-ਚੋਣ ਆਬਜ਼ਰਵਰ ਡਿਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਨੇ ਗਿਣਤੀ ਕੇਂਦਰਾਂ ਦਾ ਦੌਰਾ ਕੀਤਾ
-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਚੋਣ ਅਮਲੇ, ਵੋਟਰਾਂ ਤੇ ਉਮੀਦਵਾਰਾਂ ਦਾ ਕੀਤਾ ਧੰਨਵਾਦ
-ਡੀ.ਆਈ.ਜੀ. ਕੁਲਦੀਪ ਸਿੰਘ ਚਹਿਲ, ਐਸ.ਐਸ.ਪੀ. ਸਰਤਾਜ ਸਿੰਘ ਚਹਿਲ ਤੇ ਸਾਰੇ ਐਸ.ਪੀਜ਼ ਨੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕੀਤੀ
ਪਟਿਆਲਾ, 17 ਦਸੰਬਰ:
ਪਟਿਆਲਾ ਜ਼ਿਲ੍ਹਾ ਪ੍ਰੀਸ਼ਦ ਅਤੇ ਜ਼ਿਲ੍ਹੇ ਦੀਆਂ 10 ਪੰਚਾਇਤ ਸੰਮਤੀਆਂ ਦੀਆਂ ਆਮ ਚੋਣਾਂ ਲਈ 14 ਦਸੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਦੇਰ ਰਾਤ ਤੱਕ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਢੰਗ ਨਾਲ ਸੰਪੰਨ ਹੋ ਗਈ ਹੈ। ਇਸ ਦੌਰਾਨ ਚੋਣ ਆਬਜ਼ਰਵਰ ਡਿਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਨੇ ਨਾਭਾ ਤੇ ਪਟਿਆਲਾ ਵਿਖੇ ਸਥਿਤ ਗਿਣਤੀ ਕੇਂਦਰਾਂ ਦਾ ਦੌਰਾ ਕਰਕੇ ਗਿਣਤੀ ਪ੍ਰਕਿਰਿਆ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਸਾਰੇ ਕੇਂਦਰਾਂ ’ਤੇ ਮਾਈਕਰੋ ਆਬਜ਼ਰਵਰ ਪੂਰੀ ਪ੍ਰਕਿਰਿਆ ’ਤੇ ਨੇੜਿਓਂ ਨਿਗਰਾਨੀ ਰੱਖ ਰਹੇ ਸਨ।
ਅੱਜ ਵੱਖ-ਵੱਖ ਗਿਣਤੀ ਕੇਂਦਰਾਂ ’ਤੇ ਰਿਟਰਨਿੰਗ ਅਧਿਕਾਰੀਆਂ ਦੀ ਨਿਗਰਾਨੀ ਹੇਠ ਵੋਟਾਂ ਦੀ ਗਿਣਤੀ ਦੀ ਸਮੁੱਚੀ ਦੇਖ-ਰੇਖ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਏ.ਡੀ.ਸੀ. (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਤੇ ਏ.ਡੀ.ਸੀ. (ਸ਼ਹਿਰੀ ਵਿਕਾਸ) ਡਾ. ਇਸਮਤ ਵਿਜੇ ਸਿੰਘ ਨੇ ਕੀਤੀ।
ਡਾ. ਪ੍ਰੀਤੀ ਯਾਦਵ ਨੇ ਵੋਟਾਂ ਦੀ ਗਿਣਤੀ ਨੂੰ ਸ਼ਾਂਤੀਪੂਰਵਕ ਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਦੇ ਵੋਟਰਾਂ, ਚੋਣ ਅਮਲੇ ਦੇ ਸਾਰੇ ਕਰਮਚਾਰੀਆਂ ਤੇ ਅਧਿਕਾਰੀਆਂ, ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਪੂਰੇ ਸਮੇਂ ਦੌਰਾਨ ਸਾਰੇ ਉਮੀਦਵਾਰਾਂ ਤੇ ਉਨ੍ਹਾਂ ਦੇ ਏਜੰਟਾਂ ਨੇ ਪੂਰਾ ਸਹਿਯੋਗ ਦਿੱਤਾ, ਜਿਸ ਕਾਰਨ ਸਮੁੱਚੀ ਚੋਣ ਪ੍ਰਕਿਰਿਆ ਅਮਨ-ਅਮਾਨ ਨਾਲ ਮੁਕੰਮਲ ਹੋਈ।
ਗਿਣਤੀ ਦੌਰਾਨ ਪੁਲਿਸ ਵੱਲੋਂ ਕੀਤੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਡੀ.ਆਈ.ਜੀ. ਕੁਲਦੀਪ ਸਿੰਘ ਚਹਿਲ, ਐਸ.ਐਸ.ਪੀ. ਸਰਤਾਜ ਸਿੰਘ ਚਹਿਲ ਤੇ ਪਟਿਆਲਾ ਦੇ ਸਾਰੇ ਐਸ.ਪੀਜ਼ ਨੇ ਖੁਦ ਕੀਤੀ। ਇਸ ਤੋਂ ਇਲਾਵਾ ਐਸ.ਐਸ.ਪੀ. ਸਰਤਾਜ ਸਿੰਘ ਚਹਿਲ ਨੇ ਗਿਣਤੀ ਕੇਂਦਰਾਂ ਦਾ ਦੌਰਾ ਕਰਕੇ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਪੂਰੀ ਪ੍ਰਕਿਰਿਆ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਈ ਹੈ।
ਹੁਣ ਤੱਕ ਆਏ ਨਤੀਜੇ
ਪਟਿਆਲਾ ਬਲਾਕ ਦੇ 15 ਜੋਨਾਂ ‘ਚ ਆਮ ਆਦਮੀ ਪਾਰਟੀ ਦੇ 11 ਉਮੀਦਵਾਰ, ਕਾਂਗਰਸ ਦੇ 2, ਆਜਾਦ 2 ਤੇ ਭਾਰਤੀ ਜਨਤਾ ਪਾਰਟੀ ਦਾ 1 ਉਮੀਦਵਾਰ ਜੇਤੂ ਰਹੇ ਹਨ।
ਪਟਿਆਲਾ ਦਿਹਾਤੀ ਬਲਾਕ ‘ਚ 15 ਜੋਨਾਂ ‘ਚ 10 ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ 5 ਜ਼ੋਨਾਂ ‘ਚ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ, ਜ਼ਿਲ੍ਹਾ ਪਰਿਸ਼ਦ ਦੇ 2 ਜੋਨਾਂ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ।
ਨਾਭਾ ਬਲਾਕ ਸੰਮਤੀ 12 ਆਪ,7 ਕਾਂਗਰਸ,6 ਅਕਾਲੀ ਦਲ,ਜਿਲਾ ਪਰਿਸ਼ਦ ਆਪ1, ਅਕਾਲੀ ਦਲ ਤੇ,ਕਾਂਗਰਸ 1,
ਘਨੌਰ ਬਲਾਕ ਦੇ 19 ‘ਚੋਂ ਆਮ ਆਦਮੀ ਪਾਰਟੀ ਦੇ 11 ਉਮੀਦਵਾਰ ਅਤੇ ਕਾਂਗਰਸ ਪਾਰਟੀ ਦੇ 8 ਉਮੀਦਵਾਰ ਜਿੱਤੇ ਹਨ।
ਸਨੌਰ ਬਲਾਕ ਦੇ 19 ਜੋਨਾਂ ‘ਚ 14 ਆਮ ਆਦਮੀ ਪਾਰਟੀ ਦੇ ਉਮੀਦਵਾਰ, 2 ਕਾਂਗਰਸ ਤੇ 3 ਆਜਾਦ ਉਮੀਦਵਾਰ ਜੇਤੂ ਰਹੇ ਹਨ, ਜਦਕਿ ਜ਼ਿਲ੍ਹਾ ਪਰਿਸ਼ਦ ਦੇ 2 ਜੋਨ੍ਹਾਂ ‘ਤੇ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ।
ਸ਼ੰਭੂ ਬਲਾਕ ਦੇ 19 ਜੋਨਾਂ ‘ਚੋਂ 10 ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕਾਂਗਰਸ ਦੇ 8 ਉਮੀਦਵਾਰ ਜਿੱਤੇ ਹਨ ਜਦਕਿ 1 ਜੋਨ ਉਪਰ ਦੁਬਾਰਾ ਗਿਣਤੀ ਹੋ ਰਹੀ ਹੈ।
ਸਮਾਣਾ ਪੰਚਾਇਤ ਸੰਮਤੀ ਦੇ 15 ਜ਼ੋਨਾਂ ਵਿੱਚੋਂ 10 ’ਤੇ ਆਮ ਆਦਮੀ ਪਾਰਟੀ, 1’ਤੇ ਕਾਂਗਰਸ ਤੇ 3 ਜ਼ੋਨ ’ਤੇ ਸ਼੍ਰੋਮਣੀ ਅਕਾਲੀ ਦਲ ਤੇ 1 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।
ਰਾਜਪੁਰਾ ਬਲਾਕ ਸੰਮਤੀ ਦੇ ਰਿਟਰਨਿੰਗ ਅਧਿਕਾਰੀ ਨਮਨ ਮਾਰਕੰਨ ਨੇ ਦੱਸਿਆ ਕਿ ਰਾਜਪੁਰਾ ਬਲਾਕ ਦੇ 15 ਜ਼ੋਨਾਂ ਵਿੱਚੋਂ 6 ’ਤੇ ਆਮ ਆਦਮੀ ਪਾਰਟੀ, 8 ’ਤੇ ਕਾਂਗਰਸ ਤੇ 1 ਜ਼ੋਨ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ ਹੈ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ 1 ਜ਼ੋਨ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤਿਆ ਹੈ।
ਭੁਨਰਹੇੜੀ ਬਲਾਕ ਦੇ ਰਿਟਰਨਿੰਗ ਅਫ਼ਸਰ-ਕਮ-ਏ.ਡੀ.ਐਮ. ਪੀ.ਆਰ.ਟੀ.ਸੀ. ਨਵਦੀਪ ਕੁਮਾਰ ਨੇ ਦੱਸਿਆ ਕਿ ਭੁਨਰਹੇੜੀ ਬਲਾਕ ਵਿੱਚ 19 ਜ਼ੋਨਾਂ ਵਿੱਚ 15 ’ਤੇ ਆਮ ਆਦਮੀ ਪਾਰਟੀ, 2 ’ਤੇ ਕਾਂਗਰਸ, 1 ’ਤੇ ਸ਼੍ਰੋਮਣੀ ਅਕਾਲੀ ਦਲ ਤੇ 1 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ 2 ਜ਼ੋਨਾਂ ’ਤੇ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ।




