ਪਟਿਆਲਾ, 4 ਅਕਤੂਬਰ
ਭਾਸ਼ਾ ਵਿਭਾਗ, ਪੰਜਾਬ ਵੱਲੋਂ ‘ਪੰਜਾਬੋਂ ਬਾਹਰ’ ਸਾਹਿਤਕ ਅਤੇ ਸੱਭਿਆਚਾਰਕ ਸਮਾਗਮਾਂ ਦੀ ਲੜੀ ਤਹਿਤ ਦੇਹਰਾਦੂਨ ਸਥਿਤ ਸ. ਭਗਵਾਨ ਸਿੰਘ ਯੂਨੀਵਰਸਿਟੀ, ਬਾਲਾਵਾਲਾ ਵਿਖੇ ਵਿਸ਼ੇਸ਼ ਸੰਗੀਤਕ ਸ਼ਾਮ ਕਰਵਾਈ ਗਈ। ਸਮਾਗਮ ਦੌਰਾਨ ਉੱਘੇ ਸੂਫ਼ੀ ਗਾਇਕ ਯਾਕੂਬ ਅਤੇ ਸੱਭਿਆਚਾਰਕ ਗਾਇਕੀ ਲਈ ਜਾਣੀ ਜਾਂਦੀ ‘ਰੰਗਲੇ ਸਰਦਾਰਾਂ’ ਦੀ ਟੀਮ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਸਰੋਤਿਆਂ ਦਾ ਮਨ ਮੋਹ ਲਿਆ ਅਤੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ।
ਸਮਾਗਮ ਵਿੱਚ ਉੱਤਰਾਖੰਡ ਦੇ ਸੱਭਿਆਚਾਰਕ ਸਕੱਤਰ ਜੁਗਲ ਕਿਸ਼ੋਰ ਪੰਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਗੌਰਵ ਭਾਰਤੀ ਸਿੱਖਿਆ ਸੰਸਥਾਨ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਪ੍ਰੋ. ਏ.ਐਸ. ਬਰਾੜ, ਸੰਸਥਾਨ ਦੇ ਚੇਅਰਮੈਨ ਐਸ.ਪੀ. ਸਿੰਘ ਅਤੇ ਪ੍ਰਧਾਨ ਪ੍ਰੋ. ਗੌਰਵਜੀਤ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਯੂਨੀਵਰਸਿਟੀ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਦੇਹਰਾਦੂਨ ਦੇ ਪੰਜਾਬੀ ਭਾਈਚਾਰੇ ਨੇ ਵੀ ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਹਾਜ਼ਰੀ ਭਰੀ। ਮੇਜ਼ਬਾਨ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜੇ. ਕੁਮਾਰ ਨੇ ਸਮੂਹ ਮਹਿਮਾਨਾਂ ਦਾ ਸਵਾਗਤ ਕੀਤਾ।
ਸੰਗੀਤਕ ਸ਼ਾਮ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਪਹੁੰਚੇ ਸੂਫ਼ੀ ਗਾਇਕ ਯਾਕੂਬ ਦੀ ਸੁਰੀਲੀ ਪੇਸ਼ਕਾਰੀ ਨਾਲ ਹੋਈ। ਉਨ੍ਹਾਂ ਨੇ ‘ਆਵੋ ਨੀ ਸਈਓ ਮੈਂ ਵਰ ਪਾਇਆ’, ‘ਲੰਬੀ ਜੁਦਾਈ’, ‘ਕੱਤਿਆ ਕਰੂ ਤੇਰੀ ਰੂੰ’, ‘ਦਿਲ ਨਹੀਂ ਲੱਗਦਾ ਮੇਰਾ’, ‘ਸੱਜਣਾਂ ਦਾ ਸਹਾਰਾ ਏ’ ਅਤੇ ‘ਕਾਵਾਂ ਸੁਣ ਕਾਵਾਂ’ ਸਮੇਤ ਕਈ ਪ੍ਰਸਿੱਧ ਗੀਤ ਪੇਸ਼ ਕਰਕੇ ਸਰੋਤਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਸਰੋਤਿਆਂ ਦੀ ਫਰਮਾਇਸ਼ ’ਤੇ ‘ਦਮਾ-ਦਮ ਮਸਤ ਕਲੰਦਰ’ ਨਾਲ ਉਨ੍ਹਾਂ ਨੇ ਆਪਣੀ ਪੇਸ਼ਕਾਰੀ ਦਾ ਸਮਾਪਨ ਕੀਤਾ।
ਇਸ ਤੋਂ ਬਾਅਦ ‘ਰੰਗਲੇ ਸਰਦਾਰ’ ਟੀਮ ਨੇ ਆਜ਼ਮ ਖਾਨ ਦੀ ਅਗਵਾਈ ਹੇਠ ਮੰਚ ਸੰਭਾਲਿਆ। ਟੀਮ ਦੇ ਗਾਇਕ ਸਬਰ ਸਿੰਘ ਖੋਖਰ, ਜਸਕਰਨ ਗਿੱਲ ਅਤੇ ਮਨਿੰਦਰ ਬਰਾੜ ਨੇ ‘ਕੌਣ ਕਿਸੇ ਦਾ ਕਰਦਾ ਏ’ ਨਾਲ ਪੇਸ਼ਕਾਰੀ ਦੀ ਸ਼ੁਰੂਆਤ ਕੀਤੀ। ਇਸ ਉਪਰੰਤ ‘ਦੁਨੀਆ ਸੁਣਦੀ ਐ’, ‘ਸ਼ੁਦੈਣ ਕਰਤਾ’, ‘ਦੋ ਤਾਰਾ ਵਜਦਾ ਵੇ’, ‘ਆ ਜਾ ਦੋਵੇਂ ਨੱਚੀਏ’ ਅਤੇ ‘ਪਿੰਡ ਦਿਆ ਮੁੰਡਿਆਂ ਦੀ’ ਵਰਗੇ ਗੀਤਾਂ ਨਾਲ ਮਾਹੌਲ ਨੂੰ ਸੰਗੀਤਮਈ ਅਤੇ ਜੋਸ਼ੀਲਾ ਬਣਾ ਦਿੱਤਾ। ਟੀਮ ਵੱਲੋਂ ਪੇਸ਼ ਕੀਤੀਆਂ ਬੋਲੀਆਂ ਨਾਲ ਸੰਗੀਤਕ ਸ਼ਾਮ ਸਿਖਰ ’ਤੇ ਪਹੁੰਚੀ।
watch….ਭਾਈ ਵੀਰ ਸਿੰਘ ਨੂੰ ਸਮਰਪਿਤ ਸਮਾਗਮ : ਦੇਸ਼ ਭਰ ਦੇ ਕਵੀਆਂ ਨੇ ਦੇਹਰਾਦੂਨ ਵਿੱਚ ਪੰਜਾਬੀ ਸਾਹਿਤ ਦੀ ਮਹਿਕ ਫੈਲਾਈ
ਸਮਾਗਮ ਦਾ ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਡਾਇਰੈਕਟਰ ਭਾਸ਼ਾਵਾਂ ਪੰਜਾਬ ਜਸਵੰਤ ਸਿੰਘ ਜ਼ਫ਼ਰ ਵੱਲੋਂ ਮਹਿਮਾਨਾਂ ਨੂੰ ਵਿਭਾਗੀ ਸ਼ਾਲਾਂ ਅਤੇ ਪੁਸਤਕਾਂ ਦੇ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਮੇਜ਼ਬਾਨ ਯੂਨੀਵਰਸਿਟੀ ਦੇ ਮੈਨੇਜਰ ਜ਼ੋਰਾਵਰ ਸਿੰਘ ਅਤੇ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਵੱਖ-ਵੱਖ ਜ਼ਿਲ੍ਹਿਆਂ ਦੇ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਜਟਾਣਾ (ਮੋਗਾ), ਮਨਜੀਤ ਪੁਰੀ (ਫ਼ਰੀਦਕੋਟ) ਅਤੇ ਡਾ. ਸੰਦੀਪ ਸ਼ਰਮਾ (ਲੁਧਿਆਣਾ), ਪ੍ਰਿੰ. ਰਾਜੇਸ਼ ਮੋਹਨ (ਫ਼ਰੀਦਕੋਟ), ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਬਲਵਿੰਦਰ ਸੰਧੂ, ਖੋਜ ਅਫ਼ਸਰ ਡਾ. ਸੰਤੋਖ ਸਿੰਘ, ਡਾ. ਸੁਖਦਰਸ਼ਨ ਸਿੰਘ ਚਹਿਲ, ਡਾ. ਮਨਜਿੰਦਰ ਸਿੰਘ, ਹਰਪ੍ਰੀਤ ਸਿੰਘ, ਲਿਖਾਰੀ ਕੁਮਾਰ ਜਗਦੇਵ ਸਿੰਘ ਬਰਾੜ ਸਮੇਤ ਵੱਡੀ ਗਿਣਤੀ ਵਿੱਚ ਡੈਲੀਗੇਟ ਅਤੇ ਲੇਖਕ ਮੌਜੂਦ ਸਨ।





