Onnline TV

ਪੰਜਾਬ ਪੰਜਾਬੀ

ਲੁਧਿਆਣਾ ‘ਚ ਸਮਾਰਟ ਪੁਲਿਸਿੰਗ ਵੱਲ ਵੱਡਾ ਕਦਮ, ਆਈਟੀਐਮਐਸ ਅਤੇ ਆਈਸੀਸੀਸੀ ਦਾ ਡੀਜੀਪੀ ਯਾਦਵ ਵੱਲੋਂ ਉਦਘਾਟਨ

ਚੰਡੀਗੜ੍ਹ/ਲੁਧਿਆਣਾ, 5 ਮਈ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਅਨੁਸਾਰ ਪੰਜਾਬ ਪੁਲਿਸ ਨੂੰ ਹੋਰ ਆਧੁਨਿਕ ਅਤੇ ਤਕਨੀਕੀ ਤੌਰ ‘ਤੇ ਮਜ਼ਬੂਤ ਬਣਾਉਣ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ, ਜਲੰਧਰ ਅਤੇ ਮੋਹਾਲੀ ਤੋਂ ਬਾਅਦ ਹੁਣ ਲੁਧਿਆਣਾ ਵੀ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ (ਆਈਟੀਐਮਐਸ) ਨਾਲ ਲੈਸ ਹੋਣ ਵਾਲਾ ਪੰਜਾਬ ਦਾ ਤੀਜਾ ਸ਼ਹਿਰ ਬਣ ਗਿਆ ਹੈ। ਇਹ ਜਾਣਕਾਰੀ ਅੱਜ ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਗੌਰਵ ਯਾਦਵ ਨੇ ਭਵਿੱਖਮੁਖੀ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਦੇ ਉਦਘਾਟਨ ਮੌਕੇ ਦਿੱਤੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਆਈਸੀਸੀਸੀ ਪ੍ਰੋਜੈਕਟ ਤਹਿਤ ਸ਼ਹਿਰ ਦੀ ਸੁਰੱਖਿਆ ਅਤੇ ਨਿਗਰਾਨੀ ਨੂੰ ਹੋਰ ਮਜ਼ਬੂਤ ਕਰਨ ਲਈ 259 ਸਥਾਨਾਂ ‘ਤੇ 1700 ਹਾਈ-ਰੈਜ਼ੋਲਿਊਸ਼ਨ ਕੈਮਰੇ ਲਗਾਏ ਗਏ ਹਨ।

ਉਨ੍ਹਾਂ ਦੱਸਿਆ ਕਿ ਸ਼ਹਿਰ ਦੇ 46 ਅਹਿਮ ਸਥਾਨਾਂ ‘ਤੇ ਸਥਾਪਿਤ ਆਈਟੀਐਮਐਸ ਰਾਹੀਂ ਟ੍ਰੈਫਿਕ ਨਿਯਮਾਂ ਦੀਆਂ 9 ਵੱਖ-ਵੱਖ ਉਲੰਘਣਾਵਾਂ ਦੀ ਨਿਗਰਾਨੀ ਕੀਤੀ ਜਾਵੇਗੀ। ਇਨ੍ਹਾਂ ਵਿੱਚ ਲਾਲ ਬੱਤੀ ਦੀ ਉਲੰਘਣਾ, ਸਟਾਪ ਲਾਈਨ ਪਾਰ ਕਰਨਾ, ਬਿਨਾਂ ਹੈਲਮੇਟ ਵਾਹਨ ਚਲਾਉਣਾ, ਪਿੱਛੇ ਬੈਠੇ ਸਵਾਰ ਵੱਲੋਂ ਹੈਲਮੇਟ ਨਾ ਪਹਿਨਣਾ, ਤਿੰਨ ਸਵਾਰੀਆਂ, ਤੇਜ਼ ਰਫ਼ਤਾਰ, ਜ਼ੈਬਰਾ ਕਰਾਸਿੰਗ ਦੀ ਉਲੰਘਣਾ, ਗਲਤ ਸਾਈਡ ਡਰਾਈਵਿੰਗ ਅਤੇ ਗਲਤ ਪਾਰਕਿੰਗ ਸ਼ਾਮਲ ਹਨ।

ਗਰਾਊਂਡ-ਜ਼ੀਰੋ ਦੌਰੇ ਤਹਿਤ ਲੁਧਿਆਣਾ ਪਹੁੰਚੇ ਡੀਜੀਪੀ ਗੌਰਵ ਯਾਦਵ ਨੇ ਅਪਗ੍ਰੇਡ ਕੀਤੇ ਆਈਸੀਸੀਸੀ ਨੂੰ ਅਹਤਿਆਤੀ ਅਤੇ ਤਕਨੀਕੀ ਪੁਲਿਸਿੰਗ ਵੱਲ ਇੱਕ ਵੱਡਾ ਕਦਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਵੇਂ ਕੇਂਦਰ ਵਿੱਚ ਟ੍ਰੈਫਿਕ, ਪੁਲਿਸ ਕੰਟਰੋਲ ਰੂਮ (ਪੀਸੀਆਰ), ਸੇਫ ਸਿਟੀ ਅਤੇ ਵਾਇਰਲੈੱਸ ਯੂਨਿਟਾਂ ਨੂੰ ਇੱਕੋ ਛੱਤ ਹੇਠ ਇਕੱਠਾ ਕੀਤਾ ਗਿਆ ਹੈ, ਜਿਸ ਨਾਲ ਪੁਲਿਸ ਵਿਭਾਗਾਂ ਵਿਚਕਾਰ ਤਾਲਮੇਲ ਹੋਰ ਬਿਹਤਰ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਪੀਸੀਆਰ ਦੀ ਰਿਸਪਾਂਸ ਟਾਈਮ 15 ਮਿੰਟ ਤੋਂ ਘਟ ਕੇ ਸਿਰਫ਼ 7 ਤੋਂ 8 ਮਿੰਟ ਰਹਿ ਗਈ ਹੈ।

ਇਸ ਮੌਕੇ ਉਨ੍ਹਾਂ ਦੇ ਨਾਲ ਕਮਿਸ਼ਨਰ ਆਫ਼ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਅਤੇ ਡੀਆਈਜੀ ਲੁਧਿਆਣਾ ਰੇਂਜ ਸਤਿੰਦਰ ਸਿੰਘ ਵੀ ਮੌਜੂਦ ਸਨ। ਡੀਜੀਪੀ ਨੇ ਫੀਲਡ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਮੀਟਿੰਗ ਕਰਕੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਅਤੇ ਨਾਗਰਿਕ-ਕੇਂਦਰਿਤ ਨਿਪਟਾਰਾ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ।

watch……Inside the Amritsar Police Operation Against Terrorism

ਪੁਲਿਸ ਫੋਰਸ ਵਿੱਚ ਆਪਸੀ ਸਾਂਝ ਅਤੇ ਇਕਜੁੱਟਤਾ ਨੂੰ ਮਜ਼ਬੂਤ ਕਰਨ ਲਈ ਡੀਜੀਪੀ ਗੌਰਵ ਯਾਦਵ ਨੇ ਪੁਲਿਸ ਲਾਈਨਜ਼ ਵਿਖੇ ਕਰਵਾਏ ‘ਵੱਡੇ ਖਾਣੇ’ ਦੌਰਾਨ ਪੰਜਾਬ ਪੁਲਿਸ ਦੇ ਸਾਰੇ ਰੈਂਕਾਂ ਦੇ 550 ਤੋਂ ਵੱਧ ਪੁਲਿਸ ਕਰਮਚਾਰੀਆਂ ਨਾਲ ਇਕੱਠੇ ਭੋਜਨ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਆਪਸੀ ਭਾਈਚਾਰੇ, ਏਕਤਾ ਅਤੇ ਲੋਕ ਸੇਵਾ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ।

ਇਸ ਦੌਰਾਨ ਡੀਜੀਪੀ ਨੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਹੋਰ ਉਤਸ਼ਾਹਿਤ ਵੀ ਕੀਤਾ।

ਇਸ ਮੌਕੇ ਐਸਐਸਪੀ ਲੁਧਿਆਣਾ (ਦਿਹਾਤੀ) ਅੰਕੁਰ ਗੁਪਤਾ, ਐਸਐਸਪੀ ਐਸਬੀਐਸ ਨਗਰ ਤੁਸ਼ਾਰ ਗੁਪਤਾ, ਐਸਐਸਪੀ ਖੰਨਾ ਦਰਪਨ ਆਹਲੂਵਾਲੀਆ ਅਤੇ ਡੀਜੀਪੀ ਪੰਜਾਬ ਦੇ ਸਟਾਫ ਅਫ਼ਸਰ ਰਿਸ਼ਭ ਭੋਲਾ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

LEAVE A RESPONSE

Your email address will not be published. Required fields are marked *