ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬੰਦੀਆਂ ਨੂੰ ਪੁਰਾਣੀਆਂ ਗਲਤੀਆਂ ਨੂੰ ਪਿੱਛੇ ਛੱਡ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਦਿੱਤਾ ਸੱਦਾ
-ਗੁਨਾਹਗਾਰ ਨੂੰ ਸਜ਼ਾ ਤਾਂ ਮਿਲਦੀ ਹੈ ਹਰ ਹਾਲ ਵਿੱਚ, ਪਰ ਚੰਗੇ ਕੰਮ ਕਰਕੇ ਆਪਣਾ ਭਵਿੱਖ ਸੁਧਾਰੋ
-ਸਾਰੀਆਂ ਜੇਲ੍ਹਾਂ ਦੇ ਬਾਹਰ ਖੋਲ੍ਹੇ ਜਾਣਗੇ ਪੈਟਰੋਲ ਪੰਪ
– ਚੰਗੇ ਆਚਰਨ ਵਾਲੇ ਕੈਦੀਆਂ ਨੂੰ ਮਿਲੇਗਾ ਰੁਜ਼ਗਾਰ ਦਾ ਮੌਕਾ
ਪਟਿਆਲਾ, 11 ਫਰਵਰੀ
ਪੰਜਾਬ ਦੇ ਜੇਲ੍ਹਾਂ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਬੰਦੀਆਂ ਤੇ ਹਵਾਲਾਤੀਆਂ ਨੂੰ ਪੁਰਾਣੀਆਂ ਗਲਤੀਆਂ ਨੂੰ ਸੁਧਾਰ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਦਾ ਪ੍ਰੇਰਨਾਮਈ ਸੱਦਾ ਦਿੱਤਾ। ਉਹ ਅੱਜ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਉਜਾਲਾ ਪੰਜਾਬ ਪ੍ਰੀਜ਼ਨ ਓਲੰਪਿਕਸ-2026 ਦੇ ਅੰਤਿਮ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡਣ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਏ.ਡੀ.ਜੀ.ਪੀ. ਜੇਲ੍ਹਾਂ ਅਰੁਨਪਾਲ ਸਿੰਘ ਤੇ ਪ੍ਰਮੁੱਖ ਸਕੱਤਰ ਤੇ ਆਈ.ਜੀ. ਜੇਲ੍ਹਾਂ ਮੁਹੰਮਦ ਤਇਅਬ ਵੀ ਮੌਜੂਦ ਸਨ।
ਇਨ੍ਹਾਂ ਰੌਣਕ ਭਰੇ ਮੁਕਾਬਲਿਆਂ ਵਿੱਚ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਦੇ ਬੰਦੀਆਂ ਨੇ ਰੱਸਾ ਕੱਸੀ, ਕਬੱਡੀ, ਵਾਲੀਬਾਲ, ਬੈਡਮਿੰਟਨ, ਚੈੱਸ, ਚਿਤਰਕਾਰੀ, ਅਥਲੈਟਿਕਸ, ਲੰਬੀ ਛਾਲ, ਸ਼ਾਟ ਪੁੱਟ ਵਰਗੀਆਂ ਖੇਡਾਂ ਵਿੱਚ ਹਿੱਸਾ ਲਿਆ। ਮਹਿਲਾ ਬੰਦੀਆਂ ਨੇ ਵੀ ਚੈੱਸ, ਚਿਤਰਕਾਰੀ, ਬੈਡਮਿੰਟਨ (ਸਿੰਗਲਜ਼ ਤੇ ਡਬਲਜ਼), ਅਥਲੈਟਿਕਸ, ਲੰਬੀ ਛਾਲ ਤੇ ਸ਼ਾਟ ਪੁੱਟ ਵਿੱਚ ਆਪਣੀ ਤਾਕਤ ਪ੍ਰਦਰਸ਼ਿਤ ਕੀਤੀ।
ਪਟਿਆਲਾ ਜੋਨ ਦੀਆਂ ਜੇਲ੍ਹਾਂ ਦੇ ਬੰਦੀ ਖਿਡਾਰੀ ਸਭ ਤੋਂ ਵੱਧ ਮੈਡਲ ਜਿੱਤ ਕੇ ਓਵਰਆਲ ਜੇਤੂ ਰਹੇ। ਫਰੀਦਕੋਟ ਜੋਨ ਦੇ ਬੰਦੀ ਖਿਡਾਰੀ ਦੂਜੇ ਸਥਾਨ ‘ਤੇ ਰਹੇ, ਜਦਕਿ ਕਪੂਰਥਲਾ ਜੋਨ ਦੀਆਂ ਜੇਲ੍ਹਾਂ ਦੇ ਬੰਦੀ ਤੀਜੇ ਸਥਾਨ ‘ਤੇ ਰਹੇ।
ਜੇਲ੍ਹ ਮੰਤਰੀ ਭੁੱਲਰ ਨੇ ਬੰਦੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਲੁੱਟਣ ਵਾਲਿਆਂ ਦੇ ਘਰ ਸਦਾ ਹਨੇਰਾ ਰਹਿੰਦਾ ਹੈ। ਇਸ ਲਈ ਸਾਰੇ ਬੰਦੀ ਚੰਗੇ ਕੰਮ ਕਰਕੇ ਆਪਣਾ ਭਵਿੱਖ ਸੁਧਾਰਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਸੁਧਾਰ ਲਈ ਸ਼ੁਰੂ ਕੀਤੇ ਵੱਖ-ਵੱਖ ਕੋਰਸਾਂ ਨੂੰ ਅਪਣਾ ਕੇ ਸਵੈ-ਰੁਜ਼ਗਾਰ ਦੇ ਕਾਬਲ ਬਣੋ।”
ਉਨ੍ਹਾਂ ਕਿਹਾ ਕਿ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਦੇ ਬਾਹਰ ਪੈਟਰੋਲ ਪੰਪ ਖੋਲ੍ਹੇ ਜਾਣਗੇ, ਜਿੱਥੇ ਚੰਗੇ ਆਚਰਨ ਵਾਲੇ ਬੰਦੀਆਂ ਨੂੰ ਕੰਮ ਕਰਨ ਦਾ ਮੌਕਾ ਮਿਲੇਗਾ ਤੇ ਉਹ ਹੋਰ ਸੁਧਰਨਗੇ।
watch….Punjab: Epitome of Sacrifice, Peace & Food Security – CM Mann Tells NDC Delegation
ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜੇਲ੍ਹਾਂ ਵਿੱਚ ਖੇਡਾਂ ਦੇ ਓਲੰਪਿਕਸ ਸ਼ੁਰੂ ਕਰਕੇ ਬੰਦੀਆਂ ਨੂੰ ਖਿਡਾਰੀ ਬਣਨ, ਆਪਸ ਵਿੱਚ ਖੇਡਣ, ਭਾਈਚਾਰਕ ਸਾਂਝ ਪੈਦਾ ਕਰਨ ਤੇ ਅਨੁਸ਼ਾਸਨ ਵਿੱਚ ਰਹਿ ਕੇ ਆਪਣੇ ਅੰਦਰ ਸੁਧਾਰ ਲਿਆਉਣ ਦਾ ਸੁਨਹਿਰੀ ਮੌਕਾ ਦਿੱਤਾ ਹੈ। ਉਨ੍ਹਾਂ ਜੇਲ੍ਹ ਪ੍ਰਸ਼ਾਸਨ ਨੂੰ ਵਧਾਈ ਦਿੱਤੀ ਤੇ ਆਸ ਜਤਾਈ ਕਿ ਖੇਡਾਂ ਤੇ ਚੰਗੀ ਸੋਚ ਨਾਲ ਜੁੜੇ ਕੈਦੀ ਜੇਲ੍ਹਾਂ ਤੋਂ ਬਾਹਰ ਆ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਣਗੇ।
ਸਮਾਰੋਹ ਦੌਰਾਨ ਮਹਿਲਾ ਬੰਦੀਆਂ ਨੇ ਗਿੱਧਾ ਤੇ ਪੁਰਸ਼ ਬੰਦੀਆਂ ਨੇ ਭੰਗੜਾ ਪੇਸ਼ ਕੀਤਾ। ਕਬੱਡੀ ਤੇ ਰੱਸਾ ਕੱਸੀ ਦੇ ਮੁਕਾਬਲੇ ਵੀ ਹੋਏ ਤੇ ਬੰਦੀ ਖਿਡਾਰੀਆਂ ਨੇ ਮਾਰਚ ਪਾਸਟ ਵਿੱਚ ਹਿੱਸਾ ਲਿਆ। ਅਗਲੇ ਓਲੰਪਿਕਸ ਕਪੂਰਥਲਾ ਜੇਲ੍ਹ ਵਿੱਚ ਕਰਵਾਏ ਜਾਣ ਦੇ ਵਚਨ ਨਾਲ ਇਹ ਮੁਕਾਬਲੇ ਸੰਪੰਨ ਹੋਏ।
ਪਟਿਆਲਾ ਜੇਲ੍ਹ ਦੇ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ, ਵਧੀਕ ਸੁਪਰਡੈਂਟ ਜੈਦੀਪ ਸਿੰਘ ਤੇ ਅਰਪਨਜੋਤ ਸਿੰਘ ਸਮੇਤ ਪੂਰੀ ਟੀਮ ਨੂੰ ਪ੍ਰਬੰਧਾਂ ਲਈ ਜੇਲ੍ਹ ਮੰਤਰੀ ਵੱਲੋਂ ਭਰਵੀਂ ਸ਼ਲਾਘਾ ਮਿਲੀ। ਮੰਚ ਸੰਚਾਲਨ ਸੁਮਨ ਬੱਤਰਾ ਨੇ ਕੀਤਾ। ਸਮਾਰੋਹ ਵਿੱਚ ਡੀ.ਆਈ.ਜੀ. ਐਸ.ਐਸ ਮੰਡ, ਐਮ.ਕੇ. ਸ਼ਰਮਾ, ਆਰ.ਟੀ.ਓ. ਬਬਨਦੀਪ ਸਿੰਘ ਵਾਲੀਆ ਸਮੇਤ ਵੱਖ-ਵੱਖ ਜੇਲ੍ਹਾਂ ਦੇ ਅਧਿਕਾਰੀ ਮੌਜੂਦ ਸਨ।




