ਚੰਡੀਗੜ੍ਹ, 13 ਜੂਨ,
ਸ਼ਹਿਰੀ ਸਵੱਛਤਾ ਨੂੰ ਆਧੁਨਿਕ ਬਣਾਉਣ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਕਦਮ ਚੁੱਕਦਿਆਂ, ਪੰਜਾਬ ਨੇ ਸੀਵਰਾਂ ਦੀ ਹੱਥੀਂ ਸਫਾਈ ਨੂੰ ਖਤਮ ਕਰਨ ਲਈ ਉੱਨਤ ਉਪਕਰਣ ਅਪਣਾਉਣ ਵਿੱਚ ਮੋਹਰੀ ਸੂਬੇ ਵਜੋਂ ਆਪਣਾ ਨਾਮ ਦਰਜ ਕਰਵਾ ਲਿਆ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ 150 ਨਗਰਪਾਲਿਕਾਵਾਂ ਲਈ 39.56 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ 730 ਅਤਿ-ਆਧੁਨਿਕ ਸਫਾਈ ਮਸ਼ੀਨਾਂ ਦੇ ਬੇੜੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਪ੍ਰੋਜੈਕਟ ਸੂਬੇ ਭਰ ਵਿੱਚ ਸੀਵਰ ਸਫਾਈ ਨੂੰ ਹੱਥੀਂ ਤੋਂ ਮਸ਼ੀਨੀ ਢੰਗ ਨਾਲ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।
ਇਸ ਵਿਆਪਕ ਮਸ਼ੀਨੀਕਰਨ ਪ੍ਰੋਗਰਾਮ ਵਿੱਚ ਵਿਸ਼ੇਸ਼ ਉਪਕਰਣ ਸ਼ਾਮਲ ਹਨ ਜੋ ਸਫਾਈ ਦੀਆਂ ਸਾਰੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਤਿਆਰ ਕੀਤੇ ਗਏ ਹਨ ਅਤੇ ਸੀਵਰ ਲਾਈਨਾਂ ਵਿੱਚ ਮਨੁੱਖੀ ਦਖਲ ਨੂੰ ਪੂਰੀ ਤਰ੍ਹਾਂ ਖਤਮ ਕਰਦੇ ਹਨ। ਇਸ ਬੇੜੇ ਵਿੱਚ ਜੈਟਿੰਗ-ਕਮ-ਸਕੱਸ਼ਨ ਮਸ਼ੀਨਾਂ ਸ਼ਾਮਲ ਹਨ, ਜੋ ਸੀਵਰਾਂ ਵਿੱਚ ਇਕੱਠੇ ਕੂੜੇ ਨੂੰ ਸਾਫ ਕਰਨ ਲਈ ਉੱਚ-ਦਬਾਅ ਵਾਲੇ ਪਾਣੀ ਦੀਆਂ ਜੈੱਟਾਂ ਅਤੇ ਸ਼ਕਤੀਸ਼ਾਲੀ ਸਕੱਸ਼ਨ ਦੀ ਵਰਤੋਂ ਕਰਦੀਆਂ ਹਨ। ਇਸ ਤੋਂ ਇਲਾਵਾ, ਗ੍ਰੈਬ ਬਕੇਟ ਮਸ਼ੀਨਾਂ ਵੀ ਹਨ, ਜੋ ਮੈਨਹੋਲਾਂ ਤੋਂ ਗਾਦ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਦੀਆਂ ਹਨ, ਤਾਂ ਜੋ ਕਰਮਚਾਰੀਆਂ ਨੂੰ ਖਤਰੇ ਵਿੱਚ ਨਾ ਪਾਇਆ ਜਾਵੇ। ਤੰਗ ਗਲੀਆਂ ਅਤੇ ਭੀੜ ਵਾਲੇ ਸ਼ਹਿਰੀ ਖੇਤਰਾਂ ਲਈ ਕੰਪੈਕਟ ਮਾਊਸ ਜੈਟਰ ਅਤੇ ਵਾਤਾਵਰਣ ਪੱਖੀ ਈ-ਰਿਕਸ਼ਾ ਮਾਊਂਟਡ ਡੀਸਿਲਟਿੰਗ ਮਸ਼ੀਨਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ, ਜੋ ਬੈਟਰੀ ਨਾਲ ਚੱਲਦੀਆਂ ਹਨ। ਸੈਨੀਟੇਸ਼ਨ ਉਪਕਰਣਾਂ ਵਿੱਚ ਟਿਕਾਊ ਰੌਡਿੰਗ ਸੈੱਟ, ਸੀਵਰ ਨਿਰੀਖਣ ਕੈਮਰੇ, ਓਵਰਫਲੋ ਐਮਰਜੈਂਸੀ ਲਈ ਪੰਪਿੰਗ ਸੈੱਟ, ਅਤੇ ਉਦਯੋਗਿਕ-ਗ੍ਰੇਡ ਸੁਪਰ ਸਕੱਸ਼ਨ ਮਸ਼ੀਨਾਂ ਸ਼ਾਮਲ ਹਨ, ਜੋ ਪੂਰੀ ਸਫਾਈ ਦੀ ਸਮਰੱਥਾ ਰੱਖਦੀਆਂ ਹਨ।
ਡਾ. ਸਿੰਘ ਨੇ ਕਿਹਾ ਕਿ ਇਹ ਤਕਨੀਕੀ ਤਬਦੀਲੀ ਸਰਕਾਰ ਦੀ ਸਫਾਈ ਕਰਮਚਾਰੀਆਂ ਦੀ ਭਲਾਈ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ, “ਇਹ ਮਸ਼ੀਨਾਂ ਸ਼ਹਿਰੀ ਬੁਨਿਆਦੀ ਢਾਂਚੇ ਵਿੱਚ ਸਾਡੀ ਤਰੱਕੀ ਨੂੰ ਦਰਸਾਉਂਦੀਆਂ ਹਨ, ਪਰ ਸਾਡਾ ਅਸਲ ਮਕਸਦ ਸਫਾਈ ਕਰਮਚਾਰੀਆਂ ਦੇ ਸਨਮਾਨ ਅਤੇ ਜੀਵਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।” ਸਰਕਾਰ ਨੇ ਕਰਮਚਾਰੀਆਂ ਦੀ ਸੁਰੱਖਿਆ ਲਈ ਮਜ਼ਬੂਤ ਢਾਂਚਾ ਲਾਗੂ ਕੀਤਾ ਹੈ, ਜਿਸ ਵਿੱਚ ਆਧੁਨਿਕ ਸੁਰੱਖਿਆ ਉਪਕਰਣ, ਵਿਆਪਕ ਸਿਹਤ ਬੀਮਾ, ਨਿਯਮਤ ਮੈਡੀਕਲ ਜਾਂਚ, ਕਰੀਅਰ ਵਿੱਚ ਤਰੱਕੀ ਦੇ ਮੌਕੇ, ਅਤੇ ਮਸ਼ੀਨ ਸੰਚਾਲਨ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਸ਼ਾਮਲ ਹਨ।
watch….https://www.youtube.com/watch?v=4bTesmfoaok
ਉਨ੍ਹਾਂ ਨੇ ਦੱਸਿਆ ਕਿ ਸੰਗਰੂਰ ਕਲੱਸਟਰ ਵਿੱਚ 218 ਮਸ਼ੀਨਾਂ ਪਹਿਲਾਂ ਹੀ ਕੰਮ ਕਰ ਰਹੀਆਂ ਹਨ, ਅਤੇ 39.56 ਕਰੋੜ ਰੁਪਏ ਦੀ ਲਾਗਤ ਨਾਲ ਬਾਕੀ 512 ਮਸ਼ੀਨਾਂ ਹੋਰ ਨਗਰਪਾਲਿਕਾਵਾਂ ਵਿੱਚ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਸਰਕਾਰ ਵੱਲੋਂ ਤਿਮਾਹੀ ਕਾਰਗੁਜ਼ਾਰੀ ਸਮੀਖਿਆ ਕੀਤੀ ਜਾਵੇਗੀ। ਇਹ ਪਹਿਲਕਦਮੀ ਸੀਵਰ ਲਾਈਨਾਂ ਦੀ ਹੱਥੀਂ ਸਫਾਈ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਯੋਜਨਾ ਨਾਲ ਸ਼ਹਿਰੀ ਸਵੱਛਤਾ ਸੁਧਾਰਾਂ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਂਦੀ ਹੈ ਅਤੇ ਕਰਮਚਾਰੀ ਸੁਰੱਖਿਆ ਤੇ ਬੁਨਿਆਦੀ ਢਾਂਚੇ ਦੇ ਪ੍ਰਬੰਧਨ ਲਈ ਨਵੇਂ ਮਾਪਦੰਡ ਸਥਾਪਤ ਕਰਦੀ ਹੈ।
ਇਸ ਤੋਂ ਪਹਿਲਾਂ, ਡਾ. ਰਵਜੋਤ ਸਿੰਘ ਨੇ ਅਹਿਮਦਾਬਾਦ ਵਿੱਚ ਵਾਪਰੇ ਦੁਖਦਾਈ ਜਹਾਜ਼ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ, ਜਿਸ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ, “ਮੈਂ ਇਸ ਦੁਖਦਾਈ ਘਟਨਾ ਤੋਂ ਬਹੁਤ ਦੁੱਖੀ ਹਾਂ ਅਤੇ ਪੀੜਤ ਪਰਿਵਾਰਾਂ ਨਾਲ ਦਰਦ ਸਾਂਝਾ ਕਰਦਾ ਹਾਂ। ਸਾਡੀ ਉਨ੍ਹਾਂ ਲੋਕਾਂ ਨਾਲ ਦਿਲੀ ਹਮਦਰਦੀ ਹੈ ਜਿਨ੍ਹਾਂ ਨੇ ਇਸ ਦੁਖਾਂਤ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ।”



