Onnline TV

ਪੰਜਾਬ ਪੰਜਾਬੀ

57.80 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਐਲਾਨ, ਅਟਾਰੀ ਦੀਆਂ 121 ਸੜਕਾਂ ਬਣਨਗੀਆਂ ਸ਼ਾਨਦਾਰ

ਅਟਾਰੀ (ਅੰਮ੍ਰਿਤਸਰ), 17 ਅਪ੍ਰੈਲ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਟਾਰੀ ਵਿਧਾਨ ਸਭਾ ਹਲਕੇ ਵਿੱਚ ਵੱਡਾ ਵਿਕਾਸ ਐਲਾਨ ਕੀਤਾ ਹੈ। ਉਨ੍ਹਾਂ 137 ਕਿਲੋਮੀਟਰ ਲੰਬਾਈ ਵਾਲੀਆਂ 121 ਸੜਕਾਂ ਦੇ ਨਵੀਨੀਕਰਨ ਲਈ 57.80 ਕਰੋੜ ਰੁਪਏ ਖਰਚ ਕਰਨ ਦਾ ਐਲਾਨ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਸਰਹੱਦ ਨਾਲ ਲਗਦਾ ਹੋਣ ਦੇ ਬਾਵਜੂਦ ਪਿਛਲੀਆਂ ਅਕਾਲੀ-ਕਾਂਗਰਸ ਸਰਕਾਰਾਂ ਨੇ ਅਟਾਰੀ ਹਲਕੇ ਨੂੰ ਪਛੜਿਆ ਰੱਖਿਆ ਸੀ। ਹੁਣ ਇਸ ਹਲਕੇ ਵਿੱਚ ਵੱਡੇ ਪੱਧਰ ਤੇ ਵਿਕਾਸ ਕੰਮ ਸ਼ੁਰੂ ਕੀਤੇ ਜਾ ਰਹੇ ਹਨ।

ਵਿਕਾਸ ਐਲਾਨਾਂ ਦੀਆਂ ਮੁੱਖ ਗੱਲਾਂ:

  • ਅਟਾਰੀ ਹਲਕੇ ਵਿੱਚ ਸੜਕਾਂ ਦੇ ਨਵੀਨੀਕਰਨ ਲਈ ਲੋਕ ਨਿਰਮਾਣ ਵਿਭਾਗ ਵੱਲੋਂ 42.56 ਕਰੋੜ ਰੁਪਏ
  • ਮੰਡੀ ਬੋਰਡ ਵੱਲੋਂ 34.97 ਕਰੋੜ ਰੁਪਏ
  • ਗ੍ਰੇਟਰ ਕੈਲਾਸ਼ ਕਲੋਨੀ ਨੇੜੇ ਹੰਸਾਲੀ ਨਾਲੇ, ਸਰਪੰਚ ਟੋਕਾ ਫੈਕਟਰੀ ਨੇੜੇ ਕਸੂਰ ਨਾਲੇ ਅਤੇ ਕੋਟਲਾ ਮੂਸਾ ਨਾਲੇ ਉੱਤੇ ਨਵੀਆਂ ਪੁਲ ਬਣਾਏ ਜਾਣਗੇ
  • ਬਟਾਲਾ ਵਿੱਚ ਨਵੀਂ ਪੁਲਿਸ ਲਾਈਨ ਬਣਾਉਣ ਲਈ 14.81 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ

ਮੁੱਖ ਮੰਤਰੀ ਮਾਨ ਨੇ ਕਿਹਾ ਕਿ 2022 ਵਿੱਚ ਲੋਕਾਂ ਨੇ ਤਿੰਨ ਪੀੜ੍ਹੀਆਂ ਤੋਂ ਚੱਲ ਰਹੀ ਅਕਾਲੀ-ਕਾਂਗਰਸ ਦੀ ਲੁੱਟ ਦਾ ਅੰਤ ਕੀਤਾ ਸੀ ਅਤੇ 2027 ਵਿੱਚ ਵੀ ਇਨ੍ਹਾਂ ਰਵਾਇਤੀ ਪਾਰਟੀਆਂ ਨੂੰ ਮੌਕਾ ਨਹੀਂ ਦਿੱਤਾ ਜਾਵੇਗਾ।

watch…..ਆਪ ਸਰਕਾਰ ਦੇ 4 ਸਾਲ: ਗਾਰੰਟੀਆਂ ਪੂਰੀਆਂ, ਨਸ਼ੇ ਮੁਕਤ ਪੰਜਾਬ ਨੇੜੇ

ਉਨ੍ਹਾਂ ਅਕਾਲੀਆਂ ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਨੇ ਜਾਣਬੁੱਝ ਕੇ ਬੇਅਦਬੀ ਵਿਰੋਧੀ ਕਾਨੂੰਨ ਕਮਜ਼ੋਰ ਬਣਾਏ ਸਨ ਤਾਂ ਜੋ ਉਨ੍ਹਾਂ ਨੂੰ ਆਪਣੇ ਅਪਰਾਧਾਂ ਦੀ ਸਜ਼ਾ ਨਾ ਮਿਲੇ। ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰ ਨੇ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ-2026 ਪਾਸ ਕੀਤਾ ਹੈ, ਜਿਸ ਵਿੱਚ ਬੇਅਦਬੀ ਲਈ ਉਮਰ ਕੈਦ ਤੱਕ ਦੀ ਸਖ਼ਤ ਸਜ਼ਾ ਦੀ ਵਿਵਸਥਾ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਲੋਕਾਂ ਨਾਲ ਮਿਲ ਕੇ ਪੰਜਾਬ ਦੇ ਮੱਥੇ ਤੋਂ ਨਸ਼ਿਆਂ ਦਾ ਕਲੰਕ ਹਮੇਸ਼ਾ ਲਈ ਮਿਟਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਤਿਲਾਂ ਦੇ ਨਾਲ ਜਾਮ ਟਕਰਾਉਣ ਵਾਲੇ ਹੀ ਪੰਜਾਬ ਵਿੱਚ ਨਸ਼ੇ ਵੇਚ ਰਹੇ ਸਨ ਅਤੇ ਇਹ ਲੋਕ ਪੰਜਾਬ ਪ੍ਰਤੀ ਵਫਾਦਾਰ ਨਹੀਂ ਹੋ ਸਕਦੇ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਹੋਰ ਆਗੂ ਵੀ ਹਾਜ਼ਰ ਸਨ।

LEAVE A RESPONSE

Your email address will not be published. Required fields are marked *