ਪਟਿਆਲਾ ਵਿਰਾਸਤੀ ਮੇਲਾ-2026
ਪਟਿਆਲਾ, 17 ਫਰਵਰੀ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਦੇ ਸਹਿਯੋਗ ਨਾਲ ਆਯੋਜਿਤ ਪਟਿਆਲਾ ਵਿਰਾਸਤੀ ਮੇਲਾ-2026 ਦੀ ਪੰਜਵੀਂ ਸ਼ਾਮ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਬਹੁਤ ਹੀ ਭਾਵੁਕ ਅਤੇ ਪ੍ਰਭਾਵਸ਼ਾਲੀ ਰਹੀ। ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਡਾ. ਅਮਰਜੀਤ ਗਰੇਵਾਲ ਵੱਲੋਂ ਲਿਖੇ ਨਾਟਕ ‘1675’ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਇਤਿਹਾਸ ਦੀਆਂ ਗਹਿਰਾਈਆਂ ਤੋਂ ਭਵਿੱਖ ਦੇ ਡਿਜੀਟਲ ਸੰਸਾਰ ਤੱਕ ਦੇ ਸੰਵਾਦ ਨਾਲ ਜੋੜ ਦਿੱਤਾ।
ਮੁੱਖ ਮਹਿਮਾਨ ਵਜੋਂ ਸ਼ਾਮਲ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਜਿਹੇ ਨਾਟਕਾਂ ਦਾ ਆਯੋਜਨ ਕਰਕੇ ਲੋਕਾਂ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਨਾ ਬਹੁਤ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਜਿਹੇ ਵਿਰਾਸਤੀ ਮੇਲੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਬਰਸਟ ਨੇ ਕਿਹਾ ਕਿ 1675 ਸਿਰਫ ਇੱਕ ਸਾਲ ਨਹੀਂ ਸੀ, ਸਗੋਂ ਮਨੁੱਖੀ ਚੇਤਨਾ ਦੇ ਵਿਕਾਸ ਵਿੱਚ ਇੱਕ ਕੌਸਮਿਕ ਧਮਾਕਾ ਸੀ। ਇਸ ਸਾਲ ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਲਈ ਆਪਣਾ ਸੀਸ ਵਾਰ ਕੇ ਸਰਬੱਤ ਦੇ ਭਲੇ ਦੀ ਪਰੰਪਰਾ ਨੂੰ ਹੋਰ ਮਜ਼ਬੂਤ ਕੀਤਾ।
ਵਧੀਕ ਡਿਪਟੀ ਕਮਿਸ਼ਨਰ (ਜ) ਸਿਮਰਪ੍ਰੀਤ ਕੌਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਅਗਵਾਈ ਹੇਠ ਆਯੋਜਿਤ ਇਸ ਸਮਾਗਮ ਵਿੱਚ ਮੰਚ-ਰੰਗਮੰਚ ਦੇ ਕਲਾਕਾਰਾਂ ਨੇ ਇਸ ਵਿਲੱਖਣ ਨਾਟਕ ਦੀ ਪੇਸ਼ਕਾਰੀ ਰਾਹੀਂ ਦਰਸ਼ਕਾਂ ਨੂੰ ਇਤਿਹਾਸ ਤੋਂ ਭਵਿੱਖ ਤੱਕ ਦੇ ਸੰਵਾਦ ਨਾਲ ਜੋੜਿਆ ਹੈ। ਉਨ੍ਹਾਂ ਨੋਡਲ ਅਫਸਰ ਨਮਨ ਮਾਰਕੰਨ ਅਤੇ ਉਨ੍ਹਾਂ ਦੀ ਟੀਮ ਨੂੰ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਦੇ ਸਹਾਇਕ ਡਾਇਰੈਕਟਰ ਰਵਿੰਦਰ ਸ਼ਰਮਾ ਦੇ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਨਿਰਦੇਸ਼ਕ ਕੇਵਲ ਧਾਲੀਵਾਲ ਤੇ ਸਮੁੱਚੇ ਕਲਾਕਾਰਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਪਟਿਆਲਵੀਆਂ ਨੂੰ ਅਪੀਲ ਕੀਤੀ ਕਿ ਉਹ ਮੇਲੇ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਵਿੱਚ ਵੀ ਭਰਪੂਰ ਹਿੱਸਾ ਲੈਣ। ਇਸ ਮੌਕੇ ਡਾਇਰੈਕਟਰ ਕੇਵਲ ਧਾਲੀਵਾਲ, ਪਦਮ ਸ਼੍ਰੀ ਪ੍ਰਾਣ ਸੱਭਰਵਾਲ ਸਮੇਤ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ।
ਮੰਚ-ਰੰਗਮੰਚ, ਅੰਮ੍ਰਿਤਸਰ ਵੱਲੋਂ ਪੇਸ਼ ਕੀਤੇ ਨਾਟਕ ‘1675’ ਨੇ ਇਤਿਹਾਸ ਦੇ ਚਾਂਦਨੀ ਚੌਂਕ ਦੇ ਤਸੀਹਿਆਂ ਤੋਂ ਲੈ ਕੇ 2026 ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਪ੍ਰਯੋਗਸ਼ਾਲਾ ਭਰੇ ਸੰਸਾਰ ਤੱਕ ਦਾ ਸਫਰ ਬਾਖੂਬੀ ਦਿਖਾਇਆ। ਨਾਟਕ ਵਿੱਚ ਆਰਾ, ਕੜਾਹਾ, ਲੋਹੇ ਅਤੇ ਸਰਵਰ, ਕੋਡ, ਅਲਗੋਰਿਦਮ ਵਰਗੇ ਵੱਖਰੇ ਤੱਤ ਇੱਕ ਸਾਂਝੇ ਸਵਾਲ ਨੂੰ ਉਠਾਉਂਦੇ ਹਨ: ਕੀ ਮਨੁੱਖਤਾ ਡਰ ਦਾ ਰਾਹ ਚੁਣੇਗੀ ਜਾਂ ਪ੍ਰੇਮ ਦਾ? ਗੁਰੂ ਤੇਗ ਬਹਾਦਰ ਜੀ ਦੀ ਬਲਿਦਾਨੀ ਆਵਾਜ਼ ਸੀਮਾ ਤੇ ਏਡਨ ਦੇ ਡਿਜੀਟਲ ਜੀਵਨ ਵਿੱਚ ਗੂੰਜਦੀ ਹੈ ਅਤੇ ਭਾਈ ਮਤੀਦਾਸ ਦੀ ਹਿੰਮਤ ਕੁਆਂਟਮ ਕੋਡਾਂ ਵਿੱਚ ਰੌਸ਼ਨੀ ਬਣ ਕੇ ਜਗਦੀ ਹੈ। ਇਸ ਤਰ੍ਹਾਂ ‘1675’ ਸਿਰਫ ਨਾਟਕ ਨਹੀਂ, ਬਲਕਿ ਇੱਕ ਬ੍ਰਹਿਮੰਡੀ ਦਰਪਣ ਬਣ ਗਿਆ ਜਿਸ ਨੇ ਗੁਰੂ ਸਾਹਿਬ ਵੱਲੋਂ ਦਰਸਾਏ ਪ੍ਰੇਮ ਅਤੇ ਸਹਿਣਸ਼ੀਲਤਾ ਦੇ ਮਾਰਗ ‘ਤੇ ਚੱਲਣ ਦਾ ਹੌਂਸਲਾ ਦਿੱਤਾ।
watch…..Seva Parv: A Celebration of India’s Rich Cultural Heritage
ਰੋਸ਼ਨੀ ਪ੍ਰਭਾਵ: ਹਰਮੀਤ ਸਿੰਘ ਭੁੱਲਰ ਗਾਇਕ: ਕੁਸ਼ਾਗਰ ਕਾਲੀਆ ਸੰਗੀਤ: ਹਰਿੰਦਰ ਸੋਹਲ ਸਕਰੀਨ: ਸ਼ਿਵਮ ਫੋਟੋਗ੍ਰਾਫੀ: ਸਵਰਨਜੀਤ ਸਵੀ ਪ੍ਰੋਡਕਸ਼ਨ ਇੰਚਾਰਜ: ਇਮੈਨੁਅਲ ਸਿੰਘ
ਕਲਾਕਾਰ: ਸਜਨ ਕੋਹਿਨੂਰ, ਵਿਸ਼ੂ ਸ਼ਰਮਾ, ਹਰਪ੍ਰੀਤ ਸਿੰਘ, ਹਰਸ਼ਿਤਾ, ਗੁਰਲੀਨ, ਡਾ. ਆਤਮਾ ਸਿੰਘ ਗਿੱਲ, ਯੁਵਨੀਸ਼ ਸ਼ਰਮਾ, ਰੋਬਨਜੀਤ ਸਿੰਘ, ਵਿਕਾਸ ਜੋਸ਼ੀ, ਆਕਾਸ਼ਦੀਪ ਸਿੰਘ, ਕਬੀਰ, ਇੰਦਰਜੀਤ, ਸੁਖਮਨ ਸਿੰਘ, ਨਿਤਿਨ ਕਪੂਰ, ਨਿਸ਼ਾਨ ਸਿੰਘ ਤੇ ਜਸਵੰਤ ਸਿੰਘ।
ਨੋਡਲ ਅਫਸਰ ਤੇ ਐਸ.ਡੀ.ਐੱਮ ਨਮਨ ਮਾਰਕੰਨ ਨੇ ਸਾਰਿਆਂ ਦਾ ਧੰਨਵਾਦ ਕੀਤਾ। ਦਰਸ਼ਕਾਂ ਨੇ ਨਾਟਕ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਯੋਜਿਤ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਮੁੱਖ ਮੰਤਰੀ ਫੀਲਡ ਅਫਸਰ ਸਤੀਸ਼ ਚੰਦਰ, ਮਨਪਾਲ ਟਿਵਾਣਾ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕ ਮੌਜੂਦ ਸਨ।
ਪਟਿਆਲਾ ਵਿਰਾਸਤੀ ਮੇਲਾ ਆਪਣੀ ਸੱਭਿਆਚਾਰਕ ਧਰੋਹਰ ਨੂੰ ਜਿਉਂਦਾ ਕਰਨ ਵਾਲਾ ਇੱਕ ਸ਼ਾਨਦਾਰ ਮੰਚ ਸਾਬਤ ਹੋ ਰਿਹਾ ਹੈ!




