ਸੰਘੋਲ, 01 ਨਵੰਬਰ (ਔਜਲਾ)
ਆਮ ਆਦਮੀ ਪਾਰਟੀ ਵੱਲੋਂ 31 ਅਕਤੂਬਰ ਨੂੰ ਜਾਰੀ ਕੀਤੀ ਗਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਦਾ ਨਾਂ ਸ਼ਾਮਲ ਨਾ ਹੋਣ ਕਾਰਨ ਹਲਕੇ ਵਿੱਚ ਸਿਆਸੀ ਚਰਚਾ ਤੇਜ਼ ਹੋ ਗਈ ਹੈ। ਭਾਵੇਂ ਅਜੇ ਕਈ ਚਰਚਿਤ ਚਿਹਰਿਆਂ ਅਤੇ ਮੰਤਰੀਆਂ ਦੇ ਨਾਵਾਂ ’ਤੇ ਵੀ ਪਾਰਟੀ ਵੱਲੋਂ ਅੰਤਿਮ ਫ਼ੈਸਲਾ ਲਿਆ ਜਾਣਾ ਬਾਕੀ ਹੈ, ਪਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚੋਂ ਸਿਰਫ਼ ਬੱਸੀ ਪਠਾਣਾਂ ਦਾ ਨਾਂ ਪਹਿਲੀ ਸੂਚੀ ਵਿੱਚ ਨਾ ਆਉਣ ਕਾਰਨ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ।
ਹਲਕੇ ਤੋਂ ਉਮੀਦਵਾਰ ਦਾ ਐਲਾਨ ਨਾ ਹੋਣ ਕਾਰਨ ਮੌਜੂਦਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਅਤੇ ਆਮ ਆਦਮੀ ਪਾਰਟੀ ਦੇ ਐੱਸਸੀ ਵਿੰਗ ਦੇ ਸੂਬਾ ਪ੍ਰਧਾਨ ਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਦੇ ਸਮਰਥਕਾਂ ਦੀਆਂ ਨਜ਼ਰਾਂ ਹੁਣ ਪਾਰਟੀ ਦੀ ਅਗਲੀ ਸੂਚੀ ’ਤੇ ਟਿਕੀਆਂ ਹੋਈਆਂ ਹਨ। ਦੋਵੇਂ ਆਗੂ ਹਲਕੇ ਵਿੱਚ ਕਾਫ਼ੀ ਸਰਗਰਮ ਹਨ, ਜਿਸ ਕਾਰਨ ਪਾਰਟੀ ਵਰਕਰਾਂ ਵਿੱਚ ਪਹਿਲਾਂ ਹੀ ਦੋ ਧੜੇ ਬਣੇ ਹੋਏ ਹਨ। ਦੋਵਾਂ ਧੜਿਆਂ ਦੇ ਸਮਰਥਕ ਆਪਣੇ-ਆਪਣੇ ਆਗੂ ਨੂੰ ਪਾਰਟੀ ਦੀ ਟਿਕਟ ਮਿਲਣ ਦੀ ਉਮੀਦ ਜਤਾ ਰਹੇ ਹਨ।
ਵਿਧਾਇਕ ਰੁਪਿੰਦਰ ਸਿੰਘ ਹੈਪੀ ਜਿੱਥੇ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਨੂੰ ਹਲਕੇ ਦੇ ਲੋਕਾਂ ਤੱਕ ਪਹੁੰਚਾ ਰਹੇ ਹਨ, ਉੱਥੇ ਹੀ ਗੁਰਪ੍ਰੀਤ ਸਿੰਘ ਜੀਪੀ ਵੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਸਾਹਮਣੇ ਰੱਖ ਰਹੇ ਹਨ। ਉਹ ਹਲਕੇ ਦੇ ਪ੍ਰਮੁੱਖ ਕਸਬਿਆਂ ਵਿੱਚ ਲੋਕ ਮਿਲਣੀਆਂ ਕਰਕੇ ਆਪਣੀ ਸਿਆਸੀ ਸਰਗਰਮੀ ਅਤੇ ਲੋਕਾਂ ਨਾਲ ਸੰਪਰਕ ਦਾ ਪ੍ਰਗਟਾਵਾ ਕਰ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਰੁਪਿੰਦਰ ਸਿੰਘ ਹੈਪੀ ਇਸ ਸਮੇਂ ਹਲਕੇ ਦੇ ਮੌਜੂਦਾ ਵਿਧਾਇਕ ਹਨ, ਜਦਕਿ ਗੁਰਪ੍ਰੀਤ ਸਿੰਘ ਜੀਪੀ ਸਾਲ 2017 ਤੋਂ 2022 ਤੱਕ ਬੱਸੀ ਪਠਾਣਾਂ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਕਾਂਗਰਸ ਦੀ ਟਿਕਟ ’ਤੇ ਚੋਣ ਲੜੇ ਸਨ ਅਤੇ 16,177 ਵੋਟਾਂ ਹਾਸਲ ਕਰਕੇ ਦੂਜੇ ਸਥਾਨ ’ਤੇ ਰਹੇ ਸਨ।
watch…..AAP Announces First List of 40 Candidates, CM Mann to Contest from Dhuri; Kohli from Patiala
ਇਸ ਤੋਂ ਬਾਅਦ ਸਾਲ 2024 ਵਿੱਚ ਗੁਰਪ੍ਰੀਤ ਸਿੰਘ ਜੀਪੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਪਾਰਟੀ ਨੇ ਉਨ੍ਹਾਂ ਨੂੰ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਬਣਾਇਆ ਸੀ। ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਬੱਸੀ ਪਠਾਣਾਂ ਵਿਧਾਨ ਸਭਾ ਹਲਕੇ ਵਿੱਚੋਂ 30,183 ਵੋਟਾਂ ਹਾਸਲ ਕੀਤੀਆਂ ਸਨ।
ਹੁਣ ਪਹਿਲੀ ਸੂਚੀ ਵਿੱਚ ਬੱਸੀ ਪਠਾਣਾਂ ਦਾ ਨਾਂ ਨਾ ਹੋਣ ਤੋਂ ਬਾਅਦ ਹਲਕੇ ਦੇ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਦੌਰ ਜਾਰੀ ਹੈ। ਲੋਕਾਂ ਅਤੇ ਪਾਰਟੀ ਵਰਕਰਾਂ ਦੀਆਂ ਨਜ਼ਰਾਂ ਆਮ ਆਦਮੀ ਪਾਰਟੀ ਦੀ ਅਗਲੀ ਸੂਚੀ ’ਤੇ ਲੱਗੀਆਂ ਹੋਈਆਂ ਹਨ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪਾਰਟੀ ਆਉਣ ਵਾਲੇ ਸਮੇਂ ਵਿੱਚ ਕਿਸ ਆਗੂ ’ਤੇ ਭਰੋਸਾ ਜਤਾਉਂਦੀ ਹੈ ਅਤੇ ਬੱਸੀ ਪਠਾਣਾਂ ਤੋਂ ਕਿਸ ਨੂੰ ਉਮੀਦਵਾਰ ਬਣਾਉਂਦੀ ਹੈ।





