Onnline TV

ਪੰਜਾਬ ਪੰਜਾਬੀ

ਵੱਡੀ ਕਾਰਵਾਈ! ਪੰਜਾਬ ਆਬਕਾਰੀ ਵਿਭਾਗ ਨੇ ਬਠਿੰਡਾ ਵਿੱਚ 80,000 ਲੀਟਰ ਈਥਾਨੌਲ ਕੀਤਾ ਜ਼ਬਤ : ਹਰਪਾਲ ਚੀਮਾ

  • ਕਰੋੜਾਂ ਦੀ ਈਥਾਨੌਲ ਨਾਲ ਲੱਖਾਂ ਲੀਟਰ ਨਾਜਾਇਜ਼ ਸ਼ਰਾਬ ਜਾਂ ਸੈਨੀਟਾਈਜ਼ਰ ਬਣਾਏ ਜਾ ਸਕਦੇ ਸਨ
  • ‘ਆਪ’ ਸਰਕਾਰ ਦੀ ਜ਼ੀਰੋ-ਸਹਿਣਸ਼ੀਲਤਾ ਨੀਤੀ ਦਾ ਨਤੀਜਾ: ਹੁਣ ਤੱਕ 1,70,000 ਲੀਟਰ ਈਥਾਨੌਲ ਜ਼ਬਤ

ਚੰਡੀਗੜ੍ਹ, 30 ਮਈ

‘ਆਪ’ ਸਰਕਾਰ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਾਜਾਇਜ਼ ਸ਼ਰਾਬ ਦੇ ਵਪਾਰ ਨੂੰ ਰੋਕਣ ਦੇ ਯਤਨਾਂ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਸਪੈਸ਼ਲ ਆਪ੍ਰੇਸ਼ਨ ਗਰੁੱਪ (ਆਬਕਾਰੀ) ਅਤੇ ਆਬਕਾਰੀ ਪੁਲਿਸ ਨੇ ਵੀਰਵਾਰ ਦੇਰ ਸ਼ਾਮ ਬਠਿੰਡਾ ਖੇਤਰ ਵਿੱਚ ਸਾਂਝੇ ਆਪ੍ਰੇਸ਼ਨ ਦੌਰਾਨ 80,000 ਲੀਟਰ ਈਥਾਨੌਲ ਜ਼ਬਤ ਕੀਤਾ। ਉਨ੍ਹਾਂ ਨੇ ਕਿਹਾ ਕਿ ‘ਆਪ’ ਸਰਕਾਰ ਦੀ ਜ਼ੀਰੋ-ਟੌਲਰੈਂਸ ਨੀਤੀ ਦੇ ਨਤੀਜੇ ਵਜੋਂ ਹੁਣ ਤੱਕ ਕੁੱਲ 1,70,000 ਲੀਟਰ ਈਥਾਨੌਲ ਜ਼ਬਤ ਕੀਤਾ ਜਾ ਚੁੱਕਾ ਹੈ।

ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਖੁਫੀਆ ਜਾਣਕਾਰੀ ’ਤੇ ਅਧਾਰਿਤ ਕਾਰਵਾਈ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਨਾਜਾਇਜ਼ ਈਥਾਨੌਲ/ਸ਼ਰਾਬ ਦੀ ਚੋਰੀ ਅਤੇ ਸਟੋਰੇਜ ਵਿੱਚ ਸ਼ਾਮਲ ਇੱਕ ਗਿਰੋਹ ਦੀ ਸੂਹ ’ਤੇ ਵਿਸ਼ੇਸ਼ ਟੀਮਾਂ ਨੇ ਯੋਜਨਾਬੱਧ ਢੰਗ ਨਾਲ ਛਾਪੇਮਾਰੀ ਕੀਤੀ। ਇਹ ਕਾਰਵਾਈ ਬਠਿੰਡਾ ਦੇ ਨਵਰਾਜ ਢਾਬੇ ਵਿਖੇ ਹੋਈ, ਜਿੱਥੇ ਗਿਰੋਹ ਨੂੰ ਦੋ ਗੁਜਰਾਤ ਰਜਿਸਟਰਡ ਟੈਂਕਰਾਂ (ਰਜਿ. ਨੰਬਰ GJ06BV4926 ਅਤੇ GJ06BV7626) ਵਿੱਚ 80,000 ਲੀਟਰ ਈਥਾਨੌਲ (40,000 ਲੀਟਰ ਹਰੇਕ) ਦੀ ਢੋਆ-ਢੁਆਈ ਕਰਦਿਆਂ ਰੰਗੇ ਹੱਥੀਂ ਫੜਿਆ ਗਿਆ।

watch…..Pro-Farmer Land Pooling Policy to Drive Punjab’s Development: CM Mann

ਵਿੱਤ ਮੰਤਰੀ ਨੇ ਦੱਸਿਆ ਕਿ ਜ਼ਬਤ ਈਥਾਨੌਲ ਚੱਕ ਆਲੀਆ, ਦੀਨਾਨਗਰ, ਗੁਰਦਾਸਪੁਰ ਵਿੱਚ ਵੀਆਰਵੀ ਹਾਸਪਿਟੈਲਿਟੀ ਪ੍ਰਾਈਵੇਟ ਲਿਮਟਿਡ ਤੋਂ ਲੋਡ ਕੀਤਾ ਗਿਆ ਸੀ ਅਤੇ ਇਹ ਆਈਓਸੀਐਲ ਬਠਿੰਡਾ ਜਾ ਰਿਹਾ ਸੀ। ਸ਼ੱਕ ਹੈ ਕਿ ਇਹ ਖੇਪ ਗੈਰ-ਕਾਨੂੰਨੀ ਵਰਤੋਂ ਲਈ ਉਨ੍ਹਾਂ ਰਾਜਾਂ ਵਿੱਚ ਲਿਜਾਈ ਜਾ ਰਹੀ ਸੀ, ਜਿੱਥੇ ਸ਼ਰਾਬ ਦੇ ਉਤਪਾਦਨ ਅਤੇ ਵਿਕਰੀ ’ਤੇ ਪਾਬੰਦੀ ਹੈ। ਚੀਮਾ ਨੇ ਕਿਹਾ ਕਿ ਜੇ ਇਹ ਈਥਾਨੌਲ ਫੜਿਆ ਨਾ ਜਾਂਦਾ, ਤਾਂ ਇਸ ਨਾਲ ਲਗਭਗ 3,72,000 ਬੋਤਲਾਂ 50-ਡਿਗਰੀ ਦੇਸੀ ਸ਼ਰਾਬ, 2,47,000 ਬੋਤਲਾਂ 70-ਡਿਗਰੀ ਅੰਗਰੇਜੀ ਸ਼ਰਾਬ, ਜਾਂ 1.04 ਲੱਖ ਲੀਟਰ ਸੈਨੀਟਾਈਜ਼ਰ ਤਿਆਰ ਕੀਤਾ ਜਾ ਸਕਦਾ ਸੀ।

ਵੇਰਵੇ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਮੌਕੇ ’ਤੇ ਅੱਠ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਨਾਲ ਹੀ, ਗੈਰ-ਕਾਨੂੰਨੀ ਕਾਰਵਾਈ ਵਿੱਚ ਸ਼ਾਮਲ ਸ਼ੱਕੀ ਦੋ ਵਾਹਨ—ਇੱਕ ਟੋਇਟਾ ਈਟੀਓਸ (ਰਜਿ. ਨੰਬਰ PB03AY5567) ਅਤੇ ਇੱਕ ਇਨੋਵਾ (ਰਜਿ. ਨੰਬਰ HR26CY2961)—ਨੂੰ ਵੀ ਜ਼ਬਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕਾਨੂੰਨੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਬਠਿੰਡਾ ਦੇ ਸਦਰ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ, ਜਿਸ ਵਿੱਚ ਦੋਸ਼ੀਆਂ ਲਈ ਉਮਰ ਕੈਦ ਦੀ ਸਜ਼ਾ ਦਾ ਪ੍ਰਬੰਧ ਹੈ।

ਚੀਮਾ ਨੇ ਕਿਹਾ ਕਿ ਇਸ ਗੈਰ-ਕਾਨੂੰਨੀ ਨੈੱਟਵਰਕ ਦੀ ਪੂਰੀ ਜੜ੍ਹ ਤੱਕ ਪਹੁੰਚਣ ਲਈ ਵਿਆਪਕ ਜਾਂਚ ਜਾਰੀ ਹੈ, ਜਿਸ ਵਿੱਚ ਅੱਗੇ-ਪਿੱਛੇ ਦੇ ਸਾਰੇ ਸਬੰਧਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਈ ਕਿ ਸ਼ਾਮਲ ਸਾਰੇ ਵਿਅਕਤੀਆਂ, ਚਾਹੇ ਉਹ ਕਿਸੇ ਵੀ ਅਹੁਦੇ ’ਤੇ ਹੋਣ, ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸਪੈਸ਼ਲ ਆਪ੍ਰੇਸ਼ਨ ਗਰੁੱਪ (ਆਬਕਾਰੀ) ਅਤੇ ਆਬਕਾਰੀ ਪੁਲਿਸ ਦੀ ਸਫਲਤਾ ਦੀ ਸ਼ਲਾਘਾ ਕਰਦਿਆਂ, ਵਿੱਤ ਮੰਤਰੀ ਨੇ ਨਾਜਾਇਜ਼ ਸ਼ਰਾਬ ਦੇ ਵਪਾਰ ਨੂੰ ਖਤਮ ਕਰਨ ਦੇ ਪੰਜਾਬ ਸਰਕਾਰ ਦੇ ਦ੍ਰਿੜ ਸੰਕਲਪ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਆਬਕਾਰੀ ਵਿਭਾਗ ਅਜਿਹੇ ਨੈੱਟਵਰਕਾਂ ਨੂੰ ਤੋੜਨ ਅਤੇ ਈਥਾਨੌਲ ਦੀ ਗੈਰ-ਕਾਨੂੰਨੀ ਵਰਤੋਂ ਰੋਕਣ ਲਈ ਅਣਥੱਕ ਯਤਨ ਕਰ ਰਿਹਾ ਹੈ, ਅਤੇ ਸੂਬੇ ਵਿੱਚ ਨਾਜਾਇਜ਼ ਸ਼ਰਾਬ ਦੇ ਵਪਾਰ ਦੀ ਕਮਰ ਤੋੜਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

LEAVE A RESPONSE

Your email address will not be published. Required fields are marked *