ਚੰਡੀਗੜ੍ਹ, 5 ਅਕਤੂਬਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਹਰ ਮਾਂ ਅਤੇ ਭੈਣ ਨੂੰ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਬ੍ਰਾਂਡ ਅੰਬੈਸਡਰ ਦੱਸਦਿਆਂ ਕਿਹਾ ਕਿ ਇਹ ਪਹਿਲਕਦਮੀ ਔਰਤਾਂ ਦੇ ਸਨਮਾਨ, ਆਤਮ-ਵਿਸ਼ਵਾਸ ਅਤੇ ਵਿੱਤੀ ਖ਼ੁਦਮੁਖਤਿਆਰੀ ਨੂੰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ 75 ਲੱਖ ਤੋਂ ਵੱਧ ਔਰਤਾਂ ਇਸ ਯੋਜਨਾ ਲਈ ਰਜਿਸਟਰਡ ਹੋ ਚੁੱਕੀਆਂ ਹਨ ਅਤੇ ਸਤਿਕਾਰ ਰਾਸ਼ੀ ਵਜੋਂ 3,824.87 ਕਰੋੜ ਰੁਪਏ ਸਿੱਧੇ ਲਾਭਪਾਤਰੀ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਸੂਬੇ ਦੀਆਂ ਇੱਕ ਕਰੋੜ ਬੀਬੀਆਂ ਤੱਕ ਇਸ ਯੋਜਨਾ ਦਾ ਲਾਭ ਪਹੁੰਚਾਉਣਾ ਹੈ।
ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਇਸ ਯੋਜਨਾ ਦੀ ਲਾਭਪਾਤਰੀ ਪਿੰਡ ਆਦਮਪੁਰਾ ਦੀ ਬੀਬੀ ਗੁਰਮੇਲ ਕੌਰ ਉਰਫ਼ ਮੇਲੋ ਨਾਲ ਹੋਈ ਮੁਲਾਕਾਤ ਭਾਵੁਕ ਪਲਾਂ ਨਾਲ ਭਰਪੂਰ ਰਹੀ। ਮੁੱਖ ਮੰਤਰੀ ਨੂੰ ਮਿਲਦਿਆਂ ਹੀ ਬੀਬੀ ਗੁਰਮੇਲ ਕੌਰ ਨੇ ਉਨ੍ਹਾਂ ਨੂੰ ਕਲਾਵੇ ਵਿੱਚ ਲੈ ਕੇ ਆਸ਼ੀਰਵਾਦ ਦਿੱਤਾ। ਮੁੱਖ ਮੰਤਰੀ ਨੇ ਵੀ ਪਿਆਰ ਅਤੇ ਸਤਿਕਾਰ ਦੇ ਪ੍ਰਤੀਕ ਵਜੋਂ ਉਨ੍ਹਾਂ ਨੂੰ ਤੋਹਫ਼ੇ ਭੇਟ ਕੀਤੇ।
ਇਸ ਮੁਲਾਕਾਤ ਤੋਂ ਬਾਅਦ ਸਾਂਝੀ ਕੀਤੀ ਵੀਡੀਓ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਬੀਬੀ ਗੁਰਮੇਲ ਕੌਰ ਨੂੰ ਮਿਲ ਕੇ ਉਨ੍ਹਾਂ ਦੀ ਰੂਹ ਨੂੰ ਸਕੂਨ ਮਿਲਿਆ ਹੈ। ਉਨ੍ਹਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਬੀਬੀ ਗੁਰਮੇਲ ਕੌਰ ਦੇ ਚਿਹਰੇ ’ਤੇ ਹਮੇਸ਼ਾ ਮੁਸਕਰਾਹਟ ਬਣੀ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੇਵਾ ਲਈ ਉਹ ਹਮੇਸ਼ਾ ਵਚਨਬੱਧ ਰਹਿਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਬੀਬੀ ਗੁਰਮੇਲ ਕੌਰ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਚਰਚਾ ਵਿੱਚ ਆਈ ਸੀ। ਉਨ੍ਹਾਂ ਦਾ ਸਨਮਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਹਰ ਮਾਂ ਅਤੇ ਭੈਣ ਇਸ ਯੋਜਨਾ ਦੀ ਬ੍ਰਾਂਡ ਅੰਬੈਸਡਰ ਹੈ।
watch…..ਗੁਰਪ੍ਰੀਤ ਜੀਪੀ ਦੇ ਹੱਕ ’ਚ 115 ਪੰਚਾਇਤਾਂ ਦਾ ਸਮਰਥਨ: ਮੀਰਪੁਰ ’ਚ ਲੋਕ ਮਿਲਣੀ
ਉਨ੍ਹਾਂ ਕਿਹਾ ਕਿ ਇਹ ਯੋਜਨਾ ਔਰਤਾਂ ਦੇ ਆਤਮ-ਸਨਮਾਨ ਅਤੇ ਵਿੱਤੀ ਆਜ਼ਾਦੀ ਨੂੰ ਮਜ਼ਬੂਤ ਕਰਨ ਦਾ ਉਪਰਾਲਾ ਹੈ। ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਇਹ ਯੋਜਨਾ ਵੱਡੀ ਸਫ਼ਲਤਾ ਹਾਸਲ ਕਰ ਰਹੀ ਹੈ।
ਮੁੱਖ ਮੰਤਰੀ ਅਨੁਸਾਰ ਪੰਜਾਬ ਦੀਆਂ ਲਗਪਗ 97 ਫ਼ੀਸਦੀ ਔਰਤਾਂ ਇਸ ਯੋਜਨਾ ਦਾ ਲਾਭ ਲੈਣ ਲਈ ਯੋਗ ਹਨ। ਸਰਕਾਰ ਵੱਲੋਂ ਇਸ ਲਈ ਬਜਟ ਵਿੱਚ 9,300 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੀਆਂ ਯੋਗ ਔਰਤਾਂ ਨੂੰ 1,000 ਰੁਪਏ, ਜਦਕਿ ਐੱਸ.ਸੀ. ਵਰਗ ਦੀਆਂ ਯੋਗ ਔਰਤਾਂ ਨੂੰ 1,500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।
ਉਨ੍ਹਾਂ ਬਾਕੀ ਰਹਿੰਦੀਆਂ ਯੋਗ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਰਜਿਸਟ੍ਰੇਸ਼ਨ ਕਰਵਾ ਕੇ ਯੋਜਨਾ ਦਾ ਲਾਭ ਲੈਣ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿੱਤੀ ਸਹਾਇਤਾ ਭਾਵੇਂ ਔਰਤਾਂ ਨੂੰ ਅਮੀਰ ਨਾ ਬਣਾਏ, ਪਰ ਉਨ੍ਹਾਂ ਨੂੰ ਆਤਮ-ਸਨਮਾਨ ਅਤੇ ਵਿੱਤੀ ਖ਼ੁਦਮੁਖਤਿਆਰੀ ਦਾ ਅਹਿਸਾਸ ਜ਼ਰੂਰ ਕਰਵਾਏਗੀ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਸਮਾਜਿਕ ਅਤੇ ਆਰਥਿਕ ਫ਼ੈਸਲਿਆਂ ਵਿੱਚ ਵਧੇਰੇ ਭੂਮਿਕਾ ਦੇਣ ਲਈ ਉਨ੍ਹਾਂ ਦੀ ਵਿੱਤੀ ਸਥਿਤੀ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਔਰਤਾਂ ਦੀ ਭਲਾਈ ਅਤੇ ਸਸ਼ਕਤੀਕਰਨ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਹਰ ਸੰਭਵ ਕਦਮ ਚੁੱਕਿਆ ਜਾਵੇਗਾ।
ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਕੋਈ ਵੀ ਯੋਗ ਮਹਿਲਾ ਇਸ ਯੋਜਨਾ ਦੇ ਲਾਭ ਤੋਂ ਵਾਂਝੀ ਨਹੀਂ ਰਹੇਗੀ। ਉਨ੍ਹਾਂ ਕਿਹਾ, “ਜਦੋਂ ਤੱਕ ਮੈਂ ਅਹੁਦੇ ਦੀ ਜ਼ਿੰਮੇਵਾਰੀ ਸੰਭਾਲ ਰਿਹਾ ਹਾਂ, ਕੋਈ ਵੀ ਯੋਗ ਲਾਭਪਾਤਰੀ ਮਹਿਲਾ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ ਲਾਭ ਤੋਂ ਵਾਂਝੀ ਨਹੀਂ ਰਹੇਗੀ।”





