂਡੂ ਲਿੰਕ ਸੜਕਾਂ ਦਾ ਨਿਰਮਾਣ ਅਤੇ ਸੁਧਾਰ ਕਰੇਗੀ। ਵਿੱਤੀ ਸਾਲ 2025-26 ਵਿੱਚ ਪੰਜਾਬ ਮੰਡੀ ਬੋਰਡ ਵੱਲੋਂ ਇਸ ਲਈ 2,873 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਉਦਯੋਗਾਂ ਦੀ ਤਰੱਕੀ ਅਤੇ ਨਵੀਂ ਉਦਯੋਗਿਕ ਨੀਤੀ ਦੇ ਐਲਾਨ ਲਈ ਵੀ ਸੌਂਦ ਨੇ ਵਿੱਤ ਮੰਤਰੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਰਾਲਿਆਂ ਨਾਲ ਨਵੇਂ ਕਾਰੋਬਾਰਾਂ ਦੇ ਵਿਕਾਸ ਦੀ ਨੀਂਹ ਮਜ਼ਬੂਤ ਹੋਵੇਗੀ ਅਤੇ ਨੌਜਵਾਨਾਂ ਲਈ ਬਿਹਤਰ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ। ਵਿੱਤ ਮੰਤਰੀ ਨੇ ਉਦਯੋਗਾਂ ਨੂੰ ਸਹਾਇਤਾ ਲਈ 250 ਕਰੋੜ ਰੁਪਏ ਦਾ ਇਤਿਹਾਸਕ ਪ੍ਰਬੰਧ ਕੀਤਾ ਹੈ, ਜੋ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਹੈ। ਪਿਛਲੀ ਸਰਕਾਰ ਨੇ ਪੰਜ ਸਾਲਾਂ ਵਿੱਚ ਸਿਰਫ 53 ਕਰੋੜ ਰੁਪਏ ਖਰਚ ਕੀਤੇ ਸਨ, ਜਦਕਿ ਉਸ ਤੋਂ ਪਹਿਲਾਂ ਵਾਲੀ ਸਰਕਾਰ ਨੇ ਇੱਕ ਪੈਸਾ ਵੀ ਨਹੀਂ ਖਰਚਿਆ।
watch……Punjab CM Mann Urges Amit Shah for Intervention in Procurement Process
ਬਜਟ ਵਿੱਚ ਅੰਮ੍ਰਿਤਸਰ ਵਿੱਚ ਯੂਨਿਟੀ ਮਾਲ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ, ਜੋ ਰਾਸ਼ਟਰੀ ਏਕਤਾ ਅਤੇ ਪੰਜਾਬ ਦੀ ਉਦਯੋਗਿਕ ਤੇ ਸੱਭਿਆਚਾਰਕ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰੇਗਾ। ਇਸ ਮਾਲ ਵਿੱਚ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਸਟਾਲ ਹੋਣਗੇ। ਵਿੱਤੀ ਸਾਲ 2025-26 ਵਿੱਚ ਇਸ ਲਈ 80 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
ਛੋਟੇ ਤੇ ਦਰਮਿਆਨੇ ਉਦਯੋਗਾਂ ਲਈ ਵੀ ਬਜਟ ਵਿੱਚ ਵਿਸ਼ੇਸ਼ ਪ੍ਰਬੰਧ ਹਨ। ਲੁਧਿਆਣਾ ਵਿੱਚ ਖੋਜ ਤੇ ਵਿਕਾਸ ਕੇਂਦਰ ਅਤੇ ਆਟੋ ਪਾਰਟਸ ਤੇ ਹੈਂਡ ਟੂਲਸ ਤਕਨਾਲੋਜੀ ਸੰਸਥਾ ਦੇ ਸੁਧਾਰ ਲਈ 10 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
ਸੈਰ ਸਪਾਟਾ ਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਵੀ ਖਾਸ ਧਿਆਨ ਦਿੱਤਾ ਗਿਆ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਜ ਪੱਧਰੀ ਯਾਦਗਾਰੀ ਸਮਾਗਮਾਂ ਦੀ ਲੜੀ ਦਾ ਐਲਾਨ ਕੀਤਾ ਗਿਆ ਹੈ।