ਮੁੱਖ ਮੰਤਰੀ ਮਾਨ ਵੱਲੋਂ ਕਿਸਾਨਾਂ ਨੂੰ ਵੱਡੀ ਸੌਗਾਤ, ਮਾਲਵਾ ਖੇਤਰ ਦੇ ਚਾਰ ਜ਼ਿਲ੍ਹਿਆਂ ਵਿੱਚ ਪਹੁੰਚਿਆ ਨਹਿਰੀ ਪਾਣੀ
-ਪਹਿਲਾਂ ਨਹਿਰ ਦੀ ਸਮਰੱਥਾ 11,192 ਕਿਊਸਿਕ ਸੀ, ਹੁਣ 2,681 ਕਿਊਸਿਕ ਵਾਧੇ ਨਾਲ 13,873 ਕਿਊਸਿਕ ਹੋ ਗਈ
ਮਖੂ (ਫਿਰੋਜ਼ਪੁਰ), 25 ਫਰਵਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰੋਜ਼ਪੁਰ ਫੀਡਰ ਨਹਿਰ ਦੇ ਨਵੀਨੀਕਰਨ (ਰੀਲਾਈਨਿੰਗ) ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ ਅਤੇ ਇਸ ਨੂੰ ਕਿਸਾਨਾਂ ਲਈ ਇਤਿਹਾਸਕ ਤੋਹਫਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਕਦਮ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਅਤੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਨਿਰਣਾਇਕ ਸਾਬਤ ਹੋਵੇਗਾ।
ਮਾਲਵਾ ਖੇਤਰ ਦੀ ਜੀਵਨ ਰੇਖਾ ਵਜੋਂ ਜਾਣੀ ਜਾਂਦੀ ਇਹ ਨਹਿਰ ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਲਈ ਵਰਦਾਨ ਬਣੇਗੀ। ਇਸ ਪ੍ਰੋਜੈਕਟ ਨਾਲ ਸਿੰਚਾਈ ਸਮਰੱਥਾ ਵਧੇਗੀ ਅਤੇ ਖੇਤਾਂ ਤੱਕ ਨਹਿਰੀ ਪਾਣੀ ਹੋਰ ਵਧੀਆਂ ਮਾਤਰਾ ਵਿੱਚ ਪਹੁੰਚੇਗਾ। 180 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪਹਿਲੇ ਪੜਾਅ ਨਾਲ ਨਹਿਰ ਦੀ ਸਮਰੱਥਾ 11,192 ਕਿਊਸਿਕ ਤੋਂ ਵਧ ਕੇ 13,873 ਕਿਊਸਿਕ ਹੋ ਗਈ ਹੈ, ਯਾਨੀ 2,681 ਕਿਊਸਿਕ ਦਾ ਵਾਧਾ ਹੋਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ 74 ਸਾਲਾਂ ਵਿੱਚ ਨਹਿਰ ਦੀ ਸਮਰੱਥਾ ਵਧਾਉਣ ਜਾਂ ਕੰਕਰੀਟ ਲਾਈਨਿੰਗ ਲਈ ਕੋਈ ਕੰਮ ਨਹੀਂ ਕੀਤਾ, ਪਰ ‘ਆਪ’ ਸਰਕਾਰ ਨੇ ਜ਼ਮੀਨੀ ਪੱਧਰ ‘ਤੇ ਵੱਡੇ ਸੁਧਾਰ ਕੀਤੇ ਹਨ। ਸੱਤਾ ਸੰਭਾਲਣ ਸਮੇਂ ਖੇਤਾਂ ਤੱਕ ਸਿਰਫ 21% ਨਹਿਰੀ ਪਾਣੀ ਪਹੁੰਚਦਾ ਸੀ, ਜੋ ਹੁਣ 68% ਤੱਕ ਪਹੁੰਚ ਗਿਆ ਹੈ ਅਤੇ ਆਉਣ ਵਾਲੇ ਝੋਨੇ ਸੀਜ਼ਨ ਤੱਕ 85% ਤੱਕ ਵਧਾਇਆ ਜਾਵੇਗਾ।
ਉਨ੍ਹਾਂ ਨੇ ਜ਼ੋਰ ਦਿੱਤਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਅਤੇ ਪੰਜਾਬ ਦੇ ਹਿੱਤ ਸਭ ਤੋਂ ਉੱਪਰ ਹਨ। ਕਿਸੇ ਹੋਰ ਸੂਬੇ ਨੂੰ ਇੱਕ ਬੂੰਦ ਵੀ ਪਾਣੀ ਨਹੀਂ ਦਿੱਤਾ ਜਾਵੇਗਾ। ਕਾਂਗਰਸ ਅਤੇ ਅਕਾਲੀ ਦਲ ਨੇ ਪਾਣੀ ਦੇਣ ਵਾਲੇ ਸਮਝੌਤੇ ਕਰਕੇ ਪੰਜਾਬ ਨਾਲ ਧੋਖਾ ਕੀਤਾ। ਅਕਾਲੀ ਦਲ ‘ਤੇ ਤੰਜ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਆਪਣੀ ਕਮੇਟੀ ਲਈ 11 ਮੈਂਬਰ ਨਹੀਂ ਮਿਲ ਰਹੇ, ਉਹ 117 ਸੀਟਾਂ ਜਿੱਤਣ ਦੇ ਸੁਪਨੇ ਵੇਖ ਰਹੇ ਹਨ।
watch….ਕਿਸਾਨਾਂ ਨੇ ਮੁੱਖ ਮੰਤਰੀ ਮਾਨ ਨੂੰ ਹਲ ਭੇਟ ਕੀਤਾ, ਟੇਲ ਐਂਡ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਸਨਮਾਨ
ਉਨ੍ਹਾਂ ਦੱਸਿਆ ਕਿ 35 ਦਿਨਾਂ ਵਿੱਚ 15 ਕਿਲੋਮੀਟਰ ਲਾਈਨਿੰਗ ਜੰਗੀ ਪੱਧਰ ‘ਤੇ ਪੂਰੀ ਕੀਤੀ ਗਈ, ਜਿਸ ਵਿੱਚ 126 ਅਧਿਕਾਰੀ ਅਤੇ 4,000 ਕਾਮੇ ਲੱਗੇ ਸਨ। ਨਹਿਰ ਦੀ ਡੂੰਘਾਈ 18 ਫੁੱਟ ਤੋਂ 21 ਫੁੱਟ ਅਤੇ ਚੌੜਾਈ 163 ਫੁੱਟ ਤੋਂ 180 ਫੁੱਟ ਹੋ ਗਈ ਹੈ। ਇਸ ਨਾਲ 6,45,200 ਹੈਕਟੇਅਰ ਰਕਬੇ ਨੂੰ ਸਿੰਚਾਈ ਮਿਲੇਗੀ ਅਤੇ ਸਰਹੱਦੀ ਖੇਤਰਾਂ ਵਿੱਚ ਸਾਫ਼ ਪਾਣੀ ਪਹੁੰਚੇਗਾ।
ਮੁੱਖ ਮੰਤਰੀ ਨੇ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੇ ਨਿੱਜੀ ਹਿੱਤਾਂ ਲਈ ਪੰਜਾਬ ਨੂੰ ਨੁਕਸਾਨ ਪਹੁੰਚਾਇਆ। ‘ਆਪ’ ਸਰਕਾਰ ਨੇ ਨਹਿਰੀ ਵਿਵਸਥਾ ਲਈ 6,500 ਕਰੋੜ ਖਰਚ ਕੀਤੇ ਅਤੇ 1,365 ਪਿੰਡਾਂ ਨੂੰ ਪਹਿਲੀ ਵਾਰ ਨਹਿਰੀ ਪਾਣੀ ਦਿੱਤਾ। 6,900 ਕਿਲੋਮੀਟਰ ਖਾਲਾਂ ਬਹਾਲ ਕੀਤੀਆਂ ਗਈਆਂ ਹਨ।
ਉਨ੍ਹਾਂ ਨੇ ਸਿਹਤ, ਬਿਜਲੀ, ਨੌਕਰੀਆਂ, ਨਸ਼ਾ ਮੁਕਤੀ ਅਤੇ ਹੋਰ ਖੇਤਰਾਂ ਵਿੱਚ ਸਰਕਾਰ ਦੇ ਕੰਮਾਂ ਦਾ ਵੀ ਜ਼ਿਕਰ ਕੀਤਾ, ਜਿਵੇਂ ਮੁਫਤ ਬਿਜਲੀ, ਆਮ ਆਦਮੀ ਕਲੀਨਿਕ ਅਤੇ ਮੁੱਖ ਮੰਤਰੀ ਸਿਹਤ ਯੋਜਨਾ। ਇਸ ਮੌਕੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ, ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਮੌਜੂਦ ਸਨ।
ਇਹ ਪ੍ਰੋਜੈਕਟ ਮਾਲਵਾ ਦੇ ਕਿਸਾਨਾਂ ਲਈ ਆਰਥਿਕ ਖੁਸ਼ਹਾਲੀ ਅਤੇ ਪਾਣੀ ਸੁਰੱਖਿਆ ਦੀ ਨਵੀਂ ਸ਼ੁਰੂਆਤ ਹੈ।


