ਪਟਿਆਲਾ, 25 ਫਰਵਰੀ
ਕਲਾ ਕ੍ਰਿਤੀ ਪਟਿਆਲਾ ਅਤੇ ਨਟਰਾਜ ਆਰਟਸ ਥੀਏਟਰ ਦੇ ਸਾਂਝੇ ਯਤਨਾਂ ਨਾਲ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਚੱਲ ਰਹੇ 2 ਰੋਜ਼ਾ ਬਸੰਤ ਰੁੱਤ ਨਾਟਕ ਮੇਲੇ ਦੇ ਪਹਿਲੇ ਦਿਨ ਕਾਲੀਦਾਸ ਆਡੀਟੋਰੀਅਮ (ਵਿਰਸਾ ਵਿਹਾਰ ਕੇਂਦਰ ਨੇੜੇ, ਭਾਸ਼ਾ ਵਾਗ, ਸ਼ੇਰਾਂਵਾਲਾ ਗੇਟ) ਵਿਖੇ ਨਾਟਕਕਾਰ ਡਾਕਟਰ ਕੁਲਦੀਪ ਸਿੰਘ ਦੀਪ ਦਾ ਲਿਖਿਆ ਅਤੇ ਪ੍ਰਸਿੱਧ ਨਾਟ ਨਿਰਦੇਸ਼ਕਾ, ਅਦਾਕਾਰਾ ਤੇ ਕਲਾ ਕ੍ਰਿਤੀ ਦੀ ਡਾਇਰੈਕਟਰ ਪਰਮਿੰਦਰ ਪਾਲ ਕੌਰ ਦੇ ਨਿਰਦੇਸ਼ਨ ਹੇਠ ਨਾਟਕ “ਛੱਲਾ” ਦਾ ਸ਼ਾਨਦਾਰ ਮੰਚਨ ਕੀਤਾ ਗਿਆ। ਇਸ ਨਾਟਕ ਨੇ ਦਰਸ਼ਕਾਂ ਦੇ ਮਨਾਂ ’ਤੇ ਡੂੰਘੀ ਛਾਪ ਛੱਡੀ ਅਤੇ ਉਨ੍ਹਾਂ ਨੂੰ ਭਾਵੁਕ ਕਰ ਦਿੱਤਾ।
ਨਾਟਕ ਦੀ ਕਹਾਣੀ ਉਨ੍ਹਾਂ ਸਾਰੇ “ਛੱਲਿਆਂ” (ਭਾਰਤੀ ਨੌਜਵਾਨਾਂ) ਦੇ ਨਾਂ ਘੁੰਮਦੀ ਹੈ ਜੋ ਘਰਾਂ ਤੋਂ ਜ਼ਿੰਦਗੀ ਦੀਆਂ ਝੰਜਟਾਂ ਤੋਂ ਬਚਣ ਲਈ ਨਿਕਲੇ ਸਨ ਪਰ ਸਿਸਟਮ ਦੀ ਹਨੇਰੀ ਨੇ ਉਨ੍ਹਾਂ ਨੂੰ ਰਾਹ ਵਿੱਚ ਹੀ ਨਿਗਲ ਲਿਆ। ਨਾਟਕ ਵਿੱਚ ਇੱਕ ਦੁਆ ਕੀਤੀ ਗਈ ਕਿ ਇਸ ਪੂਰੀ ਧਰਤੀ ਦੇ ਕਿਸੇ ਵੀ ਕੋਨੇ ਤੋਂ ਕਦੇ ਛੱਲੇ ਨਾ ਜੰਮਣ। ਅੱਗੇ 2014 ਵਿੱਚ ਇਰਾਕ ਦੇ ਸ਼ਹਿਰ ਮੋਸੁਲ ਵਿੱਚੋਂ ਆਈ.ਐੱਸ. (ਇਸਲਾਮਿਕ ਸਟੇਟ) ਵੱਲੋਂ ਅਗਵਾ ਕੀਤੇ ਗਏ 40 ਭਾਰਤੀ ਨੌਜਵਾਨਾਂ (ਛੱਲਿਆਂ) ਦੀ ਕਹਾਣੀ ਨੂੰ ਕਲਪਿਤ ਰੂਪ ਵਿੱਚ ਪੇਸ਼ ਕੀਤਾ ਗਿਆ। ਭਾਰਤ ਸਰਕਾਰ ਤਿੰਨ ਸਾਲ ਉਨ੍ਹਾਂ ਦੇ ਜਿਉਂਦੇ ਹੋਣ ਦਾ ਡਰਾਮਾ ਕਰਦੀ ਰਹੀ। ਇਨ੍ਹਾਂ ਵਿੱਚੋਂ 39 ਨੂੰ ਆਈ.ਐੱਸ. ਨੇ ਗੋਲੀਆਂ ਨਾਲ ਮਾਰ ਦਿੱਤਾ ਸੀ। ਜੋ ਇੱਕ ਬਚਿਆ ਸੀ, ਉਹ ਨਾਟਕ ਵਿੱਚ ਪ੍ਰੋਫੈਸਰ ਦੇ ਰੂਪ ਵਿੱਚ ਆਪਣੀਆਂ ਦਰਦਨਾਕ ਹੱਡ-ਵਿਤੀਆਂ ਸੁਣਾਉਂਦਾ ਹੈ। ਇਸ ਦੁਖਾਂਤ ਨੇ ਦਰਸ਼ਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਨਾਟਕ ਕਲਾ ਕ੍ਰਿਤੀ ਦੀਆਂ ਸਫਲ ਪੇਸ਼ਕਾਰੀਆਂ ਵਿੱਚ ਸ਼ਾਮਲ ਹੋ ਗਿਆ।
watch…..Champion India A Seal 46-Run Win in Final – Tejal Hasabnis Player of the Match
ਨਾਟਕ ਵਿੱਚ ਮੁੱਖ ਭੂਮਿਕਾਵਾਂ ਨਿਭਾਉਣ ਵਾਲੇ ਕਲਾਕਾਰਾਂ ਵਿੱਚ ਸੀਨੀਅਰ ਕਲਾਕਾਰ ਮੋਹਨ ਕੰਬੋਜ਼, ਵਿਨੋਦ ਕੌਸ਼ਲ, ਜੋਗਾ ਸਿੰਘ, ਜਸਵੀਰ ਜੱਸੀ, ਕੁਲਦੀਪ ਸਿੰਘ, ਅਜੇ ਜੈਠੀ, ਇਸ਼ਾਂਨ ਅਰੋੜਾ, ਤਾਨੀਆ ਸਿੰਘ, ਨਿਰਮਲ, ਅੰਜਲੀ ਬਿਡਲਾ ਅਤੇ ਹਰੀਸ਼ ਖੁਰਾਨਾ ਨੇ ਆਪੋ-ਆਪਣੀਆਂ ਭੂਮਿਕਾਵਾਂ ਸ਼ਾਨਦਾਰ ਨਿਭਾਈਆਂ। ਪ੍ਰਸਿੱਧ ਸੰਗੀਤਕਾਰ ਹਰਜੀਤ ਗੁੱਡੂ ਦੇ ਸੰਗੀਤ ਅਤੇ ਗਾਏ ਗੀਤਾਂ ਦੇ ਬੋਲਾਂ ਨੇ ਨਾਟਕ ਨੂੰ ਹੋਰ ਸਫਲ ਬਣਾਇਆ। ਸਮੁੱਚੇ ਨਾਟਕ ਦੇ ਪ੍ਰੋਡਕਸ਼ਨ ਇੰਚਾਰਜ ਗੋਪਾਲ ਸ਼ਰਮਾ ਸਨ।
ਇਸ ਮੌਕੇ ਮੁੱਖ ਮਹਿਮਾਨ ਹਰਚੰਦ ਸਿੰਘ ਬਰਸਟ (ਚੇਅਰਮੈਨ, ਪੰਜਾਬ ਮੰਡੀ ਬੋਰਡ) ਅਤੇ ਵਿਸ਼ੇਸ਼ ਮਹਿਮਾਨ ਡਾਕਟਰ ਸਵਰਾਜ ਸਿੰਘ (ਵਿਸ਼ਵ ਚਿੰਤਕ ਤੇ ਸ਼੍ਰੋਮਣੀ ਦਾਰਸ਼ਨਿਕ ਅਵਾਰਡੀ) ਅਤੇ ਜਤਿੰਦਰ ਪਾਲ ਸ਼ਰਮਾ (ਡਿਪਟੀ ਡਿਸਟ੍ਰਿਕਟ ਅਟਾਰਨੀ, ਪਟਿਆਲਾ) ਨੇ ਸਾਰੇ ਕਲਾਕਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਉਨ੍ਹਾਂ ਕਲਾ ਕ੍ਰਿਤੀ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਅਜਿਹੇ ਨਾਟਕ ਮੇਲੇ ਲਗਾਤਾਰ ਹੁੰਦੇ ਰਹਿਣਗੇ ਤਾਂ ਜੋ ਰੰਗਮੰਚ ਨਾਲ ਦਰਸ਼ਕਾਂ ਨੂੰ ਵੱਧ ਤੋਂ ਵੱਧ ਜੋੜਿਆ ਜਾ ਸਕੇ।




