ਘੱਗਰ ਵਿੱਚ ਪਾਣੀ ਦਾ ਪੱਧਰ 743.7 ਫੁੱਟ: ਸਭ ਕੁਝ ਕਾਬੂ ਵਿੱਚ, ਰੇਤੇ ਅਤੇ ਮਿੱਟੀ ਦੀਆਂ 2 ਲੱਖ ਬੋਰੀਆਂ ਤਿਆਰ
ਚੰਡੀਗੜ੍ਹ/ਖਨੌਰੀ/ਮੂਨਕ, 31 ਅਗਸਤ 2025
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਘੱਗਰ ਦਰਿਆ ਕਾਰਨ ਵਾਰ-ਵਾਰ ਪੈਦਾ ਹੋਣ ਵਾਲੀ ਹੜ੍ਹਾਂ ਦੀ ਸਥਿਤੀ ਦੇ ਸਥਾਈ ਹੱਲ ਲਈ ਵਚਨਬੱਧ ਹੈ। ਇਸ ਦਰਿਆ ਨੂੰ ਚੌੜਾ ਕਰਕੇ ਸਮੱਸਿਆ ਦਾ ਪੱਕਾ ਹੱਲ ਕੀਤਾ ਜਾ ਸਕਦਾ ਹੈ, ਪਰ ਗੁਆਂਢੀ ਸੂਬੇ ਹਰਿਆਣਾ ਵੱਲੋਂ ਘੱਗਰ ਦੇ ਪੰਜਾਬ ਵਿੱਚਲੇ ਕੁਝ ਹਿੱਸੇ, ਮਕਰੌੜ ਸਾਹਿਬ ਤੋਂ ਕੜੈਲ ਤੱਕ, ਨੂੰ ਚੌੜਾ ਕਰਨ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਸਟੇਅ ਲਏ ਜਾਣ ਕਾਰਨ ਇਹ ਕੰਮ ਅਧੂਰਾ ਰਹਿ ਗਿਆ। ਪੰਜਾਬ ਦੇ ਲੋਕਾਂ ਦੀ ਮੁਸ਼ਕਲ ਦੇ ਸਥਾਈ ਹੱਲ ਲਈ ਕੇਂਦਰ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਕਹਿ ਕੇ ਇਸ ਸਟੇਅ ਨੂੰ ਹਟਵਾਇਆ ਹੈ, ਤਾਂ ਜੋ ਪੰਜਾਬ ਸਰਕਾਰ ਲੋਕਾਂ ਦੀ ਸੁਰੱਖਿਆ ਲਈ ਦਰਿਆ ਨੂੰ ਚੌੜਾ ਕਰਕੇ ਇਸ ਦੇ ਕੰਢਿਆਂ ਨੂੰ ਮਜ਼ਬੂਤ ਕਰ ਸਕੇ।
ਇਹ ਵਿਚਾਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਖਨੌਰੀ ਹੈੱਡਵਰਕਸ ਵਿਖੇ ਘੱਗਰ ਦਰਿਆ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਸਿਰਫ ਸੁਚੇਤ ਰਹਿਣ ਅਤੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ 743.7 ਫੁੱਟ ਹੈ, ਜਦਕਿ ਖਤਰੇ ਦਾ ਨਿਸ਼ਾਨ 748 ਫੁੱਟ ਹੈ, ਅਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸਥਿਤੀ ਨਾਲ ਨਜਿੱਠਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। 2 ਲੱਖ ਰੇਤੇ ਅਤੇ ਮਿੱਟੀ ਦੀਆਂ ਬੋਰੀਆਂ ਤਿਆਰ ਰੱਖੀਆਂ ਗਈਆਂ ਹਨ। ਸਾਲ 2023 ਵਿੱਚ ਜਿੱਥੇ ਪਾੜ ਪਏ ਸਨ, ਉਨ੍ਹਾਂ ਥਾਵਾਂ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਕੰਢਿਆਂ ਨੂੰ ਚੌੜਾ ਕੀਤਾ ਗਿਆ ਹੈ, ਤਾਂ ਜੋ ਲੋੜ ਪੈਣ ’ਤੇ ਮਸ਼ੀਨਰੀ ਆਸਾਨੀ ਨਾਲ ਵਰਤੀ ਜਾ ਸਕੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸਮਾਂ ਇੱਕ-ਦੂਜੇ ਦਾ ਸਾਥ ਦੇਣ ਦਾ ਹੈ। ਹਰ ਵਿਅਕਤੀ ਨੂੰ ਲੋੜਵੰਦਾਂ ਲਈ ਜੋ ਵੀ ਸੰਭਵ ਹੋਵੇ, ਉਹ ਕਰਨਾ ਚਾਹੀਦਾ। ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੇ ਲੋੜੀਂਦੇ ਪ੍ਰਬੰਧ ਕੀਤੇ ਹਨ, ਪਰ ਆਮ ਲੋਕਾਂ ਨੂੰ ਵੀ ਅੱਗੇ ਵਧ ਕੇ ਸਹਿਯੋਗ ਦੇਣਾ ਚਾਹੀਦਾ।
watch…..Punjab Flood Crisis: 14,936 Evacuated, 122 Camps Open
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਫਵਾਹਾਂ ’ਤੇ ਭਰੋਸਾ ਨਾ ਕਰਨ ਅਤੇ ਕਿਸੇ ਵੀ ਮੁਸ਼ਕਲ ਦੀ ਸਥਿਤੀ ਵਿੱਚ ਪਿੰਡ ਦੀ ਪੰਚਾਇਤ ਨਾਲ ਸੰਪਰਕ ਕਰਨ। ਪੰਚਾਇਤ ਨੂੰ ਸਿਵਲ ਜਾਂ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਤੁਰੰਤ ਸੰਪਰਕ ਕਰਕੇ ਮੁਸ਼ਕਲ ਦਾ ਹੱਲ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨੁਮਾਇੰਦੇ ਫੀਲਡ ਵਿੱਚ ਹਨ ਅਤੇ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਣ ਦਿੱਤੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ ਸੰਭਾਵੀ ਹੜ੍ਹਾਂ ਸਬੰਧੀ ਜ਼ਿਲ੍ਹੇ ਦੇ ਫਲਡ ਕੰਟਰੋਲ ਰੂਮ ਨੰਬਰਾਂ—ਸਿੰਚਾਈ ਵਿਭਾਗ 87250-29785 ਅਤੇ ਜ਼ਿਲ੍ਹਾ ਪ੍ਰਸ਼ਾਸਨ 01672-234196—’ਤੇ ਸੰਪਰਕ ਕੀਤਾ ਜਾ ਸਕਦਾ ਹੈ।