Homeਪੰਜਾਬੀਪੰਜਾਬਹੜਤਾਲ ਖਤਮ, ਲੋਕਾਂ ਨੂੰ ਵੱਡੀ ਰਾਹਤ; ਪੀ.ਐੱਸ.ਪੀ.ਸੀ.ਐੱਲ. ਤੇ ਏ.ਏ.ਸੀ. ਸਟਾਫ਼ ਡਿਊਟੀ 'ਤੇ...

ਹੜਤਾਲ ਖਤਮ, ਲੋਕਾਂ ਨੂੰ ਵੱਡੀ ਰਾਹਤ; ਪੀ.ਐੱਸ.ਪੀ.ਸੀ.ਐੱਲ. ਤੇ ਏ.ਏ.ਸੀ. ਸਟਾਫ਼ ਡਿਊਟੀ ‘ਤੇ ਪਰਤੇ

- Advertisement -spot_img

ਚੰਡੀਗੜ੍ਹ, 28 ਜੁਲਾਈ 
ਪੰਜਾਬ ਦੇ ਵਿੱਤ ਮੰਤਰੀ ਅਤੇ ਮੁਲਾਜ਼ਮਾਂ ਦੇ ਮੁੱਦਿਆਂ ਤੇ ਮੰਗਾਂ ਸਬੰਧੀ ਗਠਿਤ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਦੀਆਂ 16 ਯੂਨੀਅਨਾਂ ਅਤੇ ਆਮ ਆਦਮੀ ਕਲੀਨਿਕ (ਏ.ਏ.ਸੀ.) ਸਟਾਫ਼ ਯੂਨੀਅਨ ਨੇ ਆਪਣੀ ਹੜਤਾਲ ਵਾਪਸ ਲੈ ਲਈ ਹੈ ਅਤੇ ਮੁਲਾਜ਼ਮ ਮੁੜ ਡਿਊਟੀ ‘ਤੇ ਪਰਤ ਆਏ ਹਨ।

ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਦੌਰਾਨ ਸਰਕਾਰ ਅਤੇ ਯੂਨੀਅਨਾਂ ਵਿਚਾਲੇ ਹੋਈਆਂ ਵਿਸਥਾਰਪੂਰਵਕ ਗੱਲਬਾਤਾਂ ਦੌਰਾਨ ਕਈ ਅਹਿਮ ਮੰਗਾਂ ਦਾ ਹੱਲ ਕੱਢਿਆ ਗਿਆ। ਸਿਹਤ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਮੰਨਣ ਦੇ ਨਾਲ-ਨਾਲ ਬਿਜਲੀ ਖੇਤਰ ਦੇ ਕਰਮਚਾਰੀਆਂ ਦੇ ਵਿੱਤੀ ਮਾਮਲਿਆਂ ਦੇ ਨਿਪਟਾਰੇ ਲਈ ਇੱਕ ਵਿਸ਼ੇਸ਼ ਵਿੱਤੀ ਕਮੇਟੀ ਬਣਾਉਣ ‘ਤੇ ਵੀ ਸਹਿਮਤੀ ਬਣੀ।

ਵਿੱਤ ਮੰਤਰੀ ਨੇ ਦੱਸਿਆ ਕਿ ਪਟਿਆਲਾ ਸਥਿਤ ਪੀ.ਐੱਸ.ਪੀ.ਸੀ.ਐੱਲ. ਹੈੱਡ ਆਫਿਸ ਵਿੱਚ ਉਨ੍ਹਾਂ ਦੀ ਅਗਵਾਈ ਹੇਠ ਪੰਜ ਘੰਟੇ ਤੱਕ ਚੱਲੀ ਮੀਟਿੰਗ ਅਤੇ ਬਾਅਦ ਵਿੱਚ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਅਤੇ ਪੀ.ਐੱਸ.ਪੀ.ਸੀ.ਐੱਲ. ਦੇ ਸੀ.ਐੱਮ.ਡੀ. ਨਾਲ ਦੇਰ ਰਾਤ ਤੱਕ ਹੋਈਆਂ ਚਰਚਾਵਾਂ ਤੋਂ ਬਾਅਦ ਬਿਜਲੀ ਵਿਭਾਗ ਦੀਆਂ ਸਾਰੀਆਂ 16 ਯੂਨੀਅਨਾਂ ਨਾਲ ਸਹਿਮਤੀ ਬਣ ਗਈ।

watch…..Punjab Strengthens Fisheries Sector with Five New Appointments

ਉਨ੍ਹਾਂ ਕਿਹਾ ਕਿ ਟੈਕਨੀਕਲ ਸਰਵਿਸਿਜ਼ ਯੂਨੀਅਨ, ਪੀ.ਐੱਸ.ਈ.ਬੀ. ਇੰਪਲਾਇਜ਼ ਫੈਡਰੇਸ਼ਨ, ਮਿਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼, ਥਰਮਲ ਇੰਪਲਾਇਜ਼ ਕੋਆਰਡੀਨੇਸ਼ਨ ਕਮੇਟੀ, ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ, ਵਰਕਰ ਫੈਡਰੇਸ਼ਨ ਆਈ.ਐੱਨ.ਟੀ.ਯੂ.ਸੀ., ਗ੍ਰਿਡ ਸਬ-ਸਟੇਸ਼ਨ ਇੰਪਲਾਇਜ਼ ਯੂਨੀਅਨ, ਪਾਵਰਕਾਮ ਅਤੇ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਸਮੇਤ ਸਾਰੀਆਂ ਯੂਨੀਅਨਾਂ ਨੇ ਕੰਮਕਾਜ ਮੁੜ ਆਮ ਵਾਂਗ ਸ਼ੁਰੂ ਕਰਨ ਲਈ ਸਹਿਮਤੀ ਜਤਾਈ ਹੈ।

ਚੀਮਾ ਨੇ ਦੱਸਿਆ ਕਿ ਯੂਨੀਅਨਾਂ ਦੀਆਂ ਵਿੱਤੀ ਮੰਗਾਂ ‘ਤੇ ਵਿਚਾਰ ਕਰਨ ਲਈ ਬਣਾਈ ਗਈ ਵਿਸ਼ੇਸ਼ ਵਿੱਤੀ ਕਮੇਟੀ ਆਪਣੀ ਅੰਤਿਮ ਰਿਪੋਰਟ 15 ਅਗਸਤ ਤੱਕ ਸਰਕਾਰ ਨੂੰ ਸੌਂਪੇਗੀ।

ਆਮ ਆਦਮੀ ਕਲੀਨਿਕਾਂ ਦੇ ਸਟਾਫ਼ ਸਬੰਧੀ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਯੂਨੀਅਨ ਦੇ ਨੁਮਾਇੰਦਿਆਂ ਅਤੇ ਨੈਸ਼ਨਲ ਹੈਲਥ ਮਿਸ਼ਨ (ਐੱਨ.ਐੱਚ.ਐੱਮ.) ਦੇ ਮੈਨੇਜਿੰਗ ਡਾਇਰੈਕਟਰ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਇਹ ਮਾਮਲਾ ਵੀ ਸੁਲਝ ਗਿਆ ਹੈ। ਸਰਕਾਰ ਨੇ ਰੈਗੂਲਰ ਭਰਤੀਆਂ ਦੌਰਾਨ ਏ.ਏ.ਸੀ. ਕਰਮਚਾਰੀਆਂ ਦੇ ਸੇਵਾ ਤਜਰਬੇ ਨੂੰ ਮਾਨਤਾ ਦੇਣ ਦੀ ਮੁੱਖ ਮੰਗ ਸਵੀਕਾਰ ਕਰ ਲਈ ਹੈ, ਜਦਕਿ ਹੋਰ ਪ੍ਰਸ਼ਾਸਕੀ ਮੰਗਾਂ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਸਫਾਈ ਅਤੇ ਸੀਵਰੇਜ ਬੋਰਡ ਦੇ ਕਰਮਚਾਰੀਆਂ ਨਾਲ ਸਬੰਧਤ ਮਸਲਾ ਵੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਹੋਈ ਗੱਲਬਾਤ ਤੋਂ ਬਾਅਦ ਹੱਲ ਹੋ ਗਿਆ ਹੈ ਅਤੇ ਪ੍ਰਮੁੱਖ ਯੂਨੀਅਨਾਂ ਨੇ ਆਪਣਾ ਹੜਤਾਲ ਦਾ ਸੱਦਾ ਵਾਪਸ ਲੈ ਲਿਆ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਊਟਸੋਰਸ ਮੁਲਾਜ਼ਮਾਂ ਨੂੰ ਠੇਕੇ ‘ਤੇ ਲਿਆਉਣ ਲਈ ਸਰਕਾਰ ਵੱਲੋਂ ਇੱਕ ਆਰਡੀਨੈਂਸ ਰਾਜਪਾਲ ਕੋਲ ਭੇਜਿਆ ਗਿਆ ਹੈ, ਜਿਸ ਨਾਲ ਹਜ਼ਾਰਾਂ ਕਰਮਚਾਰੀਆਂ ਨੂੰ ਵਧੇਰੇ ਨੌਕਰੀ ਸੁਰੱਖਿਆ ਅਤੇ ਬਿਹਤਰ ਸੇਵਾ ਸ਼ਰਤਾਂ ਮਿਲਣ ਦਾ ਰਾਹ ਪੱਧਰਾ ਹੋਵੇਗਾ।

ਉਨ੍ਹਾਂ ਕਿਹਾ ਕਿ ਬਿਜਲੀ ਅਤੇ ਸਿਹਤ ਸੇਵਾਵਾਂ ਪੂਰੀ ਤਰ੍ਹਾਂ ਬਹਾਲ ਹੋ ਚੁੱਕੀਆਂ ਹਨ ਅਤੇ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਨਿਰਵਿਘਨ ਜਨਤਕ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਕਰਮਚਾਰੀਆਂ ਦੀ ਭਲਾਈ ਲਈ ਵੀ ਪੂਰੀ ਤਰ੍ਹਾਂ ਵਚਨਬੱਧ ਹੈ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here