ਸੰਗਰੂਰ/ਘਰਾਚੋਂ, 24 ਫਰਵਰੀ
ਬਾਬਾ ਫ਼ਕੀਰਾ ਦਾਸ ਜੀ ਦੇ ਸਲਾਨਾ ਜੋੜ ਮੇਲੇ ਮੌਕੇ ਪਿੰਡ ਘਰਾਚੋਂ ਵਿਖੇ ਸਰਪੰਚ ਦਲਜੀਤ ਸਿੰਘ ਘੁਮਾਣ ਅਤੇ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਅੰਤਰਰਾਸ਼ਟਰੀ ਪੱਧਰ ਦਾ ਮਹਾਂ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਖੇਡ ਮੇਲੇ ਵਿੱਚ ਸਿਆਸੀ ਜਗਤ ਦੀਆਂ ਨਾਮੀ ਹਸਤੀਆਂ ਨੇ ਸ਼ਿਰਕਤ ਕਰਕੇ ਪਹਿਲਵਾਨਾਂ ਦਾ ਹੌਸਲਾ ਵਧਾਇਆ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਕਾਰਜ ਅਫ਼ਸਰ ਰਾਜਬੀਰ ਸਿੰਘ ਘੁਮਾਣ ਅਤੇ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਸੁਖਵੀਰ ਸਿੰਘ ਸੁੱਖੀ ਨੇ ਜੇਤੂ ਪਹਿਲਵਾਨਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੀ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ ਰਾਹੁਲ ਚਾਂਬਾ, ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਵੱਖ-ਵੱਖ ਅਦਾਰਿਆਂ ਦੇ ਪ੍ਰਧਾਨ ਵੀ ਹਾਜ਼ਰ ਰਹੇ।
ਦੰਗਲ ਦੀ ਖਾਸ ਗੱਲ ਇਹ ਰਹੀ ਕਿ ਪਹਿਲੀ ਝੰਡੀ ਦੀ ਕੁਸ਼ਤੀ ਜਿੱਤਣ ਵਾਲੇ ਪਹਿਲਵਾਨ ਨੂੰ ਫੋਰਡ ਟਰੈਕਟਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੁਕਾਬਲੇ ਵਿੱਚ ਨਾ ਸਿਰਫ਼ ਭਾਰਤ ਬਲਕਿ ਇਰਾਨ ਦੇ ਨਾਮੀ ਪਹਿਲਵਾਨਾਂ ਨੇ ਵੀ ਆਪਣੀ ਤਾਕਤ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ। ਖੇਡਾਂ ਦੇ ਨਾਲ-ਨਾਲ ਸੱਭਿਆਚਾਰਕ ਰੰਗ ਬਿਖੇਰਦਿਆਂ ਮਸ਼ਹੂਰ ਪੰਜਾਬੀ ਗਾਇਕ ਹਰਜੀਤ ਹਰਮਨ ਨੇ ਆਪਣੇ ਅਖਾੜੇ ਰਾਹੀਂ ਦਰਸ਼ਕਾਂ ਨੂੰ ਭਰਪੂਰ ਮਨੋਰੰਜਨ ਦਿੱਤਾ।
watch…..Champion India A Seal 46-Run Win in Final – Tejal Hasabnis Player of the Match
ਇਸੇ ਤਰ੍ਹਾਂ 23 ਫਰਵਰੀ ਨੂੰ ਅੱਚੋਵਾਲ ਦੀ ਧਰਤੀ ’ਤੇ ਵੀ ਇੱਕ ਵੱਡਾ ਕੁਸ਼ਤੀ ਦੰਗਲ ਕਰਵਾਇਆ ਗਿਆ, ਜਿਸ ਵਿੱਚ ਉੱਚ ਕੋਟੀ ਦੇ ਪਹਿਲਵਾਨਾਂ ਨੇ ਹਿੱਸਾ ਲੈ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਦੋਵਾਂ ਥਾਵਾਂ ’ਤੇ ਵੱਡੀ ਗਿਣਤੀ ਵਿੱਚ ਪਹੁੰਚੇ ਖੇਡ ਪ੍ਰੇਮੀਆਂ ਨੇ ਪੰਜਾਬ ਦੀ ਇਸ ਪੁਰਾਤਨ ਖੇਡ ਪ੍ਰਤੀ ਭਾਰੀ ਉਤਸ਼ਾਹ ਅਤੇ ਪਿਆਰ ਦਿਖਾਇਆ।
ਇਹ ਕੁਸ਼ਤੀ ਦੰਗਲ ਪੰਜਾਬ ਦੀ ਰੰਗੀਨ ਸੱਭਿਆਚਾਰਕ ਵਿਰਾਸਤ ਅਤੇ ਖੇਡਾਂ ਪ੍ਰਤੀ ਲੋਕਾਂ ਦੇ ਜਨੂੰਨ ਨੂੰ ਦਰਸਾਉਂਦਾ ਹੈ।




