-ਨਵੀਂ ਯੂਨਿਟ ਕਿਸਾਨਾਂ ਦੀ ਆਮਦਨ ਵਧਾਉਣ, ਦੁੱਧ ਉਤਪਾਦਨ ਅਤੇ ਡੇਅਰੀ ਉਤਪਾਦਕਤਾ ਵਿੱਚ ਵਾਧਾ ਕਰਨ ਵਿੱਚ ਕਰੇਗੀ ਮਦਦ
ਚੰਡੀਗੜ੍ਹ, 01 ਮਾਰਚ
ਪੰਜਾਬ ਦੀ ਡੇਅਰੀ ਅਤੇ ਖੇਤੀਬਾੜੀ ਆਰਥਿਕਤਾ ਨੂੰ ਨਵੀਂ ਦਿਸ਼ਾ ਦਿੰਦੇ ਹੋਏ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਮੰਡੀ ਗੋਬਿੰਦਗੜ੍ਹ ਦੇ ਵਜ਼ੀਰਾਬਾਦ ਇੰਡਸਟਰੀਅਲ ਪਾਰਕ ਵਿੱਚ ਕਾਰਗਿਲ ਕੰਪਨੀ ਦਾ 300 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਪਸ਼ੂ ਚਾਰਾ ਪਲਾਂਟ ਦਾ ਉਦਘਾਟਨ ਕਰ ਦਿੱਤਾ ਹੈ। ਇਹ ਦੱਖਣੀ ਏਸ਼ੀਆ ਵਿੱਚ ਆਪਣੀ ਕਿਸਮ ਦਾ ਸਭ ਤੋਂ ਵੱਡਾ ਪਲਾਂਟ ਦੱਸਿਆ ਜਾ ਰਿਹਾ ਹੈ। ਇਹ ਮੈਗਾ ਪ੍ਰੋਜੈਕਟ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਤੋਂ ਪਹਿਲਾਂ ਇੱਕ ਮਹੱਤਵਪੂਰਨ ਉਦਯੋਗਿਕ ਉਪਲੱਬਧੀ ਮੰਨੀ ਜਾ ਰਹੀ ਹੈ, ਜੋ ਪੰਜਾਬ ਵਿੱਚ ਵਿਸ਼ਵਵਿਆਪੀ ਨਿਵੇਸ਼ਕਾਂ ਦੇ ਵਧਦੇ ਵਿਸ਼ਵਾਸ ਨੂੰ ਦਰਸਾਉਂਦੀ ਹੈ।
ਇਹ ਅਤਿ-ਆਧੁਨਿਕ ਪਲਾਂਟ ਪੰਜਾਬ ਦੇ ਖੇਤੀ-ਉਦਯੋਗਿਕ ਢਾਂਚੇ ਨੂੰ ਮਜ਼ਬੂਤ ਕਰੇਗਾ, ਰੋਜ਼ਗਾਰ ਦੇ ਮੌਕੇ ਪੈਦਾ ਕਰੇਗਾ ਅਤੇ ਦੁੱਧ ਉਤਪਾਦਨ ਤੇ ਡੇਅਰੀ ਉਤਪਾਦਕਤਾ ਵਿੱਚ ਵਾਧਾ ਕਰਕੇ ਕਿਸਾਨਾਂ ਨੂੰ ਸਿੱਧਾ ਲਾਭ ਪਹੁੰਚਾਏਗਾ। ਇਹ ਪ੍ਰੋਜੈਕਟ ਰਾਜ ਸਰਕਾਰ ਦੇ ਉਦਯੋਗਿਕ ਵਿਕਾਸ ਨੂੰ ਤੇਜ਼ ਕਰਨ, ਖੇਤੀ-ਪ੍ਰੋਸੈਸਿੰਗ ਸਮਰੱਥਾ ਵਧਾਉਣ ਅਤੇ ਸਥਾਈ ਨਿਵੇਸ਼ ਤੇ ਨੀਤੀਗਤ ਵਿਕਾਸ ਰਾਹੀਂ ‘ਰੰਗਲਾ ਪੰਜਾਬ’ ਬਣਾਉਣ ਦੇ ਸੰਕਲਪ ਨੂੰ ਪ੍ਰਗਟ ਕਰਦਾ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ, “300 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਿਤ ਇਹ ਪਲਾਂਟ ਉਦਯੋਗਿਕ ਵਿਕਾਸ ਅਤੇ ਨਿਵੇਸ਼ਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਦਾ ਸਬੂਤ ਹੈ। ਕਾਰਗਿਲ ਪ੍ਰਾਈਵੇਟ ਲਿਮਟਿਡ ਦਾ ਇਹ ਅਤਿ-ਆਧੁਨਿਕ ਪਲਾਂਟ ਮੰਡੀ ਗੋਬਿੰਦਗੜ੍ਹ ਦੇ ਵਜ਼ੀਰਾਬਾਦ ਔਦਯੋਗਿਕ ਪਾਰਕ ਵਿੱਚ ਆਪਣਾ ਸੰਚਾਲਨ ਸ਼ੁਰੂ ਕਰ ਚੁੱਕਾ ਹੈ। ‘ਇਨਵੈਸਟ ਪੰਜਾਬ’ ਪਹਿਲ ਰਾਹੀਂ ਰਾਜ ਵਿੱਚ ਵੱਡੇ ਪੱਧਰ ’ਤੇ ਉਦਯੋਗਿਕ ਨਿਵੇਸ਼ ਆ ਰਿਹਾ ਹੈ। ਅਜਿਹੇ ਨਿਵੇਸ਼ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਰਹੇ ਹਨ ਅਤੇ ਪੰਜਾਬ ਦੇ ਸਮੁੱਚੇ ਆਰਥਿਕ ਵਿਕਾਸ ਨੂੰ ਗਤੀ ਦੇ ਰਹੇ ਹਨ।”
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਨਿਵੇਸ਼ਕਾਂ ਦਾ ਵਧਦਾ ਵਿਸ਼ਵਾਸ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਖਾਸ ਕਰਕੇ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਖੇਤਰਾਂ ਵਿੱਚ ਨਿਵੇਸ਼ ਲਈ ਪਸੰਦੀਦਾ ਟਿਕਾਣਾ ਬਣ ਰਿਹਾ ਹੈ। ਉਨ੍ਹਾਂ ਕਿਹਾ, “ਪੰਜਾਬ ਸਰਕਾਰ ਪ੍ਰਗਤੀਸ਼ੀਲ ਨੀਤੀਆਂ ਅਤੇ ਉਦਯੋਗਾਂ ਲਈ ਅਨੁਕੂਲ ਵਾਤਾਵਰਣ ਰਾਹੀਂ ਹਰ ਸੰਭਵ ਸਹਿਯੋਗ ਦੇਣ ਅਤੇ ਵਪਾਰ-ਹਿੱਤੈਸ਼ੀ ਮਾਹੌਲ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।”
ਪ੍ਰੋਜੈਕਟ ਦੇ ਆਕਾਰ ਨੂੰ ਉਜਾਗਰ ਕਰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ 15 ਏਕੜ ਤੋਂ ਵੱਧ ਖੇਤਰ ਵਿੱਚ ਫੈਲੇ ਇਸ ਕਾਰਗਿਲ ਪਲਾਂਟ ਦੀ ਵਾਰਸ਼ਿਕ ਉਤਪਾਦਨ ਸਮਰੱਥਾ 4.5 ਲੱਖ ਮੈਟ੍ਰਿਕ ਟਨ ਹੈ ਅਤੇ ਇਹ ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਪਸ਼ੂ ਫੀਡ ਪਲਾਂਟ ਹੈ।
watch….ਮੁੱਖ ਮੰਤਰੀ ਮਾਨ ਵੱਲੋਂ ਕਿਸਾਨਾਂ ਨੂੰ ਵੱਡੀ ਸੌਗਾਤ, ਮਾਲਵਾ ਖੇਤਰ ਦੇ ਚਾਰ ਜ਼ਿਲ੍ਹਿਆਂ ਵਿੱਚ ਪਹੁੰਚਿਆ ਨਹਿਰੀ ਪਾਣੀ
ਮੁੱਖ ਮੰਤਰੀ ਨੇ ਕਿਹਾ ਕਿ ਬਠਿੰਡਾ ਤੋਂ ਬਾਅਦ ਇਹ ਪੰਜਾਬ ਵਿੱਚ ਕਾਰਗਿਲ ਦੀ ਦੂਜੀ ਵੱਡੀ ਇਕਾਈ ਹੈ, ਜੋ ਰਾਜ ਦੀ ਖੇਤੀ-ਉਦਯੋਗਿਕ ਸ਼੍ਰੇਣੀ ਨੂੰ ਹੋਰ ਮਜ਼ਬੂਤ ਕਰੇਗੀ। ਉਨ੍ਹਾਂ ਕਿਹਾ, “ਇਹ ਪ੍ਰੋਜੈਕਟ ਉੱਚ ਗੁਣਵੱਤਾ ਵਾਲੇ ਪਸ਼ੂ ਚਾਰੇ ਦੀ ਸਥਾਨਕ ਉਪਲਬਧਤਾ ਯਕੀਨੀ ਬਣਾ ਕੇ ਕਿਸਾਨਾਂ ਨੂੰ ਸਿੱਧਾ ਲਾਭ ਦੇਵੇਗਾ, ਜਿਸ ਨਾਲ ਦੁੱਧ ਉਤਪਾਦਨ, ਗੁਣਵੱਤਾ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਵਿਗਿਆਨਕ ਤਰੀਕੇ ਨਾਲ ਵਿਕਸਿਤ ਫੀਡ ਪਸ਼ੂਆਂ ਦੀ ਸਿਹਤ ਅਤੇ ਉਤਪਾਦਕਤਾ ਵਧਾਏਗੀ, ਜਿਸ ਨਾਲ ਪੰਜਾਬ ਦਾ ਡੇਅਰੀ ਖੇਤਰ ਨਵੀਆਂ ਉਚਾਈਆਂ ’ਤੇ ਪਹੁੰਚੇਗਾ।”
ਆਪਣੇ ਐਕਸ ਹੈਂਡਲ ’ਤੇ ਵੀਡੀਓ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “300 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਦੱਖਣੀ ਏਸ਼ੀਆ ਦੇ ਸਭ ਤੋਂ ਵੱਡੇ ਕਾਰਗਿਲ ਪਸ਼ੂ ਫੀਡ ਪਲਾਂਟ ਦਾ ਵਜ਼ੀਰਾਬਾਦ (ਮੰਡੀ ਗੋਬਿੰਦਗੜ੍ਹ) ਵਿੱਚ ਉਦਘਾਟਨ ਕੀਤਾ ਗਿਆ ਹੈ। ਇਹ ਪ੍ਰੋਜੈਕਟ ਸਾਡੇ ਡੇਅਰੀ ਕਿਸਾਨਾਂ ਦੀ ਆਮਦਨ ਵਧਾਏਗਾ ਅਤੇ ਪੰਜਾਬ ਦੇ ਨੌਜਵਾਨਾਂ ਲਈ ਸੈਂਕੜੇ ਨਵੇਂ ਰੋਜ਼ਗਾਰ ਮੌਕੇ ਪੈਦਾ ਕਰੇਗਾ। ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਤੋਂ ਪਹਿਲਾਂ ਇਹ ਉਦਯੋਗਿਕ ਖੇਤਰ ਵਿੱਚ ਸਾਡੀ ਸਰਕਾਰ ਦੀ ਇੱਕ ਮਹੱਤਵਪੂਰਨ ਉਪਲੱਬਧੀ ਹੈ। ਅਸੀਂ ‘ਰੰਗਲਾ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।”
ਇਹ ਪ੍ਰੋਜੈਕਟ ਪੰਜਾਬ ਦੇ ਖੇਤੀਬਾੜੀ ਅਤੇ ਡੇਅਰੀ ਸੈਕਟਰ ਲਈ ਇੱਕ ਮੀਲ ਪੱਥਰ ਹੈ, ਜੋ ਸਥਾਨਕ ਕਿਸਾਨਾਂ, ਨੌਜਵਾਨਾਂ ਅਤੇ ਸਮੁੱਚੀ ਆਰਥਿਕਤਾ ਨੂੰ ਮਜ਼ਬੂਤ ਕਰੇਗਾ।




