Onnline TV

ਪੰਜਾਬ ਪੰਜਾਬੀ

ਪਟਿਆਲਾ ਤੇ ਬਰਨਾਲਾ ਵਿੱਚ ਬੀ.ਐਲ.ਓਜ਼ ਨਾਲ ਦੁਰਵਿਹਾਰ, ਐਫ਼ਆਈਆਰ ਦਰਜ

-ਮੁੱਖ ਚੋਣ ਅਫ਼ਸਰ ਅਨਿੰਦਿਤਾ ਮਿਤਰਾ ਨੇ ਬੀ.ਐਲ.ਓਜ਼ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਦਿੱਤੇ ਹੁਕਮ

ਚੰਡੀਗੜ੍ਹ, 7 ਜੁਲਾਈ

ਪੰਜਾਬ ਦੀ ਮੁੱਖ ਚੋਣ ਅਫ਼ਸਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਸਪੱਸ਼ਟ ਕੀਤਾ ਹੈ ਕਿ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.) ਮੁਹਿੰਮ ਦੌਰਾਨ ਡਿਊਟੀ ਨਿਭਾ ਰਹੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਨਾਲ ਕਿਸੇ ਵੀ ਤਰ੍ਹਾਂ ਦਾ ਦੁਰਵਿਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਟਿਆਲਾ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਬੀ.ਐਲ.ਓਜ਼ ਨਾਲ ਬਦਸਲੂਕੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਦਾ ਤੁਰੰਤ ਅਤੇ ਗੰਭੀਰ ਨੋਟਿਸ ਲਿਆ ਗਿਆ ਹੈ।

ਉਨ੍ਹਾਂ ਜਾਣਕਾਰੀ ਦਿੱਤੀ ਕਿ ਪਟਿਆਲਾ ਦੇ ਆਨੰਦ ਨਗਰ ਵਿੱਚ ਬੂਥ ਨੰਬਰ 113 ਦੇ ਬੀ.ਐਲ.ਓ. ‘ਤੇ ਉਸ ਵੇਲੇ ਹਮਲਾ ਕੀਤਾ ਗਿਆ, ਜਦੋਂ ਉਹ ਐਸ.ਆਈ.ਆਰ. ਪ੍ਰਕਿਰਿਆ ਤਹਿਤ ਲੋੜੀਂਦੀ ਜਾਣਕਾਰੀ ਇਕੱਠੀ ਕਰ ਰਹੇ ਸਨ। ਇਸ ਘਟਨਾ ਮਗਰੋਂ ਤ੍ਰਿਪੁੜੀ ਪੁਲਿਸ ਨੇ ਭਾਰਤੀ ਨਿਆਂ ਸੰਹਿਤਾ, 2023 ਦੀਆਂ ਧਾਰਾਵਾਂ 115(2), 351(3), 221 ਅਤੇ 132 ਅਧੀਨ ਮੁਲਜ਼ਮ ਖ਼ਿਲਾਫ਼ ਐਫ਼ਆਈਆਰ ਦਰਜ ਕਰ ਲਈ ਹੈ।

watch…..ਸਕੂਲੀ ਬੱਸਾਂ ਦੀ ਸਖ਼ਤ ਚੈਕਿੰਗ, 3 ਵਾਹਨ ਇੰਪਾਊਂਡ, 526 ਦੇ ਚਲਾਨ

ਇਸੇ ਤਰ੍ਹਾਂ ਬਰਨਾਲਾ ਦੇ ਧਨੌਲਾ ਖੇਤਰ ਵਿੱਚ ਬੂਥ ਨੰਬਰ 103 (ਅਕਾਲਗੜ੍ਹ ਕੋਠੇ) ਦੇ ਬੀ.ਐਲ.ਓ. ਨਾਲ ਵੀ ਐਸ.ਆਈ.ਆਰ. ਸਬੰਧੀ ਡਿਊਟੀ ਦੌਰਾਨ ਗਾਲੀ-ਗਲੋਚ ਅਤੇ ਹਮਲੇ ਦੀ ਘਟਨਾ ਵਾਪਰੀ। ਇਸ ਮਾਮਲੇ ਵਿੱਚ ਧਨੌਲਾ ਥਾਣੇ ਨੇ ਭਾਰਤੀ ਨਿਆਂ ਸੰਹਿਤਾ, 2023 ਦੀਆਂ ਧਾਰਾਵਾਂ 132, 221 ਅਤੇ 115(2) ਤਹਿਤ ਕੇਸ ਦਰਜ ਕੀਤਾ ਹੈ।

ਮੁੱਖ ਚੋਣ ਅਫ਼ਸਰ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਐਸ.ਆਈ.ਆਰ. ਮੁਹਿੰਮ ਦੌਰਾਨ ਸਾਰੇ ਬੀ.ਐਲ.ਓਜ਼ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਨਾਲ ਹੀ ਸੂਬੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬੀ.ਐਲ.ਓਜ਼ ਨੂੰ ਪੂਰਾ ਸਹਿਯੋਗ ਦੇਣ ਅਤੇ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ਵਿੱਚ ਆਪਣਾ ਯੋਗਦਾਨ ਪਾਉਣ, ਤਾਂ ਜੋ ਅਜਿਹੀਆਂ ਅਣਚਾਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।

LEAVE A RESPONSE

Your email address will not be published. Required fields are marked *