- ਪੰਜਾਬ ਦੀ ਸਿਹਤ ਕ੍ਰਾਂਤੀ ਨਾਲ ਗਰੀਬ ਪਰਿਵਾਰਾਂ ਤੱਕ ਪਹੁੰਚੀਆਂ ਉੱਚ ਪੱਧਰੀ ਇਲਾਜ ਸਹੂਲਤਾਂ – ਸਿਹਤ ਮੰਤਰੀ
ਪਟਿਆਲਾ, 22 ਮਈ
ਸਰਕਾਰੀ ਰਾਜਿੰਦਰਾ ਹਸਪਤਾਲ ਦੇ ਬੱਚਾ ਸਰਜਰੀ ਵਿਭਾਗ ਨੇ ਇੱਕ ਵੱਡੀ ਉਪਲਬਧੀ ਹਾਸਲ ਕਰਦਿਆਂ ਦੁਰਲੱਭ ਜਨਮਜਾਤ ਬਿਮਾਰੀ ਨਾਲ ਪੀੜਤ ਇੱਕ ਦਿਨ ਦੀ ਨਵਜੰਮੀ ਬੱਚੀ ਦੀ ਸਫਲ ਸਰਜਰੀ ਕਰਕੇ ਉਸਦੀ ਜਾਨ ਬਚਾਈ ਹੈ। ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਬੱਚੀ ਦਾ ਪੂਰਾ ਇਲਾਜ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਮੁਫ਼ਤ ਕੀਤਾ ਗਿਆ।
ਪ੍ਰੈਸ ਕਾਨਫਰੰਸ ਦੌਰਾਨ ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਆਈ ਸਿਹਤ ਕ੍ਰਾਂਤੀ ਕਾਰਨ ਸਰਕਾਰੀ ਹਸਪਤਾਲ ਲੋਕਾਂ ਨੂੰ ਘਰ ਦੇ ਨੇੜੇ ਹੀ ਨਿੱਜੀ ਹਸਪਤਾਲਾਂ ਦੇ ਬਰਾਬਰ ਅਤੇ ਕਈ ਵਾਰ ਉਸ ਤੋਂ ਵੀ ਵਧੀਆ ਇਲਾਜ ਸਹੂਲਤਾਂ ਮੁਫ਼ਤ ਪ੍ਰਦਾਨ ਕਰ ਰਹੇ ਹਨ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਸਫਲ ਸਰਜਰੀ ਰਾਜਿੰਦਰਾ ਹਸਪਤਾਲ ਵਿੱਚ ਗੰਭੀਰ ਨਵਜੰਮੇ ਸਰਜੀਕਲ ਐਮਰਜੈਂਸੀ ਮਾਮਲਿਆਂ ਨੂੰ ਸੰਭਾਲਣ ਲਈ ਬਣਾਈ ਗਈ ਮਾਹਿਰ ਬਹੁ-ਵਿਭਾਗੀ ਟੀਮ ਦੀ ਕਾਬਲੀਅਤ ਅਤੇ ਸਮਰਪਣ ਨੂੰ ਦਰਸਾਉਂਦੀ ਹੈ।
ਉਨ੍ਹਾਂ ਦੱਸਿਆ ਕਿ 20 ਅਪ੍ਰੈਲ 2026 ਦੀ ਰਾਤ ਰਾਜਿੰਦਰਾ ਹਸਪਤਾਲ ਵਿੱਚ ਇੱਕ ਵੱਡੇ ਆਪਰੇਸ਼ਨ ਰਾਹੀਂ 2 ਕਿਲੋ 100 ਗ੍ਰਾਮ ਭਾਰ ਵਾਲੀ ਬੱਚੀ ਦਾ ਜਨਮ ਹੋਇਆ। ਬੱਚੀ ਦੇ ਮਾਤਾ-ਪਿਤਾ ਕਰਨ ਕੁਮਾਰ ਅਤੇ ਨੇਹਾ ਰਾਜਪੁਰਾ ਦੇ ਰਹਿਣ ਵਾਲੇ ਹਨ। ਕਰਨ ਕੁਮਾਰ ਮੋਬਾਈਲ ਰਿਪੇਅਰ ਦਾ ਕੰਮ ਕਰਦੇ ਹਨ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਦੇ ਦੋ ਬੱਚਿਆਂ ਦੀ ਗਰਭ ਅਵਸਥਾ ਦੌਰਾਨ ਮੌਤ ਹੋ ਚੁੱਕੀ ਸੀ, ਇਸ ਕਰਕੇ ਇਹ ਬੱਚੀ ਉਨ੍ਹਾਂ ਲਈ ਬਹੁਤ ਖਾਸ ਸੀ।
watch…..Health Minister Advocates for Cultural Language Ties
ਜਨਮ ਤੋਂ ਬਾਅਦ ਡਾਕਟਰਾਂ ਨੇ ਪਾਇਆ ਕਿ ਬੱਚੀ ਦੀ ਭੋਜਨ ਨਲੀ (ਫੂਡ ਪਾਈਪ) ਦਾ ਇੱਕ ਲੰਮਾ ਹਿੱਸਾ ਬਣਿਆ ਹੀ ਨਹੀਂ ਸੀ, ਜਿਸ ਕਾਰਨ ਉਹ ਦੁੱਧ ਅਤੇ ਲਾਰ ਨੂੰ ਅੰਦਰ ਨਹੀਂ ਲੰਘਾ ਸਕਦੀ ਸੀ। ਇਸ ਨਾਲ ਉਸਨੂੰ ਛਾਤੀ ਵਿੱਚ ਇਨਫੈਕਸ਼ਨ ਅਤੇ ਜਾਨ ਨੂੰ ਖਤਰਾ ਪੈਦਾ ਹੋ ਗਿਆ ਸੀ।
ਸਿਹਤ ਮੰਤਰੀ ਨੇ ਦੱਸਿਆ ਕਿ ਬੱਚਾ ਸਰਜਰੀ ਵਿਭਾਗ ਦੇ ਡਾ. ਰਵੀ ਗਰਗ ਦੀ ਅਗਵਾਈ ਹੇਠ ਡਾ. ਤੇਗ ਰਬਾਬ ਸਿੰਘ, ਡਾ. ਸੁਕ੍ਰਿਤ ਸਿੰਘ ਸਾਹ ਅਤੇ ਐਨੇਸਥੀਸੀਆ ਵਿਭਾਗ ਦੇ ਮੁਖੀ ਡਾ. ਪ੍ਰਮੋਦ ਕੁਮਾਰ, ਡਾ. ਤ੍ਰਿਪਤ ਕੌਰ ਬਿੰਦਰਾ ਅਤੇ ਡਾ. ਸੁਮੀਤ ਸੋਨੀ ਦੀ ਟੀਮ ਨੇ ਇਹ ਜਟਿਲ ਸਰਜਰੀ ਸਫਲਤਾਪੂਰਵਕ ਕੀਤੀ।
ਡਾ. ਰਵੀ ਗਰਗ ਨੇ ਆਪਰੇਸ਼ਨ ਦੌਰਾਨ ਭੋਜਨ ਨਲੀ ਦਾ ਇੱਕ ਸਿਰਾ ਗਲੇ ਵਿੱਚ ਖੋਲ੍ਹਿਆ ਤਾਂ ਜੋ ਲਾਰ ਬਾਹਰ ਨਿਕਲ ਸਕੇ ਅਤੇ ਬੱਚੀ ਦੇ ਪੇਟ ਵਿੱਚ ਇੱਕ ਨਲੀ ਪਾਈ ਗਈ, ਜਿਸ ਰਾਹੀਂ ਉਸਨੂੰ ਦੁੱਧ ਦਿੱਤਾ ਜਾ ਸਕੇ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਜਨਮਜਾਤ ਬਿਮਾਰੀ ਲਗਭਗ ਹਰ 4500 ਨਵਜੰਮੇ ਬੱਚਿਆਂ ਵਿੱਚੋਂ ਇੱਕ ਵਿੱਚ ਪਾਈ ਜਾਂਦੀ ਹੈ ਅਤੇ ਭਾਰਤ ਵਿੱਚ ਇਸ ਤਰ੍ਹਾਂ ਦੇ ਕੇਵਲ 40 ਫੀਸਦੀ ਬੱਚੇ ਹੀ ਬਚ ਸਕਦੇ ਹਨ। ਉਨ੍ਹਾਂ ਕਿਹਾ ਕਿ ਕਈ ਸਾਲਾਂ ਬਾਅਦ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਇਸ ਤਰ੍ਹਾਂ ਦੀ ਵਿਰਲੀ ਬਿਮਾਰੀ ਦਾ ਸਫਲ ਇਲਾਜ ਕੀਤਾ ਗਿਆ ਹੈ, ਜਿਸ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਸਪਤਾਲ ਦੀ ਡਾਕਟਰੀ ਟੀਮ ਨੂੰ ਜਾਂਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਆਪਰੇਸ਼ਨ ਤੋਂ ਬਾਅਦ ਬੱਚੀ 26 ਦਿਨ ਤੱਕ ਨਿਕੂ (NICU) ਆਈਸੀਯੂ ਵਿੱਚ ਦਾਖਲ ਰਹੀ। ਇਸ ਤਰ੍ਹਾਂ ਦਾ ਇਲਾਜ ਪਟਿਆਲਾ ਤੋਂ ਇਲਾਵਾ ਸਿਰਫ਼ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਵਿੱਚ ਹੀ ਉਪਲਬਧ ਹੈ। ਜਦਕਿ ਨਿੱਜੀ ਹਸਪਤਾਲਾਂ ਵਿੱਚ ਇਸ ਇਲਾਜ ਅਤੇ NICU ਵਿੱਚ ਇੰਨੇ ਦਿਨਾਂ ਦੇ ਦਾਖਲੇ ਦਾ ਖਰਚਾ ਲਗਭਗ 12 ਤੋਂ 15 ਲੱਖ ਰੁਪਏ ਤੱਕ ਆਉਂਦਾ ਹੈ, ਪਰ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਇਹ ਸਾਰਾ ਇਲਾਜ ਮੁਫ਼ਤ ਕੀਤਾ ਗਿਆ।
ਬੱਚੀ ਦੇ ਮਾਪਿਆਂ ਨੇ ਭਾਵੁਕ ਹੋ ਕੇ ਪੰਜਾਬ ਸਰਕਾਰ, ਸਿਹਤ ਮੰਤਰੀ ਅਤੇ ਡਾਕਟਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਸਮੇਤ ਹੋਰ ਡਾਕਟਰ ਵੀ ਮੌਜੂਦ ਸਨ।




