Homeਪੰਜਾਬੀਪੰਜਾਬਦਸਤਾਵੇਜ਼ੀ ਫਿਲਮ ‘ਇੱਕ ਸਫ਼ਰ ਇੱਕ ਦਾਸਤਾਨ’ ਨੇ ਤਾਜ਼ਾ ਕੀਤੀਆਂ ਬਲਰਾਜ ਸਾਹਨੀ ਦੀਆਂ...

ਦਸਤਾਵੇਜ਼ੀ ਫਿਲਮ ‘ਇੱਕ ਸਫ਼ਰ ਇੱਕ ਦਾਸਤਾਨ’ ਨੇ ਤਾਜ਼ਾ ਕੀਤੀਆਂ ਬਲਰਾਜ ਸਾਹਨੀ ਦੀਆਂ ਯਾਦਾਂ

- Advertisement -spot_img

ਭਾਸ਼ਾ ਵਿਭਾਗ ਪੰਜਾਬ ਵੱਲੋਂ ਮਹਾਨ ਪੰਜਾਬੀ ਸਪੂਤ ਬਲਰਾਜ ਸਾਹਨੀ ਨੂੰ ਭਾਵਭਿੰਨੀ ਸ਼ਰਧਾਂਜਲੀ

ਪਟਿਆਲਾ, 16 ਮਈ
ਭਾਸ਼ਾ ਵਿਭਾਗ ਪੰਜਾਬ ਵੱਲੋਂ ਆਪਣੇ ਮੁੱਖ ਦਫ਼ਤਰ ਵਿਖੇ ਮਹਾਨ ਪੰਜਾਬੀ ਅਦਾਕਾਰ, ਸਾਹਿਤਕਾਰ ਅਤੇ ਚਿੰਤਕ ਸ੍ਰੀ ਬਲਰਾਜ ਸਾਹਨੀ ਦੀ ਯਾਦ ਵਿੱਚ ਇਕ ਭਾਵਪੂਰਤ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡੀਨ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਬਲਰਾਜ ਸਾਹਨੀ ਦੀ ਪੰਜਾਬੀ ਸਾਹਿਤ ਅਤੇ ਕਲਾ ਖੇਤਰ ਵਿੱਚ ਦਿੱਤੀ ਵਿਸ਼ੇਸ਼ ਦੇਣ ਬਾਰੇ ਵਿਸਥਾਰ ਨਾਲ ਚਰਚਾ ਕੀਤੀ, ਜਦਕਿ ਉੱਘੇ ਫਿਲਮਸਾਜ਼ ਡਾ. ਹਰਜੀਤ ਸਿੰਘ ਵੱਲੋਂ ਤਿਆਰ ਕੀਤੀ ਦਸਤਾਵੇਜ਼ੀ ਫਿਲਮ ‘ਇੱਕ ਸਫ਼ਰ ਇੱਕ ਦਾਸਤਾਨ’ ਦੀ ਪੇਸ਼ਕਾਰੀ ਨੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ।

ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਲਰਾਜ ਸਾਹਨੀ ਸਿਰਫ਼ ਇਕ ਮਹਾਨ ਅਦਾਕਾਰ ਹੀ ਨਹੀਂ ਸਗੋਂ ਮਨੁੱਖਤਾ, ਭਾਈਚਾਰਕ ਸਾਂਝ ਅਤੇ ਸਮਾਜਿਕ ਨਿਆਂ ਦੇ ਮਜ਼ਬੂਤ ਹਮਾਇਤੀ ਵੀ ਸਨ। ਉਨ੍ਹਾਂ ਕਿਹਾ ਕਿ ਸਾਹਨੀ ਨੇ ਆਪਣੀਆਂ ਫਿਲਮਾਂ ਅਤੇ ਸਾਹਿਤਕ ਰਚਨਾਵਾਂ ਰਾਹੀਂ ਹਮੇਸ਼ਾ ਆਮ ਲੋਕਾਂ ਦੀ ਜ਼ਿੰਦਗੀ, ਸੰਘਰਸ਼ਾਂ ਅਤੇ ਚੰਗਿਆਈਆਂ ਨੂੰ ਕੇਂਦਰ ਵਿੱਚ ਰੱਖਿਆ। ਅਜਿਹੀਆਂ ਸ਼ਖ਼ਸੀਅਤਾਂ ਦੀ ਯਾਦ ਸਾਡੇ ਲਈ ਪ੍ਰੇਰਨਾ ਦਾ ਸਰੋਤ ਹੈ।

ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਜਿੱਥੇ ਅੱਜ ਕਲਾ ਦਾ ਵਪਾਰੀਕਰਨ ਹੋ ਚੁੱਕਾ ਹੈ, ਉੱਥੇ ਬਲਰਾਜ ਸਾਹਨੀ ਨੇ “ਕਲਾ ਸਮਾਜ ਲਈ” ਦੇ ਸਿਧਾਂਤ ਨੂੰ ਜਿਉਂਦਾ ਰੱਖਿਆ। ਉਨ੍ਹਾਂ ਦੱਸਿਆ ਕਿ ਸਾਹਨੀ ਨੇ ਆਪਣੀ ਸਾਹਿਤਕ ਯਾਤਰਾ ਕਵਿਤਾ ਨਾਲ ਸ਼ੁਰੂ ਕੀਤੀ ਅਤੇ ਬਾਅਦ ਵਿੱਚ ਨਾਟਕ, ਵਾਰਤਕ ਅਤੇ ਸਫ਼ਰਨਾਮਿਆਂ ਰਾਹੀਂ ਵਿਲੱਖਣ ਪਹਿਚਾਣ ਬਣਾਈ। ਰਵਿੰਦਰ ਨਾਥ ਟੈਗੋਰ ਦੀ ਪ੍ਰੇਰਣਾ ਨਾਲ ਉਨ੍ਹਾਂ ਨੇ ਅੰਗਰੇਜ਼ੀ ਦੀ ਬਜਾਏ ਆਪਣੀ ਮਾਂ-ਬੋਲੀ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਸਮਾਜਵਾਦੀ ਸੋਚ ਅਤੇ ਠੇਠ ਪੰਜਾਬੀ ਬੋਲਚਾਲ ਦੀ ਖੁਸ਼ਬੂ ਸਾਫ਼ ਮਹਿਸੂਸ ਹੁੰਦੀ ਹੈ।

ਦਸਤਾਵੇਜ਼ੀ ਫਿਲਮ ਦੇ ਨਿਰਮਾਤਾ-ਨਿਰਦੇਸ਼ਕ ਡਾ. ਹਰਜੀਤ ਸਿੰਘ ਨੇ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਬਲਰਾਜ ਸਾਹਨੀ ਨੂੰ ਯਾਦ ਕਰਨ ਦੀ ਪਹਿਲ ਨੇ ਉਨ੍ਹਾਂ ਨੂੰ ਇਹ ਫਿਲਮ ਬਣਾਉਣ ਲਈ ਪ੍ਰੇਰਿਤ ਕੀਤਾ। ਫਿਲਮ ਵਿੱਚ ਸਾਹਨੀ ਦੇ ਪੰਜਾਬ ਨਾਲ ਪਿਆਰ, ਪ੍ਰੀਤ ਨਗਰ, ਅੰਮ੍ਰਿਤਸਰ ਅਤੇ ਢੁੱਡੀਕੇ ਨਾਲ ਜੁੜੀਆਂ ਯਾਦਾਂ ਅਤੇ ਉਨ੍ਹਾਂ ਦੇ ਵੱਖ-ਵੱਖ ਸਾਹਿਤਕ ਤੇ ਸੱਭਿਆਚਾਰਕ ਰਿਸ਼ਤਿਆਂ ਨੂੰ ਬਹੁਤ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ ਹੈ।

ਫਿਲਮ ਵਿੱਚ ਨਵਸ਼ਰਨ ਕੌਰ, ਸਰਬਜੀਤ ਸਿੰਘ, ਕੁਲਬੀਰ ਸੂਰੀ, ਹਿਰਦੇਪਾਲ ਸਿੰਘ ਅਤੇ ਮੁਖਤਾਰ ਗਿੱਲ ਸਮੇਤ ਕਈ ਹਸਤੀਆਂ ਨੇ ਬਲਰਾਜ ਸਾਹਨੀ ਨਾਲ ਆਪਣੇ ਪਰਿਵਾਰਕ ਅਤੇ ਸਾਹਿਤਕ ਸਬੰਧਾਂ ਬਾਰੇ ਵਿਚਾਰ ਸਾਂਝੇ ਕੀਤੇ। ਅਦਾਕਾਰਾ ਜਤਿੰਦਰ ਕੌਰ, ਨਾਟਕਕਾਰ ਕੇਵਲ ਧਾਲੀਵਾਲ, ਦੇਵਿੰਦਰ ਦਮਨ ਅਤੇ ਫਿਲਮਸਾਜ਼ ਰਾਜੀਵ ਸ਼ਰਮਾ ਨੇ ਵੀ ਸਾਹਨੀ ਦੀ ਫਿਲਮ ਕਲਾ ਅਤੇ ਜੀਵਨ ਦਰਸ਼ਨ ’ਤੇ ਚਾਨਣਾ ਪਾਇਆ।

ਇਸ ਮੌਕੇ ਉੱਘੇ ਪੱਤਰਕਾਰ ਦੇਵਿੰਦਰਪਾਲ ਅਤੇ ਫਿਲਮੀ ਇਤਿਹਾਸਕਾਰ ਭੀਮ ਰਾਜ ਗਰਗ ਨੇ ਵੀ ਬਲਰਾਜ ਸਾਹਨੀ ਨੂੰ ਭਾਵੁਕ ਅੰਦਾਜ਼ ਵਿੱਚ ਯਾਦ ਕੀਤਾ। ਸਮਾਗਮ ਦੌਰਾਨ ਮਹਿਮਾਨਾਂ ਨੂੰ ਵਿਭਾਗ ਵੱਲੋਂ ਸ਼ਾਲਾਂ ਅਤੇ ਪੁਸਤਕਾਂ ਦੇ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ।

ਇਸ ਸਮਾਗਮ ਵਿੱਚ ਪਦਮਸ੍ਰੀ ਪ੍ਰਾਣ ਸੱਭਰਵਾਲ, ਪ੍ਰਿੰ. ਪਰਮਜੀਤ ਸਿੰਘ ਗਰੇਵਾਲ, ਪ੍ਰਿੰ. ਵਰਿੰਦਰ ਕੌਰ, ਅਦਾਕਾਰ ਹਰਜੀਤ ਕੈਂਥ, ਰਾਜੇਸ਼ ਸ਼ਰਮਾ, ਕਵਿਤਾ ਸ਼ਰਮਾ, ਗੋਪਾਲ ਸ਼ਰਮਾ, ਡਾ. ਗੁਰਸੇਵਕ ਲੰਬੀ, ਡਾ. ਕੁਲਦੀਪ ਦੀਪ, ਸੰਤ ਸਿੰਘ ਸੋਹਲ, ਸੁਰਿੰਦਰ ਕੌਰ ਬਾੜਾ, ਕੁਲਵੰਤ ਸਿੰਘ ਨਾਰੀਕੇ, ਸਹਾਇਕ ਨਿਰਦੇਸ਼ਕਾ ਜਸਪ੍ਰੀਤ ਕੌਰ ਅਤੇ ਹੋਰ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਮੌਜੂਦ ਸਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here