ਚੰਡੀਗੜ੍ਹ, 10 ਜੁਲਾਈ: ਪੰਜਾਬ ਸਰਕਾਰ ਵੱਲੋਂ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਨੂੰ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਲਈ ਚਲਾਈ ਜਾ ਰਹੀ ‘ਮੇਰੀ ਰਸੋਈ’ ਰਾਸ਼ਨ ਕਿੱਟ ਵੰਡ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਹੁਣ ਤੱਕ ਸੂਬੇ ਦੇ 25.03 ਲੱਖ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਜਾ ਚੁੱਕੀਆਂ ਹਨ, ਜਦਕਿ ਸਰਕਾਰ ਦਾ ਟੀਚਾ ਹਰ ਤਿੰਨ ਮਹੀਨੇ ਬਾਅਦ 40.48 ਲੱਖ ਯੋਗ ਪਰਿਵਾਰਾਂ ਤੱਕ ਇਹ ਸਹੂਲਤ ਪਹੁੰਚਾਉਣਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਨਿਗਰਾਨੀ ਹੇਠ ਇਹ ਮੁਹਿੰਮ ਮਿਸ਼ਨ ਮੋਡ ਵਿੱਚ ਚਲਾਈ ਜਾ ਰਹੀ ਹੈ, ਤਾਂ ਜੋ ਲੋੜਵੰਦ ਪਰਿਵਾਰਾਂ ਨੂੰ ਸਮੇਂ ਸਿਰ ਪੌਸ਼ਟਿਕ ਖੁਰਾਕ ਮਿਲ ਸਕੇ।
ਹਰ ਰਾਸ਼ਨ ਕਿੱਟ ਵਿੱਚ ਮਿਲ ਰਹੀਆਂ ਹਨ ਇਹ ਜ਼ਰੂਰੀ ਵਸਤਾਂ
ਹਰ ਯੋਗ ਪਰਿਵਾਰ ਨੂੰ ਦਿੱਤੀ ਜਾਣ ਵਾਲੀ ਰਾਸ਼ਨ ਕਿੱਟ ਵਿੱਚ:
- 2 ਕਿਲੋ ਦਾਲ
- 2 ਕਿਲੋ ਖੰਡ
- 1 ਕਿਲੋ ਨਮਕ
- 200 ਗ੍ਰਾਮ ਹਲਦੀ ਪਾਊਡਰ
- 1 ਲੀਟਰ ਸਰ੍ਹੋਂ ਦਾ ਤੇਲ
ਇਹ ਕਿੱਟਾਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (NFSA), 2013 ਤਹਿਤ ਪਹਿਲਾਂ ਤੋਂ ਮਿਲ ਰਹੀ ਕਣਕ ਤੋਂ ਇਲਾਵਾ ਦਿੱਤੀਆਂ ਜਾ ਰਹੀਆਂ ਹਨ, ਤਾਂ ਜੋ ਪਰਿਵਾਰਾਂ ਨੂੰ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਮਿਲ ਸਕੇ।
watch…..55.35 ਕਰੋੜ ਦੇ ਫਰਜ਼ੀ ਬਿਲਿੰਗ ਘੁਟਾਲੇ ਦਾ ਮਾਸਟਰਮਾਈਂਡ ਗ੍ਰਿਫ਼ਤਾਰ, 8.35 ਕਰੋੜ ਦਾ ਫਰਜ਼ੀ ITC ਬੇਨਕਾਬ
ਰਾਸ਼ਨ ਕਿੱਟਾਂ ਦੀ ਤਿਆਰੀ ਮਾਰਕਫੈੱਡ ਵੱਲੋਂ ਕੀਤੀ ਜਾਂਦੀ ਹੈ, ਜਦਕਿ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਸੂਬੇ ਭਰ ਵਿੱਚ ਇਨ੍ਹਾਂ ਦੀ ਵੰਡ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਰਾਸ਼ਨ ਕਿੱਟਾਂ ਦੀ ਵੰਡ ਵਿੱਚ ਲੁਧਿਆਣਾ ਸਭ ਤੋਂ ਅੱਗੇ
ਹੁਣ ਤੱਕ ਵੰਡੀਆਂ ਗਈਆਂ 25.03 ਲੱਖ ਰਾਸ਼ਨ ਕਿੱਟਾਂ ਵਿੱਚ:
- ਲੁਧਿਆਣਾ – 2,71,433
- ਪਟਿਆਲਾ – 1,83,694
- ਬਠਿੰਡਾ – 1,52,020
- ਅੰਮ੍ਰਿਤਸਰ – 1,44,082
- ਸੰਗਰੂਰ – 1,42,444
- ਫਾਜ਼ਿਲਕਾ – 1,39,759
- ਜਲੰਧਰ – 1,34,960
- ਸ੍ਰੀ ਮੁਕਤਸਰ ਸਾਹਿਬ – 1,30,362
- ਤਰਨਤਾਰਨ – 1,28,228
- ਹੁਸ਼ਿਆਰਪੁਰ – 1,10,962
- ਫਿਰੋਜ਼ਪੁਰ – 1,04,069
- ਗੁਰਦਾਸਪੁਰ – 1,02,695
- ਮਾਨਸਾ – 88,914
- ਮੋਗਾ – 87,984
- ਫਤਿਹਗੜ੍ਹ ਸਾਹਿਬ – 80,305
- ਸਾਹਿਬਜ਼ਾਦਾ ਅਜੀਤ ਸਿੰਘ ਨਗਰ – 75,637
- ਫਰੀਦਕੋਟ – 71,896
- ਕਪੂਰਥਲਾ – 71,785
- ਪਠਾਨਕੋਟ – 70,037
- ਬਰਨਾਲਾ – 64,950
- ਰੂਪਨਗਰ – 56,492
- ਮਾਲੇਰਕੋਟਲਾ – 47,806
- ਸ਼ਹੀਦ ਭਗਤ ਸਿੰਘ ਨਗਰ – 42,737
ਪੌਸ਼ਟਿਕ ਭੋਜਨ ਅਤੇ ਪਾਰਦਰਸ਼ੀ ਵੰਡ ‘ਤੇ ਜ਼ੋਰ
ਸਰਕਾਰ ਦਾ ਮਕਸਦ ਸਿਰਫ਼ ਅਨਾਜ ਹੀ ਨਹੀਂ, ਸਗੋਂ ਦਾਲ, ਤੇਲ ਅਤੇ ਹੋਰ ਜ਼ਰੂਰੀ ਖੁਰਾਕੀ ਸਮੱਗਰੀ ਵੀ ਲੋੜਵੰਦ ਪਰਿਵਾਰਾਂ ਦੀ ਰਸੋਈ ਤੱਕ ਪਹੁੰਚਾਉਣਾ ਹੈ, ਤਾਂ ਜੋ ਉਨ੍ਹਾਂ ਨੂੰ ਸੰਤੁਲਿਤ ਪੋਸ਼ਣ ਮਿਲ ਸਕੇ।
ਰਾਸ਼ਨ ਕਿੱਟਾਂ ਦੀ ਵੰਡ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ, ਤਾਂ ਜੋ ਪਾਰਦਰਸ਼ਤਾ, ਮਿਲਾਵਟ ‘ਤੇ ਰੋਕ ਅਤੇ ਹਰੇਕ ਯੋਗ ਪਰਿਵਾਰ ਤੱਕ ਸਮੇਂ ਸਿਰ ਡਿਲੀਵਰੀ ਯਕੀਨੀ ਬਣਾਈ ਜਾ ਸਕੇ। ਜ਼ਿਲ੍ਹਾ ਪ੍ਰਸ਼ਾਸਨ, ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਅਤੇ ਸਥਾਨਕ ਅਧਿਕਾਰੀ ਮਿਲ ਕੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਤਾਲਮੇਲ ਨਾਲ ਕੰਮ ਕਰ ਰਹੇ ਹਨ।
ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਹ ਯੋਜਨਾ ਇਸ ਵਚਨਬੱਧਤਾ ਦਾ ਪ੍ਰਤੀਕ ਹੈ ਕਿ ਕੋਈ ਵੀ ਯੋਗ ਪਰਿਵਾਰ ਭੋਜਨ ਸੁਰੱਖਿਆ ਤੋਂ ਵਾਂਝਾ ਨਾ ਰਹੇ, ਅਤੇ ਕਣਕ ਦੇ ਨਾਲ-ਨਾਲ ਪੌਸ਼ਟਿਕ ਰਾਸ਼ਨ ਕਿੱਟਾਂ ਮੁਹੱਈਆ ਕਰਵਾ ਕੇ ਭੁੱਖਮਰੀ ਅਤੇ ਕੁਪੋਸ਼ਣ ਦੋਵਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਰਿਹਾ ਹੈ।




