ਅਕਾਲੀ ਦਲ ਨੂੰ ਵੱਡਾ ਝਟਕਾ: ਮਾਝੇ ਦੇ ਸੀਨੀਅਰ ਅਕਾਲੀ ਆਗੂ ਹਰਮੀਤ ਸੰਧੂ ਸਮਰਥਕਾਂ ਸਮੇਤ ‘ਆਪ’ ਵਿੱਚ ਸ਼ਾਮਲ
-ਸੰਧੂ ਤਰਨਤਾਰਨ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ, 2002 ਵਿੱਚ ਪਹਿਲੀ ਵਾਰ ਆਜ਼ਾਦ ਵਿਧਾਇਕ ਵਜੋਂ ਜਿੱਤੇ ਸਨ
-ਮੁੱਖਮੰਤਰੀ ਮਾਨ ਅਤੇ ਮਨੀਸ਼ ਸਿਸੋਦੀਆ ਨੇ ਸੰਧੂ ਦਾ ਪਾਰਟੀ ਵਿੱਚ ਸਵਾਗਤ ਕੀਤਾ
-‘ਆਪ’ ਸਰਕਾਰ ਦੀਆਂ ਚੰਗੀਆਂ ਨੀਤੀਆਂ ਅਤੇ ਸਪੱਸ਼ਟ ਇਰਾਦਿਆਂ ਨੇ ਮੈਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ: ਹਰਮੀਤ ਸੰਧੂ
ਚੰਡੀਗੜ੍ਹ, 15 ਜੁਲਾਈ 2025
ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਮਾਝਾ ਖੇਤਰ ਵਿੱਚ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਤਰਨਤਾਰਨ ਦੇ ਸੀਨੀਅਰ ਅਕਾਲੀ ਆਗੂ ਹਰਮੀਤ ਸਿੰਘ ਸੰਧੂ ਨੇ ਮੰਗਲਵਾਰ ਨੂੰ ਆਪਣੇ ਦਰਜਨਾਂ ਸਮਰਥਕਾਂ ਸਮੇਤ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਮੂਲੀਅਤ ਕਰ ਲਈ।
ਹਰਮੀਤ ਸੰਧੂ ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। 2002 ਵਿੱਚ ਉਹ ਪਹਿਲੀ ਵਾਰ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਸਨ। ਇਸ ਤੋਂ ਬਾਅਦ, 2007 ਅਤੇ 2012 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਦੋ ਵਾਰ ਚੋਣ ਜਿੱਤੀ। 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਦੂਜੇ ਸਥਾਨ ’ਤੇ ਰਹੇ।
ਸੰਧੂ ਨੂੰ ਪੰਜਾਬ ਦੀ ਰਾਜਨੀਤੀ, ਖਾਸਕਰ ਮਾਝਾ ਖੇਤਰ ਦੀ ਰਾਜਨੀਤੀ ਦੀ ਗਹਿਰੀ ਸਮਝ ਹੈ ਅਤੇ ਤਰਨਤਾਰਨ ਦੇ ਲੋਕਾਂ ਵਿੱਚ ਉਨ੍ਹਾਂ ਦੀ ਮਜ਼ਬੂਤ ਪਕੜ ਹੈ। ਉਹ ਲਗਭਗ ਢਾਈ ਦਹਾਕਿਆਂ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਹਨ।
ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਚੰਡੀਗੜ੍ਹ ਵਿੱਚ ਹਰਮੀਤ ਸੰਧੂ ਨੂੰ ਰਸਮੀ ਤੌਰ ’ਤੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ’ਤੇ ਪਾਰਟੀ ਦੇ ਕਈ ਸੀਨੀਅਰ ਆਗੂ ਵੀ ਹਾਜ਼ਰ ਸਨ।
watch…..Top-10 Short News in Hindi, 15 July
ਹਰਮੀਤ ਸੰਧੂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਲਈ ਬਹੁਤ ਖੁਸ਼ੀ ਦੀ ਗੱਲ ਹੈ। ਜਦੋਂ ਅਸੀਂ ਛੋਟੇ ਸੀ, ਉਦੋਂ ਤੋਂ ਹੀ ਸੰਧੂ ਚੋਣਾਂ ਜਿੱਤਦੇ ਆ ਰਹੇ ਹਨ। ਅਸੀਂ ਉਨ੍ਹਾਂ ਦੇ ਤਜਰਬੇ ਦੀ ਵਰਤੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਰਾਂਗੇ।
ਮਾਨ ਨੇ ਕਿਹਾ ਕਿ ਜਦੋਂ ਅਰਵਿੰਦ ਕੇਜਰੀਵਾਲ ਨੇ ਪਾਰਟੀ ਬਣਾਈ ਸੀ, ਉਨ੍ਹਾਂ ਨੇ ਕਿਹਾ ਸੀ ਕਿ ਰਵਾਇਤੀ ਪਾਰਟੀਆਂ ਵਿੱਚ ਵੀ ਚੰਗੇ ਲੋਕ ਹਨ ਜੋ ਉੱਥੇ ਘੁਟਣ ਮਹਿਸੂਸ ਕਰਦੇ ਹਨ। ਅਸੀਂ ਅਜਿਹੇ ਲੋਕਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਰਾਜਨੀਤੀ ਵਿੱਚ ਚੰਗੇ ਲੋਕਾਂ ਦਾ ਇੱਕ ਸਮੂਹ ਤਿਆਰ ਕਰ ਰਹੇ ਹਾਂ।
ਮੀਡੀਆ ਨੂੰ ਸੰਬੋਧਨ ਕਰਦਿਆਂ ਹਰਮੀਤ ਸੰਧੂ ਨੇ ਕਿਹਾ ਕਿ ਮੈਂ ਲਗਭਗ 30 ਸਾਲਾਂ ਤੋਂ ਰਾਜਨੀਤੀ ਵਿੱਚ ਹਾਂ ਅਤੇ ਹਰ ਵਾਰ ਤਰਨਤਾਰਨ ਦੇ ਲੋਕਾਂ ਨੇ ਮੈਨੂੰ ਪੂਰਾ ਪਿਆਰ ਅਤੇ ਸਨਮਾਨ ਦਿੱਤਾ ਹੈ। ਪਰ ਹੁਣ ਹਾਲਾਤ ਬਹੁਤ ਬਦਲ ਗਏ ਹਨ। 2002 ਵਿੱਚ ਲੋਕਾਂ ਨੇ ਮੈਨੂੰ ਆਜ਼ਾਦ ਉਮੀਦਵਾਰ ਵਜੋਂ ਲਗਭਗ 7000 ਵੋਟਾਂ ਨਾਲ ਜਿਤਾਇਆ ਸੀ।
ਉਨ੍ਹਾਂ ਨੇ ਅੱਗੇ ਕਿਹਾ ਕਿ ‘ਆਪ’ ਸਰਕਾਰ ਦੀਆਂ ਸਪੱਸ਼ਟ ਨੀਤੀਆਂ ਅਤੇ ਇਰਾਦਿਆਂ ਨੇ ਮੈਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਮਾਨ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿੱਚ ਚੰਗੀਆਂ ਨੀਤੀਆਂ ਅਤੇ ਸਪੱਸ਼ਟ ਇਰਾਦਿਆਂ ਨਾਲ ਪੰਜਾਬ ਦੇ ਵਿਕਾਸ ਲਈ ਕੰਮ ਕੀਤਾ ਹੈ। ਇਸ ਲਈ, ਮੇਰਾ ਫਰਜ਼ ਹੈ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਦਾ ਸਮਰਥਨ ਕਰਾਂ ਅਤੇ ਸਰਕਾਰ ਨਾਲ ਮਿਲ ਕੇ ਆਪਣੇ ਇਲਾਕੇ ਦਾ ਵਿਕਾਸ ਕਰਾਂ। ਨਾਲ ਹੀ, ਮਾਨ ਸਰਕਾਰ ਦੇ ਵਿਧਾਨ ਸਭਾ ਵਿੱਚ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਲਿਆਉਣ ਦਾ ਫੈਸਲਾ ਮੈਨੂੰ ਬਹੁਤ ਪ੍ਰਭਾਵਿਤ ਕਰ ਗਿਆ। ਇਹ ਕਾਨੂੰਨ ਪੰਜਾਬ ਅਤੇ ਸਿੱਖ ਸੰਗਤਾਂ ਲਈ ਬਹੁਤ ਜ਼ਰੂਰੀ ਸੀ।



