ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ), 3 ਨਵੰਬਰ
ਪੰਜਾਬ ਦੀ ਧਰਤੀ ’ਤੇ ਪਹਿਲੀ ਵਾਰ ਕਰਵਾਏ ਜਾ ਰਹੇ ਕੌਮਾਂਤਰੀ ਹਾਕੀ ਟੂਰਨਾਮੈਂਟ ‘ਏਸ਼ੀਅਨ ਚੈਂਪੀਅਨਜ਼ ਟਰਾਫੀ’ ਦੇ ਜਲੰਧਰ ਵਿਖੇ ਲੀਗ ਮੁਕਾਬਲੇ ਸਫ਼ਲਤਾਪੂਰਵਕ ਸੰਪੰਨ ਹੋਣ ਤੋਂ ਬਾਅਦ ਹੁਣ ਦੂਜੇ ਮੇਜ਼ਬਾਨ ਸ਼ਹਿਰ ਮੋਹਾਲੀ ਵਿੱਚ ਨਾਕਆਊਟ ਮੁਕਾਬਲਿਆਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
4 ਨਵੰਬਰ ਨੂੰ ਸੈਮੀਫਾਈਨਲ ਅਤੇ ਪੰਜਵੇਂ ਸਥਾਨ ਲਈ ਹੋਣ ਵਾਲੇ ਮੁਕਾਬਲੇ ਨਾਲ ਮੋਹਾਲੀ ਦਾ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਪਹਿਲੀ ਵਾਰ ਕੌਮਾਂਤਰੀ ਹਾਕੀ ਮੈਚਾਂ ਦੀ ਮੇਜ਼ਬਾਨੀ ਕਰੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਪੰਜਾਬ ਵਿੱਚ ਪਹਿਲੀ ਵਾਰ ਇਸ ਪੱਧਰ ਦਾ ਕੌਮਾਂਤਰੀ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।
ਭਾਰਤ ਦਾ ਦੱਖਣੀ ਕੋਰੀਆ ਨਾਲ ਸੈਮੀਫਾਈਨਲ ਮੁਕਾਬਲਾ
ਜਲੰਧਰ ਵਿੱਚ ਖੇਡੇ ਗਏ ਲੀਗ ਗੇੜ ਤੋਂ ਬਾਅਦ ਭਾਰਤ ਅੰਕ ਸੂਚੀ ਵਿੱਚ ਪਹਿਲੇ ਸਥਾਨ ’ਤੇ ਰਿਹਾ, ਜਦਕਿ ਜਾਪਾਨ ਨੇ ਦੂਜਾ, ਮਲੇਸ਼ੀਆ ਨੇ ਤੀਜਾ, ਦੱਖਣੀ ਕੋਰੀਆ ਨੇ ਚੌਥਾ, ਚੀਨ ਨੇ ਪੰਜਵਾਂ ਅਤੇ ਬੰਗਲਾਦੇਸ਼ ਨੇ ਛੇਵਾਂ ਸਥਾਨ ਹਾਸਲ ਕੀਤਾ।
4 ਨਵੰਬਰ ਨੂੰ ਮੋਹਾਲੀ ਵਿੱਚ ਨਾਕਆਊਟ ਗੇੜ ਦੇ ਤਿੰਨ ਮੁਕਾਬਲੇ ਖੇਡੇ ਜਾਣਗੇ। ਦਿਨ ਦਾ ਪਹਿਲਾ ਮੈਚ ਦੁਪਹਿਰ 2 ਵਜੇ ਚੀਨ ਅਤੇ ਬੰਗਲਾਦੇਸ਼ ਵਿਚਾਲੇ ਪੰਜਵੇਂ ਸਥਾਨ ਲਈ ਹੋਵੇਗਾ। ਸ਼ਾਮ 4:30 ਵਜੇ ਪਹਿਲੇ ਸੈਮੀਫਾਈਨਲ ਵਿੱਚ ਜਾਪਾਨ ਅਤੇ ਮਲੇਸ਼ੀਆ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ, ਜਦਕਿ ਸ਼ਾਮ 7 ਵਜੇ ਦੂਜੇ ਸੈਮੀਫਾਈਨਲ ਵਿੱਚ ਮੇਜ਼ਬਾਨ ਭਾਰਤ ਦਾ ਮੁਕਾਬਲਾ ਦੱਖਣੀ ਕੋਰੀਆ ਨਾਲ ਹੋਵੇਗਾ।
ਚਾਰੇ ਟੀਮਾਂ 5 ਨਵੰਬਰ ਨੂੰ ਮੋਹਾਲੀ ਵਿਖੇ ਹੋਣ ਵਾਲੇ ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਪੂਰਾ ਜ਼ੋਰ ਲਗਾਉਣਗੀਆਂ। ਸੈਮੀਫਾਈਨਲ ਵਿੱਚ ਹਾਰਨ ਵਾਲੀਆਂ ਦੋਵੇਂ ਟੀਮਾਂ ਕਾਂਸੀ ਦੇ ਤਮਗੇ ਲਈ ਭਿੜਨਗੀਆਂ।
watch…India Thrash South Korea 8-0! Finish Top of Hero Asian Champions Trophy League Stage
ਭਾਰਤ ਪੰਜ ਵਾਰ ਜਿੱਤ ਚੁੱਕਾ ਹੈ ਖ਼ਿਤਾਬ
ਹੁਣ ਤੱਕ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਅੱਠ ਐਡੀਸ਼ਨ ਖੇਡੇ ਜਾ ਚੁੱਕੇ ਹਨ। ਭਾਰਤ ਨੇ ਸਭ ਤੋਂ ਵੱਧ ਛੇ ਵਾਰ ਫਾਈਨਲ ਵਿੱਚ ਜਗ੍ਹਾ ਬਣਾਈ ਹੈ ਅਤੇ ਸਾਂਝੇ ਜੇਤੂ ਸਮੇਤ ਪੰਜ ਵਾਰ ਖ਼ਿਤਾਬ ਆਪਣੇ ਨਾਮ ਕੀਤਾ ਹੈ। ਇੱਕ ਵਾਰ ਭਾਰਤੀ ਟੀਮ ਉਪ ਜੇਤੂ ਵੀ ਰਹੀ ਹੈ।
ਫਾਈਨਲ ਵਿੱਚ ਪਹੁੰਚਣ ਦੇ ਮਾਮਲੇ ਵਿੱਚ ਭਾਰਤ ਤੋਂ ਬਾਅਦ ਜਾਪਾਨ ਦੋ ਵਾਰ, ਜਦਕਿ ਦੱਖਣੀ ਕੋਰੀਆ, ਮਲੇਸ਼ੀਆ ਅਤੇ ਚੀਨ ਇੱਕ-ਇੱਕ ਵਾਰ ਫਾਈਨਲ ਖੇਡ ਚੁੱਕੇ ਹਨ। ਇਸ ਵਾਰ ਭਾਰਤ ਸੱਤਵੀਂ ਵਾਰ, ਜਾਪਾਨ ਤੀਜੀ ਵਾਰ ਅਤੇ ਦੱਖਣੀ ਕੋਰੀਆ, ਮਲੇਸ਼ੀਆ ਤੇ ਚੀਨ ਦੂਜੀ ਵਾਰ ਫਾਈਨਲ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰਨਗੇ।
ਖ਼ਿਤਾਬ ਜਿੱਤਣ ਦੇ ਰਿਕਾਰਡ ਵਿੱਚ ਭਾਰਤ ਪੰਜ ਵਾਰ ਚੈਂਪੀਅਨ ਬਣਿਆ ਹੈ, ਜਦਕਿ ਦੱਖਣੀ ਕੋਰੀਆ ਨੇ ਇੱਕ ਵਾਰ ਟਰਾਫੀ ਜਿੱਤੀ ਹੈ। ਜਾਪਾਨ ਦੋ ਵਾਰ ਅਤੇ ਮਲੇਸ਼ੀਆ ਇੱਕ ਵਾਰ ਉਪ ਜੇਤੂ ਰਹਿ ਚੁੱਕੇ ਹਨ।
ਟੂਰਨਾਮੈਂਟ ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ
ਮੌਜੂਦਾ ਟੂਰਨਾਮੈਂਟ ਵਿੱਚ ਭਾਰਤੀ ਟੀਮ ਹੁਣ ਤੱਕ ਅਜੇਤੂ ਰਹੀ ਹੈ ਅਤੇ ਆਪਣੇ ਸਾਰੇ ਪੰਜ ਲੀਗ ਮੈਚ ਜਿੱਤੇ ਹਨ। ਜਾਪਾਨ ਨੇ ਤਿੰਨ ਜਿੱਤਾਂ ਅਤੇ ਇੱਕ ਡਰਾਅ ਦਰਜ ਕੀਤਾ, ਜਦਕਿ ਮਲੇਸ਼ੀਆ ਨੇ ਤਿੰਨ ਅਤੇ ਦੱਖਣੀ ਕੋਰੀਆ ਨੇ ਦੋ ਮੈਚ ਜਿੱਤੇ ਹਨ। ਚੀਨ ਨੇ ਦੋ ਅਤੇ ਬੰਗਲਾਦੇਸ਼ ਨੇ ਇੱਕ ਮੈਚ ਡਰਾਅ ਖੇਡਿਆ ਹੈ।
ਗੋਲ ਕਰਨ ਦੇ ਮਾਮਲੇ ਵਿੱਚ ਵੀ ਭਾਰਤ ਸਭ ਤੋਂ ਅੱਗੇ ਹੈ। ਭਾਰਤੀ ਟੀਮ ਨੇ ਹੁਣ ਤੱਕ ਕੁੱਲ 34 ਗੋਲ ਕੀਤੇ ਹਨ। ਮਲੇਸ਼ੀਆ ਨੇ 17, ਦੱਖਣੀ ਕੋਰੀਆ ਅਤੇ ਚੀਨ ਨੇ 10-10, ਜਾਪਾਨ ਨੇ 9 ਅਤੇ ਬੰਗਲਾਦੇਸ਼ ਨੇ 2 ਗੋਲ ਕੀਤੇ ਹਨ।
ਹਰਮਨਪ੍ਰੀਤ ਸਿੰਘ 9 ਗੋਲਾਂ ਨਾਲ ਟਾਪ ਸਕੋਰਰ
ਖਿਡਾਰੀਆਂ ਦੇ ਨਿੱਜੀ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ 9 ਗੋਲਾਂ ਨਾਲ ਟੂਰਨਾਮੈਂਟ ਦਾ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣਿਆ ਹੋਇਆ ਹੈ। ਮਲੇਸ਼ੀਆ ਦੇ ਅਬੂ ਕਮਲ ਅਜ਼ਰਾਈ ਪੰਜ ਗੋਲਾਂ ਨਾਲ ਦੂਜੇ ਸਥਾਨ ’ਤੇ ਹਨ।
ਭਾਰਤ ਦੇ ਦਿਲਪ੍ਰੀਤ ਸਿੰਘ, ਸੁਖਜੀਤ ਸਿੰਘ ਅਤੇ ਚੀਨ ਦੇ ਬੇਨਹਾਈ ਚੇਨ ਨੇ ਚਾਰ-ਚਾਰ ਗੋਲ ਕੀਤੇ ਹਨ। ਇਸੇ ਤਰ੍ਹਾਂ ਭਾਰਤ ਦੇ ਮਨਦੀਪ ਸਿੰਘ, ਅਭਿਸ਼ੇਕ ਅਤੇ ਜੁਗਰਾਜ ਸਿੰਘ, ਦੱਖਣੀ ਕੋਰੀਆ ਦੇ ਡੇਨ ਸੁਨ, ਜਾਪਾਨ ਦੇ ਕੇਂਟਾਰੋ ਫੁਕੂਦਾ ਅਤੇ ਮਲੇਸ਼ੀਆ ਦੇ ਅਜ਼ੀਮੂਦੀਨ ਤਿੰਨ-ਤਿੰਨ ਗੋਲ ਕਰ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਟੂਰਨਾਮੈਂਟ ਦੀ ਸ਼ੁਰੂਆਤ 27 ਅਕਤੂਬਰ ਨੂੰ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਹੋਈ ਸੀ ਅਤੇ ਇਸ ਦਾ ਫਾਈਨਲ 5 ਨਵੰਬਰ ਨੂੰ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।





