ਚੰਡੀਗੜ੍ਹ/ਤਰਨ ਤਾਰਨ, 3 ਜੂਨ
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ
ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਬਣਾਉਣ ਦੀ ਮੁਹਿੰਮ ਦੌਰਾਨ, ਕਾਊਂਟਰ ਇੰਟੈਲੀਜੈਂਸ ਪੰਜਾਬ ਅਤੇ ਤਰਨ ਤਾਰਨ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਦੀ ਆਈਐਸਆਈ ਨੂੰ ਸੰਵੇਦਨਸ਼ੀਲ ਜਾਣਕਾਰੀ ਲੀਕ ਕਰ ਰਿਹਾ ਸੀ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸਾਂਝੀ ਕੀਤੀ।
ਗ੍ਰਿਫਤਾਰ ਵਿਅਕਤੀ ਦੀ ਪਛਾਣ ਗਗਨਦੀਪ ਸਿੰਘ ਉਰਫ਼ ਗਗਨ ਵਾਸੀ ਮੁਹੱਲਾ ਰੋਡੂਪੁਰ, ਤਰਨ ਤਾਰਨ ਵਜੋਂ ਹੋਈ ਹੈ।
ਖਾਲਿਸਤਾਨੀ ਸਮਰਥਕ ਨਾਲ ਸੰਪਰਕ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਗਗਨਦੀਪ ਸਿੰਘ ਪਿਛਲੇ ਪੰਜ ਸਾਲਾਂ ਤੋਂ ਪਾਕਿਸਤਾਨ ਅਧਾਰਿਤ ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਦੇ ਸੰਪਰਕ ਵਿੱਚ ਸੀ, ਜਿਸ ਨੇ ਉਸ ਨੂੰ ਪਾਕਿਸਤਾਨੀ ਇੰਟੈਲੀਜੈਂਸ ਆਪਰੇਟਿਵਜ਼ (ਪੀਆਈਓਜ਼) ਨਾਲ ਜੋੜਿਆ। ਜਾਂਚ ਤੋਂ ਇਹ ਵੀ ਸਾਹਮਣੇ ਆਇਆ ਕਿ ਗਗਨਦੀਪ ਆਪ੍ਰੇਸ਼ਨ ਸਿੰਦੂਰ ਦੌਰਾਨ ਫੌਜ ਦੀ ਤਾਇਨਾਤੀ, ਰਣਨੀਤਕ ਸਥਾਨਾਂ ਅਤੇ ਗਤੀਵਿਧੀਆਂ ਸਬੰਧੀ ਸੰਵੇਦਨਸ਼ੀਲ ਜਾਣਕਾਰੀ ਪੀਆਈਓਜ਼ ਨਾਲ ਸਾਂਝੀ ਕਰ ਰਿਹਾ ਸੀ, ਜੋ ਰਾਸ਼ਟਰੀ ਸੁਰੱਖਿਆ ਲਈ ਖਤਰਾ ਸੀ।
ਪੁਲਿਸ ਨੇ ਗਗਨਦੀਪ ਦੇ ਕਬਜ਼ੇ ‘ਚੋਂ ਦੋ ਮੋਬਾਈਲ ਫੋਨ ਜ਼ਬਤ ਕੀਤੇ ਹਨ, ਜਿਨ੍ਹਾਂ ਵਿੱਚ ਸੰਵੇਦਨਸ਼ੀਲ ਖੁਫੀਆ ਜਾਣਕਾਰੀ ਅਤੇ 20 ਤੋਂ ਵੱਧ ਆਈਐਸਆਈ ਸੰਪਰਕਾਂ ਦੇ ਵੇਰਵੇ ਮਿਲੇ ਹਨ। ਉਸ ਨੂੰ ਪੀਆਈਓਜ਼ ਤੋਂ ਭਾਰਤੀ ਚੈਨਲਾਂ ਰਾਹੀਂ ਪੈਸੇ ਵੀ ਮਿਲਦੇ ਸਨ।
watch…..YUDH NASHIAN VIRUDH: PUNJAB POLICE RECOVERS OVER 500 KG HEROIN IN 79 DAYS
ਜਾਂਚ ਜਾਰੀ
ਡੀਜੀਪੀ ਨੇ ਕਿਹਾ ਕਿ ਇਸ ਜਾਸੂਸੀ ਨੈਟਵਰਕ ਦੇ ਅਗਲੇ-ਪਿਛਲੇ ਸੰਪਰਕਾਂ ਦਾ ਪਤਾ ਲਗਾਉਣ ਲਈ ਵਿੱਤੀ ਅਤੇ ਤਕਨੀਕੀ ਜਾਂਚ ਜਾਰੀ ਹੈ।
ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸਐਸਪੀ) ਤਰਨ ਤਾਰਨ ਅਭਿਮਨਿਊ ਰਾਣਾ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਪੰਜਾਬ ਦੀ ਸੂਚਨਾ ‘ਤੇ ਐਸਪੀ ਸਿਟੀ ਡਾ. ਰਿਪੁਦਮਨ ਸਿੰਘ ਸੰਧੂ ਅਤੇ ਡੀਐਸਪੀ ਗੁਰਿੰਦਰਪਾਲ ਸਿੰਘ ਨਾਗਰਾ ਦੀ ਅਗਵਾਈ ਵਿੱਚ ਟੀਮ ਨੇ ਗਗਨਦੀਪ ਨੂੰ ਤਰਨ ਤਾਰਨ ਦੇ ਮੁਰਾਦਪੁਰਾ ਨੇੜੇ ਤੋਂ ਗ੍ਰਿਫਤਾਰ ਕੀਤਾ। ਪੁੱਛਗਿੱਛ ਦੌਰਾਨ ਗਗਨਦੀਪ ਨੇ ਸਵੀਕਾਰ ਕੀਤਾ ਕਿ ਆਈਐਸਆਈ ਸੰਚਾਲਕਾਂ ਨੇ ਉਸ ਨੂੰ ਸਰਹੱਦੀ ਖੇਤਰ, ਰੇਲਵੇ ਸਟੇਸ਼ਨਾਂ ਅਤੇ ਅੰਮ੍ਰਿਤਸਰ ਸ਼ਹਿਰ ਵਿੱਚ ਫੌਜ ਦੀ ਤਾਇਨਾਤੀ ਦੀ ਜਾਣਕਾਰੀ ਇਕੱਠੀ ਕਰਨ ਦਾ ਕੰਮ ਸੌਂਪਿਆ ਸੀ। ਉਸ ਨੂੰ ਜਾਸੂਸੀ ਲਈ ਵਿੱਤੀ ਲਾਭ ਵੀ ਦਿੱਤਾ ਜਾ ਰਿਹਾ ਸੀ।
ਅਗਲੀ ਕਾਰਵਾਈ
ਐਸਐਸਪੀ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਸੰਭਵ ਹਨ। ਇਸ ਮਾਮਲੇ ਵਿੱਚ ਐਫਆਈਆਰ ਨੰਬਰ 137, ਮਿਤੀ 3 ਜੂਨ, 2025 ਨੂੰ ਥਾਣਾ ਸਿਟੀ ਤਰਨ ਤਾਰਨ ਵਿੱਚ ਆਫੀਸ਼ੀਅਲ ਸੀਕਰੇਟਸ ਐਕਟ ਦੀ ਧਾਰਾ 3, 4, 5 ਅਤੇ 21 ਅਤੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 152 ਤਹਿਤ ਦਰਜ ਕੀਤੀ ਗਈ ਹੈ।




