Onnline TV

ਪੰਜਾਬ ਪੰਜਾਬੀ

ਪੰਜਾਬ ਵਿੱਚ ਜਨਗਣਨਾ 2027 ਦਾ ਪਹਿਲਾ ਪੜਾਅ 15 ਮਈ ਤੋਂ ਹੋਵੇਗਾ ਸ਼ੁਰੂ

-30 ਅਪ੍ਰੈਲ ਤੋਂ ਸਵੈ-ਗਣਨਾ ਦਾ ਵਿਕਲਪ ਉਪਲਬਧ

-ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਦੀ ਅਗਵਾਈ ਹੇਠ ਰਾਜ ਪੱਧਰੀ ਕਾਨਫਰੰਸ ਵਿੱਚ ਜਨਗਣਨਾ ਦੀਆਂ ਤਿਆਰੀਆਂ ‘ਤੇ ਵਿਸਥਾਰ ਨਾਲ ਚਰਚਾ

ਚੰਡੀਗੜ੍ਹ, 27 ਫਰਵਰੀ 2026: ਜਨਗਣਨਾ 2027 ਦੇ ਪਹਿਲੇ ਪੜਾਅ (ਘਰਾਂ ਦੇ ਸੂਚੀਕਰਨ ਅਤੇ ਰਿਹਾਇਸ਼ੀ ਜਨਗਣਨਾ) ਬਾਰੇ ਡਿਪਟੀ ਕਮਿਸ਼ਨਰਾਂ ਅਤੇ ਨਗਰ ਨਿਗਮ ਕਮਿਸ਼ਨਰਾਂ ਲਈ ਅੱਜ ਹੋਟਲ ਮਾਊਂਟ ਵਿਊ, ਚੰਡੀਗੜ੍ਹ ਵਿੱਚ ਇੱਕ ਰੋਜ਼ਾ ਰਾਜ ਪੱਧਰੀ ਕਾਨਫਰੰਸ ਕਰਵਾਈ ਗਈ। ਇਹ ਕਾਨਫਰੰਸ ਸਥਾਨਕ ਸਰਕਾਰਾਂ ਵਿਭਾਗ ਅਤੇ ਡਾਇਰੈਕਟੋਰੇਟ ਜਨਗਣਨਾ ਸੰਚਾਲਨ, ਪੰਜਾਬ ਵੱਲੋਂ ਸਾਂਝੇ ਤੌਰ ‘ਤੇ ਮੁੱਖ ਸਕੱਤਰ ਪੰਜਾਬ ਸ੍ਰੀ ਕੇ.ਏ.ਪੀ. ਸਿਨਹਾ ਦੀ ਪ੍ਰਧਾਨਗੀ ਹੇਠ ਹੋਈ।

ਕਾਨਫਰੰਸ ਦਾ ਮੁੱਖ ਉਦੇਸ਼ ਪੰਜਾਬ ਵਿੱਚ 15 ਮਈ 2026 ਤੋਂ 13 ਜੂਨ 2026 ਤੱਕ ਚੱਲਣ ਵਾਲੇ ਪਹਿਲੇ ਪੜਾਅ ਦੀ ਪ੍ਰਕਿਰਿਆ ਬਾਰੇ ਖੇਤਰ ਪੱਧਰੀ ਅਧਿਕਾਰੀਆਂ ਨੂੰ ਜਾਣੂ ਕਰਵਾਉਣਾ ਸੀ। ਇਸ ਦੌਰਾਨ ਘਰਾਂ ਦੇ ਸੂਚੀਕਰਨ ਲਈ ਸਵੈ-ਗਣਨਾ (ਸੈਲਫ-ਐਨੂਮਰੇਸ਼ਨ) ਦਾ ਵਿਕਲਪ ਵੀ ਦਿੱਤਾ ਜਾਵੇਗਾ, ਜੋ 30 ਅਪ੍ਰੈਲ 2026 ਤੋਂ 14 ਮਈ 2026 ਤੱਕ ਜਨਤਾ ਲਈ ਖੁੱਲ੍ਹਾ ਰਹੇਗਾ। ਜਨਗਣਨਾ 2027 ਦਾ ਦੂਜਾ ਪੜਾਅ (ਜਨਸੰਖਿਆ ਗਣਨਾ) ਫਰਵਰੀ 2027 ਵਿੱਚ ਸ਼ੁਰੂ ਹੋਵੇਗਾ।

ਉਦਘਾਟਨੀ ਸੰਬੋਧਨ ਵਿੱਚ ਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ ਨੇ ਜਨਗਣਨਾ ਦੇ ਕੌਮੀ ਮਹੱਤਵ ‘ਤੇ ਰੌਸ਼ਨੀ ਪਾਈ। ਉਨ੍ਹਾਂ ਨੇ ਸਬੂਤ ਅਧਾਰਤ ਪ੍ਰਸ਼ਾਸਨ, ਭਲਾਈ ਯੋਜਨਾਵਾਂ ਅਤੇ ਸਰੋਤਾਂ ਦੀ ਨਿਰਪੱਖ ਵੰਡ ਲਈ ਸਟੀਕ ਅੰਕੜਿਆਂ ਦੀ ਲੋੜ ‘ਤੇ ਜ਼ੋਰ ਦਿੱਤਾ। ਪਾਰਦਰਸ਼ਤਾ, ਅੰਕੜਿਆਂ ਦੀ ਸਹੀਤਾ ਅਤੇ ਸਮਾਂ-ਸੀਮਾਵਾਂ ਦੀ ਸਖ਼ਤ ਪਾਲਣਾ ‘ਤੇ ਬਹੁਤ ਜ਼ੋਰ ਦਿੰਦਿਆਂ ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਵਧੀਆ ਯੋਜਨਾਬੰਦੀ ਅਤੇ ਵਿਭਾਗਾਂ ਵਿਚਕਾਰ ਨਿਰਵਿਘਨ ਤਾਲਮੇਲ ਯਕੀਨੀ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜਨਗਣਨਾ 2027 ਵਿੱਚ ਸਟੀਕਤਾ, ਡਿਜੀਟਲ ਪ੍ਰਕਿਰਿਆ ਅਤੇ ਪ੍ਰਸ਼ਾਸਕੀ ਅਨੁਸ਼ਾਸਨ ਲਈ ਨਵੇਂ ਮਾਪਦੰਡ ਸਥਾਪਤ ਕੀਤੇ ਜਾਣਗੇ।

ਇਸ ਮੌਕੇ ਮੁੱਖ ਸਕੱਤਰ ਨੇ ਜਨਗਣਨਾ 2027 ਲਈ ਪੰਜਾਬੀ ਲੋਗੋ ਵੀ ਜਾਰੀ ਕੀਤਾ। ਨਾਲ ਹੀ ਅੱਪਡੇਟ ਕੀਤੇ ਮਾਲੀਆ ਨਕਸ਼ੇ (ਜ਼ਿਲ੍ਹੇ ਅਤੇ ਤਹਿਸੀਲਾਂ ਦੇ) ਅਤੇ ਸ਼ਹਿਰੀ ਸਥਾਨਕ ਇਕਾਈਆਂ ਦੇ ਨਕਸ਼ੇ ਵੀ ਜਾਰੀ ਕੀਤੇ ਗਏ।

ਡਾਇਰੈਕਟਰ, ਸੈਂਸਸ ਆਪਰੇਸ਼ਨਜ਼, ਪੰਜਾਬ ਡਾ. ਨਵਜੋਤ ਖੋਸਾ ਨੇ ਅਧਿਕਾਰੀਆਂ ਨੂੰ ਜਨਗਣਨਾ 2027 ਦਾ ਰੋਡਮੈਪ ਅਤੇ ਰਣਨੀਤਕ ਢਾਂਚਾ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਜਨਗਣਨਾ ਐਕਟ 1948 ਅਤੇ ਜਨਗਣਨਾ ਨਿਯਮ 1990 ਅਧੀਨ ਵਿਧਾਨਕ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਅਤੇ ਕੌਮੀ ਮਾਪਦੰਡਾਂ, ਪਰਿਭਾਸ਼ਾਵਾਂ ਅਤੇ ਪ੍ਰਕਿਰਿਆਵਾਂ ਦੀ ਸਖ਼ਤ ਪਾਲਣਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਾ ਪੜਾਅ ਦੂਜੇ ਪੜਾਅ ਲਈ ਮਜ਼ਬੂਤ ਨੀਂਹ ਵਜੋਂ ਕੰਮ ਕਰੇਗਾ ਅਤੇ ਘਰਾਂ ਦੇ ਸੂਚੀਕਰਨ ਦੌਰਾਨ ਗੁਣਵੱਤਾ ਅਤੇ ਸਟੀਕਤਾ ਹੀ ਪੂਰੇ ਅਭਿਆਸ ਦੀ ਸਫਲਤਾ ਨਿਰਧਾਰਤ ਕਰੇਗੀ।

watch….ਮੁੱਖ ਮੰਤਰੀ ਮਾਨ ਵੱਲੋਂ ਕਿਸਾਨਾਂ ਨੂੰ ਵੱਡੀ ਸੌਗਾਤ, ਮਾਲਵਾ ਖੇਤਰ ਦੇ ਚਾਰ ਜ਼ਿਲ੍ਹਿਆਂ ਵਿੱਚ ਪਹੁੰਚਿਆ ਨਹਿਰੀ ਪਾਣੀ

ਕਾਨਫਰੰਸ ਵਿੱਚ ਡਿਪਟੀ ਕਮਿਸ਼ਨਰਾਂ ਅਤੇ ਨਗਰ ਨਿਗਮ ਕਮਿਸ਼ਨਰਾਂ ਨੇ ਸਰਗਰਮੀ ਨਾਲ ਹਿੱਸਾ ਲਿਆ ਅਤੇ ਜ਼ਿਲ੍ਹਾ ਪੱਧਰੀ ਤਿਆਰੀਆਂ, ਲੌਜਿਸਟਿਕਸ, ਸਿਖਲਾਈ, ਪੇਂਡੂ-ਸ਼ਹਿਰੀ ਕਵਰੇਜ ਰਣਨੀਤੀਆਂ ਅਤੇ ਸਥਾਨਕ ਸੰਸਥਾਵਾਂ ਨਾਲ ਤਾਲਮੇਲ ਬਾਰੇ ਵਿਚਾਰ ਵਟਾਂਦਰੇ ਕੀਤੇ। ਨਿਗਰਾਨੀ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ, ਸਮੇਂ ਸਿਰ ਸਰੋਤ ਜੁਟਾਉਣ, ਕੇਂਦਰੀ ਸਹਾਇਤਾ ਦਾ ਲਾਭ ਲੈਣ ਅਤੇ ਇਕਸਾਰਤਾ ਬਣਾਈ ਰੱਖਣ ‘ਤੇ ਵੀ ਉਸਾਰੂ ਚਰਚਾ ਹੋਈ।

ਕਾਨਫਰੰਸ ਸਕੱਤਰ, ਸਥਾਨਕ ਸਰਕਾਰ ਅਤੇ ਰਾਜ ਨੋਡਲ ਅਫਸਰ ਸ੍ਰੀ ਮਨਜੀਤ ਸਿੰਘ ਬਰਾੜ ਦੇ ਧੰਨਵਾਦ ਮਤੇ ਨਾਲ ਸਮਾਪਤ ਹੋਈ। ਸਾਰੇ ਅਧਿਕਾਰੀਆਂ ਨੇ ਪਾਰਦਰਸ਼ੀ, ਸਮਾਵੇਸ਼ੀ, ਸਟੀਕ ਅਤੇ ਤਕਨਾਲੋਜੀ ਅਧਾਰਤ ਜਨਗਣਨਾ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਪੇਸ਼ੇਵਰ ਇਮਾਨਦਾਰੀ ਅਤੇ ਕੁਸ਼ਲਤਾ ਨਾਲ ਜ਼ਿੰਮੇਵਾਰੀਆਂ ਨਿਭਾਉਣ ਦਾ ਸੰਕਲਪ ਲਿਆ।

ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਸਕੱਤਰ ਸਥਾਨਕ ਸਰਕਾਰ ਸ੍ਰੀ ਮਨਜੀਤ ਸਿੰਘ ਬਰਾੜ, ਡਾਇਰੈਕਟਰ ਸੈਂਸਸ ਆਪਰੇਸ਼ਨਜ਼ ਡਾ. ਨਵਜੋਤ ਖੋਸਾ, ਡਾਇਰੈਕਟਰ ਸਥਾਨਕ ਸਰਕਾਰ ਸ੍ਰੀ ਕੁਲਵੰਤ ਸਿੰਘ, ਡਿਵੀਜ਼ਨਲ ਕਮਿਸ਼ਨਰ, ਸੂਬੇ ਭਰ ਦੇ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਸ਼ਾਮਲ ਸਨ।

LEAVE A RESPONSE

Your email address will not be published. Required fields are marked *