ਨਗਰ ਕੌਂਸਲ ਚੋਣਾਂ 2026: ਪਟਿਆਲਾ ਜ਼ਿਲ੍ਹੇ ਦੇ ਚਾਰ ਸ਼ਹਿਰਾਂ ਵਿੱਚ ਨਤੀਜੇ ਐਲਾਨੇ
ਪਟਿਆਲਾ, 30 ਮਈ
ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ, ਨਾਭਾ, ਸਮਾਣਾ ਅਤੇ ਪਾਤੜਾਂ ਨਗਰ ਕੌਂਸਲਾਂ ਦੀਆਂ ਆਮ ਚੋਣਾਂ-2026 ਦੇ ਨਤੀਜੇ ਅੱਜ ਸਬੰਧਤ ਰਿਟਰਨਿੰਗ ਅਧਿਕਾਰੀਆਂ ਵੱਲੋਂ ਐਲਾਨੇ ਗਏ। 26 ਮਈ ਨੂੰ ਹੋਈ ਵੋਟਿੰਗ ਤੋਂ ਬਾਅਦ ਕਰਵਾਈ ਗਈ ਗਿਣਤੀ ਵਿੱਚ 92 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਨੇ 41 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਾਰ ਦਰਜ ਕਰਵਾਇਆ।
ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਅਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਚਾਰਾਂ ਨਗਰ ਕੌਂਸਲਾਂ ਵਿੱਚ ਕੁੱਲ 403 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਪਾਤੜਾਂ ਦੀਆਂ 4 ਵਾਰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਰਹੇ ਸਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਨਿਗਰਾਨੀ ਅਤੇ ਐਸ.ਐਸ.ਪੀ. ਵਰੁਣ ਸ਼ਰਮਾ ਦੀ ਦੇਖ-ਰੇਖ ਹੇਠ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣਾਂ ਨੂੰ ਨਿਰਪੱਖ, ਸੁਤੰਤਰ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਇਆ ਗਿਆ।
watch……ਆਪ ਸਰਕਾਰ ਦੇ 4 ਸਾਲ: ਗਾਰੰਟੀਆਂ ਪੂਰੀਆਂ, ਨਸ਼ੇ ਮੁਕਤ ਪੰਜਾਬ ਨੇੜੇ
ਨਾਭਾ ਨਗਰ ਕੌਂਸਲ (23 ਵਾਰਡ)
ਨਾਭਾ ਵਿੱਚ 99 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਸਰਕਾਰੀ ਰਿਪੁਦਮਨ ਕਾਲਜ ਵਿਖੇ ਹੋਈ ਗਿਣਤੀ ਦੌਰਾਨ:
- ਆਮ ਆਦਮੀ ਪਾਰਟੀ – 11 ਸੀਟਾਂ
- ਕਾਂਗਰਸ – 5 ਸੀਟਾਂ
- ਭਾਜਪਾ – 3 ਸੀਟਾਂ
- ਸ਼੍ਰੋਮਣੀ ਅਕਾਲੀ ਦਲ – 2 ਸੀਟਾਂ
- ਆਜ਼ਾਦ – 2 ਸੀਟਾਂ
ਪਾਤੜਾਂ ਨਗਰ ਕੌਂਸਲ (17 ਵਾਰਡ)
ਪਾਤੜਾਂ ਵਿੱਚ 61 ਉਮੀਦਵਾਰ ਮੈਦਾਨ ਵਿੱਚ ਸਨ। ਵਾਰਡ ਨੰਬਰ 1, 4, 12 ਅਤੇ 17 ਵਿੱਚ ‘ਆਪ’ ਦੇ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜਿੱਤ ਚੁੱਕੇ ਸਨ। ਅੰਤਿਮ ਨਤੀਜੇ:
- ਆਮ ਆਦਮੀ ਪਾਰਟੀ – 10 ਸੀਟਾਂ
- ਕਾਂਗਰਸ – 4 ਸੀਟਾਂ
- ਭਾਜਪਾ – 2 ਸੀਟਾਂ
- ਆਜ਼ਾਦ – 1 ਸੀਟ
ਰਾਜਪੁਰਾ ਨਗਰ ਕੌਂਸਲ (31 ਵਾਰਡ)
ਰਾਜਪੁਰਾ ਵਿੱਚ 135 ਉਮੀਦਵਾਰਾਂ ਨੇ ਚੋਣ ਲੜੀ। ਗਿਣਤੀ ਤੋਂ ਬਾਅਦ:
- ਕਾਂਗਰਸ – 9 ਸੀਟਾਂ
- ਭਾਜਪਾ – 9 ਸੀਟਾਂ
- ਆਮ ਆਦਮੀ ਪਾਰਟੀ – 7 ਸੀਟਾਂ
- ਸ਼੍ਰੋਮਣੀ ਅਕਾਲੀ ਦਲ – 4 ਸੀਟਾਂ
- ਆਜ਼ਾਦ – 2 ਸੀਟਾਂ
ਸਮਾਣਾ ਨਗਰ ਕੌਂਸਲ (21 ਵਾਰਡ)
ਸਮਾਣਾ ਵਿੱਚ 108 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਨਤੀਜੇ:
- ਆਮ ਆਦਮੀ ਪਾਰਟੀ – 13 ਸੀਟਾਂ
- ਸ਼੍ਰੋਮਣੀ ਅਕਾਲੀ ਦਲ – 3 ਸੀਟਾਂ
- ਕਾਂਗਰਸ – 2 ਸੀਟਾਂ
- ਭਾਜਪਾ – 2 ਸੀਟਾਂ
- ਆਜ਼ਾਦ – 1 ਸੀਟ
ਚੋਣ ਅਮਲੇ ਅਤੇ ਵੋਟਰਾਂ ਦਾ ਧੰਨਵਾਦ
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਦਮਨਜੀਤ ਸਿੰਘ ਮਾਨ ਨੇ ਚੋਣਾਂ ਨੂੰ ਸਫਲਤਾਪੂਰਵਕ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸਮੁੱਚੇ ਚੋਣ ਅਮਲੇ, ਉਮੀਦਵਾਰਾਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ।
ਕੁੱਲ ਨਤੀਜੇ (ਚਾਰ ਨਗਰ ਕੌਂਸਲਾਂ):
- ਆਮ ਆਦਮੀ ਪਾਰਟੀ – 41 ਸੀਟਾਂ
- ਕਾਂਗਰਸ – 20 ਸੀਟਾਂ
- ਭਾਜਪਾ – 16 ਸੀਟਾਂ
- ਸ਼੍ਰੋਮਣੀ ਅਕਾਲੀ ਦਲ – 9 ਸੀਟਾਂ
- ਆਜ਼ਾਦ – 6 ਸੀਟਾਂ
ਇਨ੍ਹਾਂ ਨਤੀਜਿਆਂ ਨਾਲ ਪਟਿਆਲਾ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਵਿੱਚ ਆਮ ਆਦਮੀ ਪਾਰਟੀ ਨੇ ਆਪਣਾ ਦਬਦਬਾ ਕਾਇਮ ਰੱਖਿਆ ਹੈ।




