-ਮੁੱਖ ਮੰਤਰੀ ਮਾਨ ਦੀ ਜ਼ੀਰੋ ਟਾਲਰੈਂਸ ਨੀਤੀ ਤਹਿਤ ਕਾਰਵਾਈ
– ਟਰੈਕਟਰ ਛੁਡਾਉਣ ਲਈ ਮੰਗੀ ਰਿਸ਼ਵਤ
ਚੰਡੀਗੜ੍ਹ, 24 ਫਰਵਰੀ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਜ਼ੀਰੋ ਟਾਲਰੈਂਸ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਪਿੰਡ ਦੇਵੀਨਗਰ (ਅਭਰਾਵਨ), ਜ਼ਿਲ੍ਹਾ ਐਸ.ਏ.ਐੱਸ. ਨਗਰ ਦੇ ਸਰਪੰਚ ਗੁਰਚਰਨ ਸਿੰਘ ਨੂੰ 50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ।
ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗ੍ਰਿਫਤਾਰੀ ਮੁੱਖ ਮੰਤਰੀ ਦੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ ’ਤੇ ਦਰਜ ਇੱਕ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ। ਪੜਤਾਲ ਦੌਰਾਨ ਪਤਾ ਲੱਗਿਆ ਕਿ ਸਰਪੰਚ ਗੁਰਚਰਨ ਸਿੰਘ ਨੇ ਸ਼ਿਕਾਇਤਕਰਤਾ ਦਾ ਟਰੈਕਟਰ (ਜੋ ਪੁਲਿਸ ਕੋਲ ਜ਼ਬਤ ਸੀ) ਥਾਣਾ ਬਨੂੜ ਤੋਂ ਛੁਡਾਉਣ ਬਦਲੇ ਪਹਿਲਾਂ 1 ਲੱਖ ਰੁਪਏ ਰਿਸ਼ਵਤ ਮੰਗੀ ਸੀ। ਸ਼ਿਕਾਇਤਕਰਤਾ ਦੀ ਵਾਰ-ਵਾਰ ਬੇਨਤੀ ਤੇ ਰਿਸ਼ਵਤ ਦੀ ਰਕਮ 50,000 ਰੁਪਏ ਵਿੱਚ ਤੈਅ ਹੋਈ। ਸ਼ਿਕਾਇਤਕਰਤਾ ਨੇ ਪੂਰੀ ਗੱਲਬਾਤ ਰਿਕਾਰਡ ਕਰ ਲਈ ਸੀ।
ਇਸ ਸਬੰਧੀ ਦੋਸ਼ੀ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ ਐਸ.ਏ.ਐੱਸ. ਨਗਰ ਰੇਂਜ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇਹ ਕਾਰਵਾਈ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਤੇ ਲੋਕਾਂ ਦੇ ਪੈਸੇ ਦੀ ਸੁਰੱਖਿਆ ਲਈ ਚੱਲ ਰਹੇ ਅਭਿਆਨ ਨੂੰ ਹੋਰ ਮਜ਼ਬੂਤ ਕਰਦੀ ਹੈ।




