ਚੰਡੀਗੜ੍ਹ, 17 ਮਾਰਚ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ “ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਅਧੀਨ ਲਗਾਏ ਗਏ ਸੂਬਾ ਪੱਧਰੀ ਸਿਹਤ ਚੈਕ-ਅੱਪ ਕੈਂਪਾਂ ਵਿੱਚ ਲਗਭਗ 37 ਹਜ਼ਾਰ ਬਜ਼ੁਰਗ ਨਾਗਰਿਕਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਇਹ ਜਾਣਕਾਰੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਜ਼ੁਰਗਾਂ ਨੂੰ ਆਪਣਾ ਅਨਮੋਲ ਖ਼ਜ਼ਾਨਾ ਮੰਨਦੀ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਤੇ ਸਨਮਾਨ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ।
ਡਾ. ਬਲਜੀਤ ਕੌਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਬਜ਼ੁਰਗ ਸਾਡੇ ਪਰਿਵਾਰਾਂ ਅਤੇ ਸਮਾਜ ਦੀ ਮਜ਼ਬੂਤ ਨੀਂਹ ਹਨ, ਜਿਨ੍ਹਾਂ ਦੇ ਤਜਰਬੇ ਅੱਗੇ ਦੀਆਂ ਪੀੜ੍ਹੀਆਂ ਲਈ ਰੌਸ਼ਨੀ ਦਾ ਕਾਰਜ ਕਰਦੇ ਹਨ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਇੱਜ਼ਤ, ਦੇਖਭਾਲ ਤੇ ਪਿਆਰ ਨਾਲ ਜੀਣ ਦਾ ਮਾਹੌਲ ਦੇਣਾ ਸਰਕਾਰ ਤੇ ਸਮਾਜ ਦੋਵਾਂ ਦੀ ਨੈਤਿਕ ਜ਼ਿੰਮੇਵਾਰੀ ਹੈ। “ਇਹਨਾਂ ਪਹਿਲਕਦਮੀਆਂ ਰਾਹੀਂ ਅਸੀਂ ਬਜ਼ੁਰਗਾਂ ਦੇ ਨਾਲ ਹਰ ਕਦਮ ’ਤੇ ਖੜ੍ਹੇ ਰਹਿਣ ਦਾ ਵਾਅਦਾ ਮੁੜ ਦੁਹਰਾਉਂਦੇ ਹਾਂ,” ਉਨ੍ਹਾਂ ਨੇ ਕਿਹਾ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਸਿਹਤ ਕੈਂਪਾਂ ਵਿੱਚ ਅੱਖਾਂ ਦੀ ਜਾਂਚ, ਕੈਂਸਰ ਸਕਰੀਨਿੰਗ, ਐਨ.ਸੀ.ਡੀ. ਸਕਰੀਨਿੰਗ, ਆਰਥੋਪੈਡਿਕ ਜਾਂਚ, ਈ.ਐਨ.ਟੀ. ਚੈਕ-ਅੱਪ, ਫਿਜ਼ੀਓਥਰੈਪੀ ਅਤੇ ਮਾਹਿਰਾਂ ਵੱਲੋਂ ਮਨੋਵਿਗਿਆਨਕ ਮੁਲਾਂਕਣ ਵਰਗੀਆਂ ਮੁਫ਼ਤ ਸੇਵਾਵਾਂ ਦਿੱਤੀਆਂ ਗਈਆਂ।
watch….ਆਪ ਸਰਕਾਰ ਦੇ 4 ਸਾਲ: ਗਾਰੰਟੀਆਂ ਪੂਰੀਆਂ, ਨਸ਼ੇ ਮੁਕਤ ਪੰਜਾਬ ਨੇੜੇ
ਕੈਬਨਿਟ ਮੰਤਰੀ ਨੇ ਦੱਸਿਆ ਕਿ ਮੋਤੀਆਬਿੰਦ ਸਰਜਰੀ ਲਈ 1756 ਰਜਿਸਟ੍ਰੇਸ਼ਨਾਂ ਹੋਈਆਂ, ਜਿਨ੍ਹਾਂ ਵਿੱਚੋਂ 539 ਸਰਜਰੀਆਂ ਸਫਲਤਾਪੂਰਵਕ ਪੂਰੀਆਂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ 1274 ਕੈਂਸਰ ਸਕਰੀਨਿੰਗ, 4863 ਆਰਥੋਪੈਡਿਕ ਚੈਕ-ਅੱਪ, 6339 ਐਨ.ਸੀ.ਡੀ. ਸਕਰੀਨਿੰਗ, 9015 ਅੱਖਾਂ ਦੀ ਜਾਂਚ, 2593 ਈ.ਐਨ.ਟੀ. ਚੈਕ-ਅੱਪ ਅਤੇ 1621 ਫਿਜ਼ੀਓਥਰੈਪੀ ਸੇਸ਼ਨ ਮੁਹੱਈਆ ਕਰਵਾਏ ਗਏ।
ਉਨ੍ਹਾਂ ਕਿਹਾ ਕਿ ALIMCO ਰਾਹੀਂ 418 ਲਾਭਪਾਤਰੀਆਂ ਦੀ ਪਛਾਣ ਕਰਕੇ ਸਹਾਇਕ ਉਪਕਰਣ ਵੰਡੇ ਗਏ ਅਤੇ 3014 ਵਿਜ਼ਨ ਗਲਾਸਜ਼ ਵੀ ਵੰਡੇ ਗਏ ਹਨ।
ਡਾ. ਬਲਜੀਤ ਕੌਰ ਨੇ ਦੁਹਰਾਇਆ ਕਿ ਵਿਭਾਗ ਬਜ਼ੁਰਗ ਨਾਗਰਿਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਅੱਗੇ ਵੀ ਇਹਨਾਂ ਤਰ੍ਹਾਂ ਦੀਆਂ ਪਹਿਲਕਦਮੀਆਂ ਜਾਰੀ ਰਹਿਣਗੀਆਂ।




