ਸਿੰਘਪੁਰ-ਪਲਾਸੀ ਦੇ ਵਸਨੀਕ ਰਾਹਤ ਕੈਂਪਾਂ ਤੋਂ ਘਰਾਂ ਵਾਪਸ ਪਰਤਣ ਲੱਗੇ – ਕੈਬਨਿਟ ਮੰਤਰੀ
ਬੇਲਾ ਧਿਆਨੀ ਦਾ ਟੁੱਟਿਆ ਲੱਕੜ ਦਾ ਪੁੱਲ ਹੁਣ ਮਜ਼ਬੂਤ ਮੋਟਰਯੋਗ ਪੁੱਲ ਵਜੋਂ ਬਣੇਗਾ
ਰੈਵਨਿਊ ਅਧਿਕਾਰੀਆਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵਿਸ਼ੇਸ਼ ਗਿਰਦਾਵਰੀ ਦਾ ਕੰਮ ਜਾਰੀ
ਚੰਡੀਗੜ੍ਹ/ਨੰਗਲ, 10 ਸਤੰਬਰ
ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਬੈਂਸ ਨੇ ਅੱਜ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਸੜਕੀ ਸੰਪਰਕ, ਬਿਜਲੀ ਅਤੇ ਪਾਣੀ ਦੀ ਸਪਲਾਈ 100 ਪ੍ਰਤੀਸ਼ਤ ਬਹਾਲ ਕਰ ਦਿੱਤੀ ਗਈ ਹੈ, ਤਾਂ ਜੋ ਪਿੰਡ ਵਾਸੀਆਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਸਿੰਘਪੁਰ-ਪਲਾਸੀ ਦੇ ਵਸਨੀਕ ਹੁਣ ਹੜ੍ਹ ਦੇ ਪਾਣੀਆਂ ਦੇ ਘਟਣ ਤੋਂ ਬਾਅਦ ਰਾਹਤ ਕੈਂਪਾਂ ਤੋਂ ਆਪਣੇ ਘਰਾਂ ਵੱਲ ਵਾਪਸ ਜਾਣ ਲੱਗੇ ਹਨ।
ਬੈਂਸ ਪਿਛਲੇ ਕਈ ਦਿਨਾਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੌਕੇ ’ਤੇ ਮੌਜੂਦ ਰਹਿ ਕੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਹਰਸਾ ਬੇਲਾ, ਪੱਤੀ ਦੂਲਚੀ ਅਤੇ ਬੇਲਾ ਸ਼ਿਵ ਸਿੰਘ ਵਰਗੇ ਪਿੰਡ, ਜੋ ਹੜ੍ਹ ਦੇ ਪਾਣੀ ਕਾਰਨ ਰਾਹਤ ਸੰਪਰਕ ਤੋਂ ਕੱਟੇ ਗਏ ਸਨ, ਹੁਣ ਮੁੜ ਜੋੜੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਤੱਕ 90 ਪ੍ਰਤੀਸ਼ਤ ਕੰਮ ਮੁਕੰਮਲ ਹੋ ਗਿਆ ਸੀ, ਪਰ ਕੁਝ ਮਕੈਨੀਕਲ ਸਮੱਸਿਆਵਾਂ ਕਾਰਨ ਦੇਰੀ ਹੋਈ। ਹੁਣ ਇਹ ਕੰਮ ਅੱਜ ਕੁਝ ਘੰਟਿਆਂ ਵਿੱਚ ਪੂਰਾ ਕਰ ਲਿਆ ਜਾਵੇਗਾ।
ਕੈਬਨਿਟ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਸਿੰਘਪੁਰ-ਪਲਾਸੀ ਦੇ ਘਰਾਂ ਵਿੱਚ ਵਿਆਪਕ ਪੱਧਰ ’ਤੇ ਫਾਗਿੰਗ ਅਤੇ ਦਵਾਈਆਂ ਦਾ ਛਿੜਕਾਅ ਕੀਤਾ ਗਿਆ ਹੈ, ਤਾਂ ਜੋ ਸਾਫ-ਸੁਥਰਾ ਮਾਹੌਲ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ 100 ਪ੍ਰਤੀਸ਼ਤ ਬਿਜਲੀ ਸਪਲਾਈ ਮੁੜ ਸਥਾਪਿਤ ਕਰ ਦਿੱਤੀ ਗਈ ਹੈ, ਜਿਸ ਲਈ ਬਿਜਲੀ ਦੇ ਖੰਭੇ, ਤਾਰਾਂ ਅਤੇ ਟਰਾਂਸਫਾਰਮਰਾਂ ਨੂੰ ਠੀਕ ਕਰਕੇ ਚਾਲੂ ਕੀਤਾ ਗਿਆ ਹੈ। ਇਸੇ ਤਰ੍ਹਾਂ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਐਨ.ਡੀ.ਆਰ.ਐਫ. ਦੀਆਂ ਕਿਸ਼ਤੀਆਂ ਦੀ ਮਦਦ ਨਾਲ ਪਾਣੀ ਦੀ ਸਪਲਾਈ ਦੀਆਂ ਪਾਈਪ ਲਾਈਨਾਂ ਨੂੰ ਮੁੜ ਜੋੜ ਕੇ 100 ਪ੍ਰਤੀਸ਼ਤ ਸਪਲਾਈ ਬਹਾਲ ਕਰ ਦਿੱਤੀ ਹੈ।
watch…..The Controversy Behind Modi’s Flood Relief: Arora Speaks Out
ਬੈਂਸ ਨੇ ਅੱਗੇ ਦੱਸਿਆ ਕਿ ਬੇਲਾ ਧਿਆਨੀ ਦਾ ਟੁੱਟਿਆ ਹੋਇਆ ਲੱਕੜ ਦਾ ਪੁੱਲ ਹੁਣ ਮਜ਼ਬੂਤ ਅਤੇ ਮੋਟਰਯੋਗ ਪੁੱਲ ਵਜੋਂ ਬਣਾਇਆ ਜਾਵੇਗਾ, ਜਿਸ ਨਾਲ ਲੰਬੇ ਸਮੇਂ ਲਈ ਸੁਰੱਖਿਅਤ ਅਤੇ ਬਿਹਤਰ ਸੰਪਰਕ ਸੁਨਿਸ਼ਚਿਤ ਹੋਵੇਗਾ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਰੈਵਨਿਊ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਵਿਸ਼ੇਸ਼ ਗਿਰਦਾਵਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ, ਜੋ ਅਗਲੇ ਕੁਝ ਦਿਨਾਂ ਵਿੱਚ ਮੁਕੰਮਲ ਹੋ ਜਾਵੇਗਾ। ਇਸ ਦੀ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ, ਜਿਸ ਦੇ ਆਧਾਰ ’ਤੇ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਵੰਡਿਆ ਜਾਵੇਗਾ।
ਕੈਬਨਿਟ ਮੰਤਰੀ ਬੈਂਸ ਪਿਛਲੇ ਕਈ ਹਫਤਿਆਂ ਤੋਂ ਆਪਣੇ ਹਲਕੇ ਵਿੱਚ ਲਗਾਤਾਰ ਮੌਜੂਦ ਰਹਿ ਕੇ ਪ੍ਰਸ਼ਾਸਨ ਨਾਲ ਮਿਲ ਕੇ ਹੜ੍ਹ ਦੀ ਸਥਿਤੀ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਵਲੰਟੀਅਰਾਂ, ਪੰਚਾਂ-ਸਰਪੰਚਾਂ ਅਤੇ ਯੂਥ ਕਲੱਬਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਇਸ ਸੰਕਟਕਾਲੀ ਸਮੇਂ ਵਿੱਚ ਸਹਿਯੋਗ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਮੈਡੀਕਲ ਟੀਮਾਂ ਅਤੇ ਪਸ਼ੂ ਪਾਲਣ ਵਿਭਾਗ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਨਿਰੰਤਰ ਕੰਮ ਕਰ ਰਹੇ ਹਨ। ਲੋਕਾਂ ਨੂੰ ਮੁਫਤ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਦਕਿ ਪਸ਼ੂਆਂ ਲਈ ਵਿਸ਼ੇਸ਼ ਟੀਕਾਕਰਨ ਮੁਹਿੰਮ ਵੀ ਚੱਲ ਰਹੀ ਹੈ। ਪਸ਼ੂਆਂ ਦੀ ਦੇਖਭਾਲ ਲਈ 10 ਟਰੱਕ ਚਾਰਾ ਪਹਿਲਾਂ ਹੀ ਵੰਡਿਆ ਜਾ ਚੁੱਕਾ ਹੈ, ਅਤੇ ਪ੍ਰਭਾਵਿਤ ਪਰਿਵਾਰਾਂ ਲਈ ਖਾਣ-ਪੀਣ ਸਮੇਤ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਨਿਯਮਤ ਤੌਰ ’ਤੇ ਜਾਰੀ ਹੈ।
ਕੈਬਨਿਟ ਮੰਤਰੀ ਬੈਂਸ ਨੇ ਕਿਹਾ, “ਮੈਂ ਸਾਰੇ ਉਨ੍ਹਾਂ ਲੋਕਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਕੁਦਰਤੀ ਆਫਤ ਦੌਰਾਨ ਪੰਜਾਬ ਦੇ ਲੋਕਾਂ, ਖਾਸਕਰ ਮੇਰੇ ਹਲਕੇ ਦੇ ਵਸਨੀਕਾਂ ਲਈ ਸਕਾਰਾਤਮਕ ਯੋਗਦਾਨ ਪਾਇਆ ਅਤੇ ਸਹਿਯੋਗ ਦਿੱਤਾ।”



