ਮੁੱਖ ਮੰਤਰੀ ਮਾਨ ਨੇ ਗੁਰੂ ਸਾਹਿਬ ਜੀ ਦੇ ਚਰਨ-ਛੋਹ ਪ੍ਰਾਪਤ 142 ਪਿੰਡਾਂ-ਸ਼ਹਿਰਾਂ ਲਈ ਕੀਤੀ 71 ਕਰੋੜ ਰੁਪਏ ਦੀਆਂ ਗ੍ਰਾਂਟਾਂ ਜਾਰੀ
-ਹਰੇਕ ਪਿੰਡ/ਸ਼ਹਿਰ ਨੂੰ 50-50 ਲੱਖ ਰੁਪਏ ਦੇ ਚੈੱਕ ਵੰਡੇ
-23 ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ’ਚ ਪਰਿਵਾਰ ਸਮੇਤ ਸ਼ਾਮਲ ਹੋਊ
ਧੂਰੀ (ਸੰਗਰੂਰ), 21 ਨਵੰਬਰ
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ਾਲ ਰਾਜ-ਪੱਧਰੀ ਸਮਾਗਮਾਂ ਦੇ ਹਿੱਸੇ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਸੂਬੇ ਦੇ 142 ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਲਈ ਕੁੱਲ 71 ਕਰੋੜ ਰੁਪਏ ਦੀਆਂ ਗ੍ਰਾਂਟਾਂਟਾਂ ਜਾਰੀ ਕੀਤੀਆਂ। ਹਰੇਕ ਪਿੰਡ/ਸ਼ਹਿਰ ਨੂੰ 50 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ।
ਧੂਰੀ ਵਿਖੇ ਚੈੱਕ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਤੇ ਮਹਾਨ ਜੀਵਨ-ਫ਼ਲਸਫ਼ੇ ਅੱਗੇ ਸਾਡੇ ਸਾਰੇ ਯਤਨ ਮਾਮੂਲੀ ਹਨ, ਪਰ ਇਹ ਸਾਡੀ ਸ਼ਰਧਾ ਤੇ ਸਤਿਕਾਰ ਦਾ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗ੍ਰਾਂਟਾਂਟਾਂ ਨਾਲ ਪਿੰਡਾਂ-ਸ਼ਹਿਰਾਂ ਵਿੱਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਸੜਕਾਂ-ਗਲੀਆਂ ਦੀ ਸੰਵਾਰ, ਪਵਿੱਤਰ ਅਸਥਾਨਾਂ ਦੀ ਸਾਂਭ-ਸੰਵਾਰ ਤੇ ਸੰਗਤ ਲਈ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਮੁੱਖ ਮੰਤਰੀ ਨੇ ਸਾਰੇ ਪੰਜਾਬੀਆਂ ਨੂੰ 23 ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਹੇ ਤਿੰਨ ਰੋਜ਼ਾ ਸਮਾਗਮਾਂ ਵਿੱਚ ਪਰਿਵਾਰ ਸਮੇਤ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸੰਗਤ ਦੀ ਸਹੂਲਤ ਲਈ “ਚੱਕ ਨਾਨਕੀ” ਨਾਂ ਦੀ ਵਿਸ਼ਾਲ ਟੈਂਟ ਸਿਟੀ, ਲੰਗਰ, ਪਾਰਕਿੰਗ, ਸਵੱਛਤਾ ਤੇ ਸਿਹਤ ਸੇਵਾਵਾਂ ਸਮੇਤ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਸ੍ਰੀਨਗਰ, ਤਲਵੰਡੀ ਸਾਬੋ, ਫਰੀਦਕੋਟ ਤੇ ਗੁਰਦਾਸਪੁਰ ਤੋਂ ਚਾਰ ਵਿਸ਼ਾਲ ਨਗਰ ਕੀਰਤਨ ਰਵਾਨਾ ਹੋ ਚੁੱਕੇ ਹਨ, ਜੋ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਸੰਪੂਰਨ ਹੋਣਗੇ। ਨਗਰ ਕੀਰਤਨਾਂ ਨਾਲ ਚੱਲ ਰਹੇ ਕਾਫ਼ਲਿਆਂ ਵਿੱਚ ਐਂਬੂਲੈਂਸ, ਡਿਜੀਟਲ ਮਿਊਜ਼ੀਅਮ, ਲੰਗਰ ਤੇ ਹਰ ਲੋੜੀਂਦੀ ਸਹੂਲਤ ਮੌਜੂਦ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਸਮਾਗਮਾਂ ਦੌਰਾਨ ਡਰੋਨ ਸ਼ੋਅ, ਅੰਤਰ-ਧਰਮ ਸੰਮੇਲਨ, ਪ੍ਰਦਰਸ਼ਨੀਆਂ, 24 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ, ਇਤਿਹਾਸਕ ਫ਼ੈਸਲੇ, ਖੂਨਦਾਨ ਕੈਂਪ ਤੇ ਵਿਸ਼ਾਲ ਪੌਦੇ ਲਾਉਣ ਮੁਹਿੰਮ ਵੀ ਹੋਵੇਗੀ। 25 ਨਵੰਬਰ ਨੂੰ “ਸਰਬੱਤ ਦਾ ਭਲਾ ਇਕੱਤਰਤਾ” ਵਿੱਚ ਦੇਸ਼-ਵਿਦੇਸ਼ ਦੀਆਂ ਪ੍ਰਮੁੱਖ ਹਸਤੀਆਂ ਸ਼ਾਮਲ ਹੋਣਗੀਆਂ।
watch….₹1500 Crore Investment: CM Mann’s Commitment to GNJ Group
ਵਿਰੋਧੀਆਂ ’ਤੇ ਤਿੱਖਾ ਹਮਲਾ ਬੋਲਦਿਆਂ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਵੀ ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ ਮਨਾਈਆਂ ਸਨ, ਪਰ ਹੁਣ ਜਦੋਂ ਆਪ ਸਰਕਾਰ ਸ਼ਰਧਾ ਨਾਲ ਇਤਿਹਾਸਕ ਸਮਾਗਮ ਕਰਵਾ ਰਹੀ ਹੈ ਤਾਂ ਅਕਾਲੀਆਂ ਵਰਗੇ ਲੋਕ ਬੇਲੋੜੀਆਂ ਨਿਗੋਚਾਂ ਕੱਢ ਰਹੇ ਹਨ। ਉਨ੍ਹਾਂ ਕਿਹਾ, “ਅਕਾਲੀ ਲੋਕਾਂ ਦੀਆਂ ਅੱਖਾਂ ’ਚੋਂ ਡਿੱਗ ਚੁੱਕੇ ਹਨ, ਹੁਣ ਸਾਨੂੰ ਹੀ ਮਰਿਆਦਾ ਦਾ ਪਾਠ ਪੜ੍ਹਾ ਰਹੇ ਨੇ। ਗੋਲਕ ਦੇ ਪੈਸੇ ਇਸ਼ਤਿਹਾਰਾਂ ’ਚ ਲਾਉਣ ਵਾਲੇ ਸਾਨੂੰ ਨੀਤੀ ਦੀ ਗੱਲ ਕਰਨ?”
ਇਸ ਮੌਕੇ ਮੁੱਖ ਮੰਤਰੀ ਨੇ ਧੂਰੀ ਹਲਕੇ ਦੇ 17 ਪਿੰਡਾਂ ਵਿੱਚ 7.57 ਕਰੋੜ ਰੁਪਏ ਦੀ ਲਾਗਤ ਨਾਲ ਬਣੇ 38 ਵਿਕਾਸ ਕਾਰਜ ਵੀ ਲੋਕਾਂ ਨੂੰ ਸਮਰਪਿਤ ਕੀਤੇ।
ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਡਾ. ਬਲਬੀਰ ਸਿੰਘ, ਹਰਦੀਪ ਸਿੰਘ ਮੁੰਡੀਆਂ ਤੇ ਬਰਿੰਦਰ ਗੋਇਲ ਹਾਜ਼ਰ ਸਨ।


