ਪਟਿਆਲਾ, 26 ਮਈ
ਪਟਿਆਲਾ ਜ਼ਿਲ੍ਹੇ ਅਧੀਨ ਰਾਜਪੁਰਾ, ਨਾਭਾ, ਸਮਾਣਾ ਅਤੇ ਪਾਤੜਾਂ ਨਗਰ ਕੌਂਸਲਾਂ ਦੀਆਂ ਆਮ ਚੋਣਾਂ ਲਈ ਅੱਜ ਹੋਈ ਵੋਟਿੰਗ ਦੌਰਾਨ ਕੁੱਲ 61.02 ਫੀਸਦੀ ਵੋਟਰਾਂ ਨੇ ਆਪਣੇ ਮਤਾਧਿਕਾਰ ਦਾ ਇਸਤੇਮਾਲ ਕੀਤਾ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਦਮਨਜੀਤ ਸਿੰਘ ਮਾਨ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਚਾਰਾਂ ਨਗਰ ਕੌਂਸਲਾਂ ਦੇ 92 ਵਾਰਡਾਂ ਵਿੱਚੋਂ 88 ਵਾਰਡਾਂ ਲਈ ਅੱਜ ਵੋਟਿੰਗ ਹੋਈ, ਜਦਕਿ ਪਾਤੜਾਂ ਦੇ 4 ਵਾਰਡਾਂ ਵਿੱਚ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਜੇਤੂ ਰਹੇ ਸਨ। ਕੁੱਲ 403 ਉਮੀਦਵਾਰ ਚੋਣ ਮੈਦਾਨ ਵਿੱਚ ਸਨ।
ਏਡੀਸੀ ਨੇ ਦੱਸਿਆ ਕਿ ਚੋਣਾਂ ਲਈ 228 ਪੋਲਿੰਗ ਬੂਥ ਬਣਾਏ ਗਏ ਸਨ ਅਤੇ ਲਗਭਗ 2.15 ਲੱਖ ਵੋਟਰ ਵੋਟ ਪਾਉਣ ਦੇ ਯੋਗ ਸਨ। ਰਾਜਪੁਰਾ ਵਿੱਚ 135, ਸਮਾਣਾ ਵਿੱਚ 108, ਨਾਭਾ ਵਿੱਚ 99 ਅਤੇ ਪਾਤੜਾਂ ਵਿੱਚ 61 ਉਮੀਦਵਾਰ ਚੋਣ ਲੜ ਰਹੇ ਸਨ।
ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਰਾਂ ਨੇ ਪੂਰੇ ਉਤਸ਼ਾਹ ਨਾਲ ਵੋਟਿੰਗ ਵਿੱਚ ਭਾਗ ਲਿਆ ਅਤੇ ਪੂਰਾ ਚੋਣ ਅਮਲ ਸ਼ਾਂਤੀਪੂਰਨ ਅਤੇ ਸੁਚੱਜੇ ਢੰਗ ਨਾਲ ਸੰਪੰਨ ਹੋਇਆ।
watch……ਆਪ ਸਰਕਾਰ ਦੇ 4 ਸਾਲ: ਗਾਰੰਟੀਆਂ ਪੂਰੀਆਂ, ਨਸ਼ੇ ਮੁਕਤ ਪੰਜਾਬ ਨੇੜੇ
ਮਾਨ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਨਿਗਰਾਨੀ ਅਤੇ ਐਸਐਸਪੀ ਵਰੁਣ ਸ਼ਰਮਾ ਦੀ ਦੇਖਰੇਖ ਹੇਠ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣਾਂ ਨਿਰਪੱਖ ਅਤੇ ਅਮਨ-ਅਮਾਨ ਨਾਲ ਕਰਵਾਉਣ ਲਈ ਪੂਰੇ ਪ੍ਰਬੰਧ ਕੀਤੇ ਗਏ ਸਨ।
ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਰਾਜਪੁਰਾ ਵਿੱਚ 59.70 ਫੀਸਦੀ, ਨਾਭਾ ਵਿੱਚ 64.28 ਫੀਸਦੀ, ਸਮਾਣਾ ਵਿੱਚ 55 ਫੀਸਦੀ ਅਤੇ ਪਾਤੜਾਂ ਵਿੱਚ 65.10 ਫੀਸਦੀ ਵੋਟਿੰਗ ਦਰਜ ਕੀਤੀ ਗਈ।
ਇਸ ਤੋਂ ਇਲਾਵਾ ਸਮਾਣਾ ਨਗਰ ਕੌਂਸਲ ਦੇ ਵਾਰਡ ਨੰਬਰ 3 ਵਿੱਚ ਦੁਬਾਰਾ ਚੋਣ ਕਰਵਾਉਣ ਲਈ ਰਾਜ ਚੋਣ ਕਮਿਸ਼ਨ ਨੂੰ ਲਿਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਨਾਭਾ ਦੇ 23 ਵਾਰਡਾਂ ਦੀ ਚੋਣ ਐਸਡੀਐਮ ਅਰਵਿੰਦਪਾਲ ਸਿੰਘ ਸੋਮਲ ਨੇ, ਪਾਤੜਾਂ ਦੇ 17 ਵਾਰਡਾਂ ਦੀ ਚੋਣ ਐਸਡੀਐਮ ਕਾਲਾ ਰਾਮ ਕਾਂਸਲ ਨੇ, ਰਾਜਪੁਰਾ ਦੇ 31 ਵਾਰਡਾਂ ਦੀ ਚੋਣ ਐਸਡੀਐਮ ਸੁਖਜਿੰਦਰ ਸਿੰਘ ਟਿਵਾਣਾ ਨੇ ਅਤੇ ਸਮਾਣਾ ਦੇ 21 ਵਾਰਡਾਂ ਦੀ ਚੋਣ ਕਾਰਜਕਾਰੀ ਇੰਜੀਨੀਅਰ ਰਸ਼ਪਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ।
ਮਾਨ ਨੇ ਕਿਹਾ ਕਿ ਰਾਜ ਚੋਣ ਕਮਿਸ਼ਨ ਦੇ ਸ਼ਡਿਊਲ ਅਨੁਸਾਰ ਵੋਟਾਂ ਦੀ ਗਿਣਤੀ 29 ਮਈ 2026 ਨੂੰ ਕੀਤੀ ਜਾਵੇਗੀ। ਪਾਤੜਾਂ ਦੀ ਗਿਣਤੀ ਸਰਕਾਰੀ ਕਿਰਤੀ ਕਾਲਜ ਨਿਆਲ, ਨਾਭਾ ਦੀ ਸਰਕਾਰੀ ਰਿਪੁਦਮਨ ਕਾਲਜ ਨਾਭਾ, ਸਮਾਣਾ ਦੀ ਪਬਲਿਕ ਕਾਲਜ ਸਮਾਣਾ ਅਤੇ ਰਾਜਪੁਰਾ ਦੀ ਗਿਣਤੀ ਐਸਡੀਐਮ ਦਫ਼ਤਰ ਹਾਲ ਵਿੱਚ ਹੋਵੇਗੀ।




