ਚੰਡੀਗੜ੍ਹ, 10 ਜੁਲਾਈ: ਪੰਜਾਬ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਆਪਣਾ ਜਿੱਤ ਦਾ ਸਿਲਸਿਲਾ ਜਾਰੀ ਰੱਖਦਿਆਂ ਅਬੋਹਰ ਨਗਰ ਨਿਗਮ ਅਤੇ ਮੋਰਿੰਡਾ ਨਗਰ ਕੌਂਸਲ ਵਿੱਚ ਮੇਅਰ, ਪ੍ਰਧਾਨ ਅਤੇ ਹੋਰ ਸਾਰੇ ਅਹਿਮ ਅਹੁਦਿਆਂ ’ਤੇ ਜਿੱਤ ਦਰਜ ਕੀਤੀ ਹੈ।
ਅਬੋਹਰ ਨਗਰ ਨਿਗਮ ਵਿੱਚ ਗਣੇਸ਼ ਕੁਮਾਰ ਸਬਲਾਨੀਆ ਨੂੰ ਮੇਅਰ, ਰੇਸ਼ਮਾ ਬਾਈ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਕਿਰਨ ਨੂੰ ਡਿਪਟੀ ਮੇਅਰ ਚੁਣਿਆ ਗਿਆ। 50 ਮੈਂਬਰੀ ਨਿਗਮ ਵਿੱਚ ‘ਆਪ’ ਨੂੰ 27 ਕੌਂਸਲਰਾਂ ਦਾ ਸਮਰਥਨ ਮਿਲਿਆ, ਜਿਸ ਨਾਲ ਪਾਰਟੀ ਨੇ ਸਪੱਸ਼ਟ ਬਹੁਮਤ ਹਾਸਲ ਕੀਤਾ।
watch….‘ਮੇਰੀ ਰਸੋਈ’ ਮੁਹਿੰਮ ਨੂੰ ਮਿਲੀ ਰਫ਼ਤਾਰ, 25.03 ਲੱਖ ਪਰਿਵਾਰਾਂ ਤੱਕ ਪਹੁੰਚੀਆਂ ਪੌਸ਼ਟਿਕ ਰਾਸ਼ਨ ਕਿੱਟਾਂ
ਇਸੇ ਤਰ੍ਹਾਂ ਮੋਰਿੰਡਾ ਨਗਰ ਕੌਂਸਲ ਵਿੱਚ ਜਗਪਾਲ ਸਿੰਘ ਜੌਲੀ ਨੂੰ ਪ੍ਰਧਾਨ, ਦਲਜੀਤ ਕੌਰ ਭਿੱਚਰਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਹਰਜਿੰਦਰ ਸਿੰਘ ਚਿੱਬਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਜਿੱਤ ਨਾਲ ‘ਆਪ’ ਨੇ ਕੌਂਸਲ ਦੇ ਸਾਰੇ ਅਹਿਮ ਅਹੁਦਿਆਂ ’ਤੇ ਆਪਣਾ ਕਬਜ਼ਾ ਮਜ਼ਬੂਤ ਕੀਤਾ।
ਚੋਣ ਨਤੀਜਿਆਂ ਤੋਂ ਬਾਅਦ ਪ੍ਰਧਾਨ ਚੁਣੇ ਗਏ ਜਗਪਾਲ ਸਿੰਘ ਜੌਲੀ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੌਂਸਲਰਾਂ ਸਬੰਧੀ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸਾਰੇ ਕੌਂਸਲਰਾਂ ਨੇ ਆਪਣੀ ਮਰਜ਼ੀ ਨਾਲ ਅਤੇ ਬਿਨਾਂ ਕਿਸੇ ਦਬਾਅ ਦੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ ਹੈ।
ਉਨ੍ਹਾਂ ਕਿਹਾ ਕਿ ਕੌਂਸਲਰਾਂ ਨੇ ਸੁਤੰਤਰ ਤੌਰ ’ਤੇ ‘ਆਪ’ ਦੇ ਉਮੀਦਵਾਰਾਂ ਦਾ ਸਮਰਥਨ ਕੀਤਾ ਹੈ ਅਤੇ ਝੂਠੀ ਬਿਆਨਬਾਜ਼ੀ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਵੇਗੀ।
ਆਮ ਆਦਮੀ ਪਾਰਟੀ ਨੇ ਨਵੇਂ ਚੁਣੇ ਗਏ ਮੇਅਰ, ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਭਰੋਸਾ ਜਤਾਇਆ ਕਿ ਉਹ ਪਾਰਦਰਸ਼ੀ, ਇਮਾਨਦਾਰ ਅਤੇ ਜਵਾਬਦੇਹ ਪ੍ਰਸ਼ਾਸਨ ਰਾਹੀਂ ਅਬੋਹਰ ਅਤੇ ਮੋਰਿੰਡਾ ਵਿੱਚ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕਰਨਗੇ ਅਤੇ ਲੋਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਰਹਿਣਗੇ।




