ਸੰਘੋਲ, 7 ਨਵੰਬਰ (ਔਜਲਾ):
ਨਜ਼ਦੀਕੀ ਪਿੰਡ ਰਾਏਪੁਰ ਮਾਜਰੀ ਦੀ ਸਹਿਕਾਰੀ ਸਭਾ ਵੱਲੋਂ ਦੀਵਾਲੀ ਦੇ ਤਿਉਹਾਰ ਮੌਕੇ ਆਪਣੇ ਮੁਲਾਜ਼ਮਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਭਾ ਦੀ ਪ੍ਰਧਾਨ ਕੁਲਦੀਪ ਕੌਰ ਅਤੇ ਉਪ ਪ੍ਰਧਾਨ ਗੁਰਜੀਤ ਸਿੰਘ ਸੇਖੋਂ ਨੇ ਮੁਲਾਜ਼ਮਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਪ੍ਰਧਾਨ ਕੁਲਦੀਪ ਕੌਰ ਅਤੇ ਉਪ ਪ੍ਰਧਾਨ ਗੁਰਜੀਤ ਸਿੰਘ ਸੇਖੋਂ ਨੇ ਕਿਹਾ ਕਿ ਮੁਲਾਜ਼ਮਾਂ ਦੀ ਅਣਥੱਕ ਮਿਹਨਤ ਅਤੇ ਇਮਾਨਦਾਰੀ ਸਦਕਾ ਸਹਿਕਾਰੀ ਸਭਾ ਲਗਾਤਾਰ ਤਰੱਕੀ ਦੀਆਂ ਬੁਲੰਦੀਆਂ ਛੂਹ ਰਹੀ ਹੈ। ਸਭਾ ਲਗਾਤਾਰ ਮੁਨਾਫ਼ੇ ਵਿੱਚ ਚੱਲ ਰਹੀ ਹੈ ਅਤੇ ਕਿਸਾਨਾਂ ਦੀ ਸਹੂਲਤ ਲਈ ਇੱਥੇ ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਤਰ੍ਹਾਂ ਦੇ ਸੰਦ ਵੀ ਉਪਲਬਧ ਹਨ।
watch…..Vigilance Action! Pungrain Manager & Mandi Inspector Arrested for ₹50,000 Bribe
ਉਨ੍ਹਾਂ ਦੱਸਿਆ ਕਿ ਕਿਸਾਨ ਇਨ੍ਹਾਂ ਖੇਤੀ ਸੰਦਾਂ ਨੂੰ ਕਿਫ਼ਾਇਤੀ ਕਿਰਾਏ ’ਤੇ ਲੈ ਕੇ ਆਪਣੀਆਂ ਖੇਤੀਬਾੜੀ ਸਬੰਧੀ ਲੋੜਾਂ ਪੂਰੀਆਂ ਕਰ ਰਹੇ ਹਨ। ਇਸ ਨਾਲ ਕਿਸਾਨਾਂ ਨੂੰ ਮਹਿੰਗੇ ਖੇਤੀ ਸੰਦ ਖ਼ਰੀਦਣ ਅਤੇ ਉਨ੍ਹਾਂ ’ਤੇ ਹੋਣ ਵਾਲੇ ਵਾਧੂ ਖ਼ਰਚਿਆਂ ਤੋਂ ਬਚਣ ਵਿੱਚ ਮਦਦ ਮਿਲ ਰਹੀ ਹੈ।
ਉਨ੍ਹਾਂ ਕਿਹਾ ਕਿ ਤਿਉਹਾਰ ਸਾਨੂੰ ਆਪਸੀ ਪਿਆਰ, ਸਾਂਝ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੇ ਹਨ। ਸਾਰੇ ਤਿਉਹਾਰ ਮਿਲ-ਜੁਲ ਕੇ ਮਨਾਉਣੇ ਚਾਹੀਦੇ ਹਨ, ਕਿਉਂਕਿ ਅਜਿਹੇ ਮੌਕੇ ਆਪਸੀ ਦੂਰੀਆਂ ਖ਼ਤਮ ਕਰਨ ਦੇ ਨਾਲ-ਨਾਲ ਪਿਆਰ, ਸਦਭਾਵਨਾ ਅਤੇ ਮਿਲਵਰਤਣ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ।
ਇਸ ਮੌਕੇ ਸਭਾ ਦੇ ਸਕੱਤਰ ਸਰਬਜੀਤ ਸਿੰਘ, ਨੌਜਵਾਨ ਆਗੂ ਬਲਵਿੰਦਰ ਸਿੰਘ, ਸੇਵਾਦਾਰ ਜਗਦੇਵ ਸਿੰਘ ਅਤੇ ਗੁਰਸੇਵਕ ਸਿੰਘ ਮਾਜਰੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।





