ਪਟਿਆਲਾ, 15 ਜੁਲਾਈ
ਪੰਜਾਬ ਸਰਕਾਰ ਅਤੇ ਵਿਰਾਸਤ ਸੇਵਾ ਸੰਗਠਨ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੱਜ ਪਟਿਆਲਾ ਦੇ ਮਾਡਲ ਟਾਊਨ ਤੋਂ ਸ਼ਰਧਾਲੂਆਂ ਦਾ ਜੱਥਾ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਰਵਾਨਾ ਕੀਤਾ ਗਿਆ।
ਇਸ ਮੌਕੇ ਵਿਰਾਸਤ ਸੇਵਾ ਸੰਗਠਨ ਪਟਿਆਲਾ ਦੇ ਕੋਆਰਡੀਨੇਟਰ ਹਰਮਿੰਦਰ ਪਾਲ ਸਿੰਘ ਵਿੰਟੀ ਸਭਰਵਾਲ, ਕੌਂਸਲਰ ਗੁਰਜੀਤ ਸਿੰਘ ਸਾਹਨੀ, ਸੂਬਾ ਜਨਰਲ ਸਕੱਤਰ ਮੋਨਿਕਾ ਸ਼ਰਮਾ, ਬਲਾਕ ਪ੍ਰਧਾਨ ਰਾਜਿੰਦਰ ਮੋਹਨ ਅਤੇ ਹੋਰ ਆਗੂ ਵੀ ਹਾਜ਼ਰ ਸਨ।
ਯਾਤਰਾ ‘ਤੇ ਰਵਾਨਾ ਹੋ ਰਹੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸ਼ਰਧਾਲੂਆਂ ਨੇ ਇਸ ਵਿਸ਼ੇਸ਼ ਉਪਰਾਲੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਇੰਚਾਰਜ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਧੰਨਵਾਦ ਕੀਤਾ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਇਹ ਤਿੰਨ ਦਿਨਾਂ ਦੀ ਤੀਰਥ ਯਾਤਰਾ ਹੈ, ਜਿਸ ਦੌਰਾਨ ਸ਼ਰਧਾਲੂਆਂ ਲਈ ਉੱਚ ਪੱਧਰੀ ਹੋਟਲਾਂ ਵਿੱਚ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਯਾਤਰਾ ਦੌਰਾਨ ਸ਼ਰਧਾਲੂ ਜਲਿਆਂਵਾਲਾ ਬਾਗ, ਰਾਮ ਤੀਰਥ ਮੰਦਰ, ਦੁਰਗਿਆਣਾ ਮੰਦਰ ਅਤੇ ਵਾਹਗਾ ਬਾਰਡਰ ਸਮੇਤ ਕਈ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਚੁੱਕਿਆ ਜਾ ਰਿਹਾ ਹੈ ਅਤੇ ਕਿਸੇ ਵੀ ਸ਼ਰਧਾਲੂ ਤੋਂ ਕੋਈ ਫੀਸ ਨਹੀਂ ਲਈ ਜਾਂਦੀ। ਉਨ੍ਹਾਂ ਕਿਹਾ ਕਿ ਹੁਣ ਤੱਕ ਹਜ਼ਾਰਾਂ ਸ਼ਰਧਾਲੂ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ, ਜਦਕਿ ਹੋਰ ਵੱਡੀ ਗਿਣਤੀ ਵਿੱਚ ਲੋਕ ਇਸ ਯਾਤਰਾ ਵਿੱਚ ਸ਼ਾਮਲ ਹੋਣ ਲਈ ਆਪਣੇ-ਆਪਣੇ ਇਲਾਕਿਆਂ ਦੇ ਨੁਮਾਇੰਦਿਆਂ ਨਾਲ ਸੰਪਰਕ ਕਰ ਰਹੇ ਹਨ।
watch…..ਸੁਰੱਖਿਅਤ ਖੂਨ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਿਹਤ ਵਿਭਾਗ ਸਰਗਰਮ
ਵਿਧਾਇਕ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਯੋਜਨਾ ਧਾਰਮਿਕ ਆਸਥਾ ਨਾਲ ਜੁੜੇ ਲੋਕਾਂ ਲਈ ਇੱਕ ਮਹੱਤਵਪੂਰਨ ਉਪਰਾਲਾ ਹੈ। ਇਸ ਰਾਹੀਂ ਸ਼ਰਧਾਲੂਆਂ ਨੂੰ ਵੱਖ-ਵੱਖ ਪਵਿੱਤਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਅਤੇ ਲੋਕ ਭਲਾਈ ਦੀਆਂ ਯੋਜਨਾਵਾਂ ਨੂੰ ਲਗਾਤਾਰ ਅਮਲ ਵਿੱਚ ਲਿਆ ਰਹੀ ਹੈ।
ਯਾਤਰਾ ‘ਤੇ ਰਵਾਨਾ ਹੋ ਰਹੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਵਿਧਾਇਕ ਕੋਹਲੀ ਨੇ ਉਨ੍ਹਾਂ ਦੀ ਸੁਖਦ, ਸੁਰੱਖਿਅਤ ਅਤੇ ਮੰਗਲਮਈ ਯਾਤਰਾ ਦੀ ਕਾਮਨਾ ਕੀਤੀ। ਸ਼ਰਧਾਲੂਆਂ ਨੇ ਵੀ ਪੰਜਾਬ ਸਰਕਾਰ ਅਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਧੰਨਵਾਦ ਕਰਦਿਆਂ ਇਸ ਲੋਕ-ਹਿਤੈਸ਼ੀ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।




