Onnline TV

ਪੰਜਾਬ ਪੰਜਾਬੀ

ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਪਟਿਆਲੇ ਨੂੰ ਮਿਲਿਆ ਨਵਾਂ ਬਟਰਫਲਾਈ ਤੇ ਹਰਬਲ ਪਾਰਕ

ਪਟਿਆਲਾ, 17 ਮਈ

ਸ਼ਹਿਰ ਦੀਆਂ ਸੜਕਾਂ ਦੇ ਕਿਨਾਰਿਆਂ ਤੋਂ ਆਪਣੀਆਂ 74 ਸਫ਼ਾਈ ਮੁਹਿੰਮਾਂ ਰਾਹੀਂ ਕਰੀਬ 30 ਹਜ਼ਾਰ ਕਿਲੋ ਪਲਾਸਟਿਕ ਦੇ ਲਿਫ਼ਾਫੇ ਅਤੇ ਹੋਰ ਕੂੜਾ ਇਕੱਠਾ ਕਰਨ ਵਾਲੀ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਟੀਮ ਨੇ ਵਾਤਾਵਰਣ ਪਾਰਕ, ਜੇਲ੍ਹ ਰੋਡ ਨੇੜੇ ਮੰਦਰ ਕੋਲ ਪਏ ਕੂੜੇ ਦੇ ਢੇਰ ਅਤੇ ਝਾੜੀਆਂ ਨਾਲ ਭਰੇ ਇਲਾਕੇ ਨੂੰ ਇੱਕ ਖੂਬਸੂਰਤ ਬਟਰਫਲਾਈ ਅਤੇ ਹਰਬਲ ਪਾਰਕ ਵਿੱਚ ਬਦਲ ਕੇ ਸ਼ਹਿਰ ਲਈ ਇੱਕ ਨਵੀਂ ਮਿਸਾਲ ਪੇਸ਼ ਕੀਤੀ ਹੈ।

ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਅੱਜ ਇਸ ਬਟਰਫਲਾਈ ਅਤੇ ਹਰਬਲ ਪਾਰਕ ਦਾ ਉਦਘਾਟਨ ਕਰਦਿਆਂ ਇੱਥੇ ਬਣਾਏ ਗਏ ਓਪਨ ਜਿਮ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਮੁਹਿੰਮ ਨਾਲ ਜੁੜ ਕੇ ਪਟਿਆਲਾ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।

ਮੇਅਰ ਗੋਗੀਆ ਨੇ ਟੀਮ ਦੇ ਵਲੰਟੀਅਰਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ, ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪਟਿਆਲਾ ਨੂੰ ਸੁੰਦਰ ਅਤੇ ਪ੍ਰਦੂਸ਼ਣ-ਮੁਕਤ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ।

ਇਸ ਮੌਕੇ ਐਚ.ਪੀ.ਐਸ. ਲਾਂਬਾ ਨੇ ਕਿਹਾ ਕਿ ਜੋ ਸਥਾਨ ਇੱਕ ਸਮੇਂ ਨਸ਼ੇੜੀਆਂ ਦਾ ਅੱਡਾ ਬਣ ਗਿਆ ਸੀ, ਉਸੇ ਥਾਂ ‘ਤੇ ਵਿਕਸਤ ਕੀਤਾ ਗਿਆ ਇਹ ਬਟਰਫਲਾਈ ਅਤੇ ਹਰਬਲ ਪਾਰਕ ਆਉਂਦੇ ਛੇ ਮਹੀਨਿਆਂ ਵਿੱਚ ਸ਼ਹਿਰ ਦੇ ਸਭ ਤੋਂ ਖੂਬਸੂਰਤ ਅਤੇ ਆਕਰਸ਼ਕ ਸਥਾਨਾਂ ਵਿੱਚ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ ਕਿ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਮੁਹਿੰਮ ਨੇ ਸਿਰਫ਼ ਇੱਕ ਪਾਰਕ ਨਹੀਂ ਬਣਾਇਆ, ਸਗੋਂ ਪਟਿਆਲਾ ਵਿੱਚ ਲੋਕ ਭਾਗੀਦਾਰੀ ਨਾਲ ਸਫ਼ਾਈ ਅਤੇ ਸੁੰਦਰੀਕਰਨ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸ਼ਹਿਰ ਵਿੱਚ ਸਫ਼ਾਈ ਅਤੇ ਵਾਤਾਵਰਣ ਸੰਭਾਲ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਨਾਗਰਿਕ ਭਾਗੀਦਾਰੀ ਨੂੰ ਵੀ ਹੋਰ ਮਜ਼ਬੂਤ ਕਰੇਗੀ।

ਕਰਨਲ ਕਰਮਿੰਦਰ ਸਿੰਘ ਨੇ ਬਟਰਫਲਾਈ ਅਤੇ ਹਰਬਲ ਪਾਰਕ ਦੇ ਉਦਘਾਟਨ ਮੌਕੇ ਸਾਰੇ ਵਾਰੀਅਰਜ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਸੁੰਦਰ ਤਬਦੀਲੀ ਦੇ ਪਿੱਛੇ ਅਣਗਿਣਤ ਘੰਟਿਆਂ ਦੀ ਸਫ਼ਾਈ, ਪੇਂਟਿੰਗ, ਸਕ੍ਰੈਪਿੰਗ, ਯੋਜਨਾਬੰਦੀ, ਸੁੰਦਰੀਕਰਨ ਅਤੇ ਟੀਮ ਦੀ ਅਣਥੱਕ ਮਿਹਨਤ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ, ਭਾਵੇਂ ਉਹ ਪਰਦੇ ਪਿੱਛੇ ਕੰਮ ਕਰ ਰਿਹਾ ਹੋਵੇ ਜਾਂ ਮੌਕੇ ‘ਤੇ, ਇਸ ਮੁਹਿੰਮ ਦੀ ਸਫਲਤਾ ਵਿੱਚ ਬਰਾਬਰ ਦਾ ਸਾਥੀ ਹੈ।

watch…..ਆਪ ਸਰਕਾਰ ਦੇ 4 ਸਾਲ: ਗਾਰੰਟੀਆਂ ਪੂਰੀਆਂ, ਨਸ਼ੇ ਮੁਕਤ ਪੰਜਾਬ ਨੇੜੇ

ਇਸ ਦੌਰਾਨ ਨਗਰ ਨਿਗਮ ਦੇ ਸੈਨੇਟਰੀ ਇੰਚਾਰਜ ਹਰਵਿੰਦਰ ਸਿੰਘ, ਜਗਤਾਰ ਸਿੰਘ, ਰਿਸ਼ਭ, ਮੋਹਿਤ, ਇੰਦਰਜੀਤ ਸਿੰਘ, ਰਜੇਸ਼ ਮੱਟੂ, ਜੰਗਲਾਤ ਵਿਭਾਗ ਦੇ ਬੀਟ ਇੰਚਾਰਜ ਬਿੱਟੂ ਸਿੰਘ ਗਿੱਲ, ਰਮਨਪ੍ਰੀਤ ਸਿੰਘ, ਆਰਟ ਟੀਚਰ ਨਗਿੰਦਰ ਸਿੰਘ ਅਤੇ ਹੋਰਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਕੈਪਟਨ ਸੁਖਜੀਤ ਕੌਰ ਨੇ ਕਿਹਾ ਕਿ ਸ਼ਹਿਰ ਵਿੱਚ ਸਫ਼ਾਈ ਸੰਬੰਧੀ ਅਜੇ ਵੀ ਕਈ ਚੁਣੌਤੀਆਂ ਮੌਜੂਦ ਹਨ। ਖ਼ਾਸ ਕਰਕੇ ਘਰਾਂ ਤੋਂ ਨਿਕਲਣ ਵਾਲੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਕੇ ਦੇਣ ਦੀ ਬਜਾਏ ਖਾਲੀ ਪਲਾਟਾਂ ਅਤੇ ਸੜਕਾਂ ਕਿਨਾਰੇ ਸੁੱਟਣ ਦੀ ਆਦਤ ਨੂੰ ਰੋਕਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।

ਇਸ ਮੌਕੇ ਐਨ.ਆਈ.ਐਸ. ਦੇ ਐਸ.ਈ.ਡੀ. ਵਿਨੀਤ ਕੁਮਾਰ, ਪ੍ਰੋ. ਅਸ਼ੋਕ ਵਰਮਾ, ਰਕੇਸ਼ ਕੱਦ, ਪ੍ਰਵੇਸ਼ ਮੰਗਲਾ, ਰਜੀਵ ਚੋਪੜਾ, ਨਵਰੀਤ ਸੰਧੂ, ਗੁਰਪ੍ਰੀਤ ਦੁਲਟ, ਸਿਮਰਨ ਹਰੀਕਾ ਅਤੇ ਸੀ.ਐਮ. ਕੌੜਾ ਸਮੇਤ ਹੋਰ ਵਲੰਟੀਅਰ ਵੀ ਹਾਜ਼ਰ ਸਨ।

LEAVE A RESPONSE

Your email address will not be published. Required fields are marked *